Punjab Congress Clash: ਬਘੇਲ ਤੇ ਵੜਿੰਗ ਦੇ ਸਾਹਮਣੇ ਕਾਂਗਰਸੀ ਆਗੂ ਧੱਕਾਮੁੱਕੀ
Congress Leaders Clash: ਸਾਬਕਾ ਵਿਧਾਇਕ Jassi Khangura ਦੇ ਸਟੇਜ ’ਤੇ ਚੜ੍ਹਨ ’ਤੇ ਹੰਗਾਮਾ; ਭਾਜਪਾ ਪੂਰੇ ਮੁਲਕ ਵਿਚ ਸਿਆਸੀ ਪਾਰਟੀਆਂ ਨੂੰ ਤੋੜ ਕੇ ਖਤਮ ਕਰ ਰਹੀ ਹੈ: Bhupesh Baghel
Punjab Congress Clash: ਕਾਂਗਰਸ ਪਾਰਟੀ ਵੱਲੋਂ ਸ਼ੁਰੂ ਕੀਤੀ ‘ਹਰ ਬੂਥ-ਕਾਂਗਰਸ ਮਜ਼ਬੂਤ’ ਮਹਿੰਮ ਤਹਿਤ ਅੱਜ ਜ਼ਿਲ੍ਹਾ ਕਾਂਗਰਸ ਪ੍ਰਧਾਨ ਨਿਸ਼ਾਤ ਅਖਤਰ ਦੀ ਅਗਵਾਈ ਹੇਠ ਮਾਲੇਰਕੋਟਲਾ ਦੇ ਹਿਨਾ ਹਵੇਲੀ ਪੈਲੇਸ ਵਿੱਚ ਕਾਂਗਰਸ ਰੈਲੀ ਕੀਤੀ ਗਈ। ਇਸ ਦੌਰਾਨ ਸਟੇਜ ’ਤੇ ਚੜ੍ਹਨ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਆਗੂ ਧੱਕਾਮੁੱਕੀ ਹੋਏ। ਰੈਲੀ ਵਿਚ ਏਆਈਸੀਸੀ ਦੇ ਜਨਰਲ ਸਕੱਤਰ ਤੇ ਪੰਜਾਬ ਕਾਂਗਰਸ ਇੰਚਾਰਜ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਅਤੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਮੇਤ ਪੰਜਾਬ ਦੇ ਪ੍ਰਮੁੱਖ ਕਾਂਗਰਸੀ ਆਗੂ ਸ਼ਾਮਲ ਹੋਏ। ਇਸ ਮੌਕੇ ਭੁਪੇਸ਼ ਬਘੇਲ ਨੇ ਕਿਹਾ ਕਿ ਭਾਜਪਾ ਪੂਰੇ ਮੁਲਕ ਵਿਚ ਸਿਆਸੀ ਪਾਰਟੀਆਂ ਨੂੰ ਤੋੜ ਕੇ ਖਤਮ ਕਰ ਰਹੀ ਹੈ।
ਇਸ ਦੌਰਾਨ ਸਾਬਕਾ ਵਿਧਾਇਕ ਜੱਸੀ ਖੰਗੂੜਾ ਨੂੰ ਰੈਲੀ ਦੇ ਪ੍ਰਬੰਧਕਾਂ ਵੱਲੋਂ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਾਲ ਹੀ ਮੁੱਖ ਸਟੇਜ ’ਤੇ ਚੜ੍ਹਨ ਤੋਂ ਰੋਕ ਦਿੱਤਾ ਗਿਆ। ਜੱਸੀ ਖੰਗੂੜਾ ਦਾ ਮੁੱਖ ਮੰਚ ’ਤੇ ਵਿਰੋਧ ਕਰਦਿਆਂ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਮੁਹੰਮਦ ਸ਼ਕੀਲ ਅਤੇ ਟੈਂਪੂ ਯੂਨੀਅਨ ਦੇ ਸਾਬਕਾ ਪ੍ਰਧਾਨ ਯਾਸ਼ੀਨ ਘੁੱਗੀ ਆਦਿ ਆਗੂਆਂ ਨੇ ਕਿਹਾ ਕਿ ਜ਼ਿਲ੍ਹਾ ਪ੍ਰਧਾਨ ਬੀਬਾ ਨਿਸ਼ਾਤ ਅਖਤਰ ਦੇ ਪਰਿਵਾਰ ਖਿਲਾਫ ਕਥਿਤ ਘਟੀਆ ਬਿਆਨਬਾਜ਼ੀ ਕਰਨ ਵਾਲੇ ਅਜਿਹੇ ਵਿਅਕਤੀ ਲਈ ਸਟੇਜ ਉਪਰ ਕੋਈ ਜਗ੍ਹਾ ਨਹੀਂ ਹੋ ਸਕਦੀ। ਇਸ ਮੌਕੇ ਵਰਕਰਾਂ ਦਰਮਿਆਨ ਹੋਈ ਖਿੱਚ ਧੂਹ ਨੂੰ ਠੱਲ੍ਹਣ ਲਈ ਪੁਲੀਸ ਨੂੰ ਵੀ ਦਖਲ ਦੇਣਾ ਪਿਆ।
ਕਾਂਗਰਸੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਸਾਬਕਾ ਮੁੱਖ ਮੰਤਰੀ ਭੂਪੇਸ਼ ਬਘੇਲ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਮੋਦੀ ਸਰਕਾਰ ਦੀ ਤਾਨਾਸ਼ਾਹੀ ਖਿਲ਼ਾਫ ਦੇਸ਼ ਦੀ ਜਨਤਾ ਖੜ੍ਹੀ ਹੋ ਗਈ ਹੈ।
ਕਾਂਗਰਸ ਪਾਰਟੀ ਅੰਦਰ ਬੈਠੇ ‘ਸਲੀਪਰ ਸੈੱਲਾਂ’ ਸਬੰਧੀ ਸ੍ਰੀ ਬਘੇਲ ਨੇ ਸਪੱਸ਼ਟ ਕਿਹਾ ਕਿ ਅਜਿਹੇ ਸੈੱਲ ਹਰ ਜਗ੍ਹਾ ਮੌਜੂਦ ਹਨ ਅਤੇ ਇਨ੍ਹਾਂ ‘ਸਲੀਪਰ ਸੈੱਲਾਂ’ ਦੀ ਪਛਾਣ ਕਰਕੇ ਪਾਰਟੀ ਵਿਚੋਂ ਬਾਹਰ ਦਾ ਰਸਤਾ ਵਿਖਾਇਆ ਜਾਵੇਗਾ।
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਤੋਂ ਇੱਕ ਮਹੀਨੇ ਅੰਦਰ ਪੰਜਾਬ ਵਿਚੋਂ ਗੈਂਗਸਟਰਵਾਦ ਨੂੰ ਜੜੋਂ ਖਤਮ ਕਰ ਦਿੱਤਾ ਜਾਵੇਗਾ। ਉਨ੍ਹਾਂ ਕੇਂਦਰੀ ਭਾਜਪਾ ਸਰਕਾਰ ਉਪਰ ਦੋਸ਼ ਲਾਇਆ ਕਿ ਭਾਜਪਾ ਸਰਕਾਰ ਇਕੋ ਇਕ ਅਜਿਹੀ ਸਰਕਾਰ ਹੈ ਜਿਸ ਨੇ ਗੈਂਗਸਟਰਾਂ ਨੂੰ ਬਚਾਉਣ ਲਈ ਕਾਨੂੰਨ ਬਣਾ ਦਿੱਤਾ ਅਤੇ ਇਸੇ ਕਾਨੂੰਨ ਤਹਿਤ ਅੱਜ ਕੋਈ ਵੀ ਜਾਂਚ ਏਜੰਸੀ ਸਿੱਧੂ ਮੂਸੇਵਾਲਾ ਦੇ ਕਾਤਲ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਅਹਿਮਦਾਬਾਦ ਦੀ ਜੇਲ੍ਹ ਵਿਚੋਂ ਪੁੱਛਗਿੱਛ ਲਈ ਹੋਰ ਕਿਧਰੇ ਲੈ ਕੇ ਨਹੀਂ ਜਾ ਸਕਦੀ।
ਜੱਸੀ ਖੰਗੂੜਾ ਮੰਚ ’ਤੇ, ਰਾਜਾ ਵੜਿੰਗ ਫਰਸ਼ ’ਤੇ
ਜਦੋਂ ਜੱਸੀ ਖੰਗੂੜਾ ਨੂੰ ਸਟੇਜ ’ਤੇ ਚੜ੍ਹਨ ਤੋਂ ਰੋਕਿਆ ਗਿਆ ਤਾਂ ਹੰਗਾਮਾ ਹੋ ਗਿਆ। ਕਾਂਗਰਸੀ ਵਰਕਰਾਂ ਦਰਮਿਆਨ ਤਲਖੀ ਨੂੰ ਵੇਖਦਿਆਂ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਖੁਦ ਸਟੇਜ ਤੋਂ ਹੇਠਾਂ ਆਏ ਅਤੇ ਵਰਕਰਾਂ ਨੂੰ ਸ਼ਾਂਤ ਕਰਕੇ ਉਨ੍ਹਾਂ ਨਾਲ ਫਰਸ਼ ’ਤੇ ਹੀ ਬੈਠ ਗਏ। ਉਸ ਵੇਲੇ ਤੱਕ ਜੱਸੀ ਖੰਗੂੜਾ ਸਟੇਜ ਉਪਰ ਕੁਰਸੀ ਮੱਲ ਚੁੱਕੇ ਸਨ। ਰਾਜਾ ਵੜਿੰਗ ਸਾਰੇ ਪ੍ਰੋਗਰਾਮ ਦੌਰਾਨ ਵਰਕਰਾਂ ਦੇ ਨਾਲ ਫਰਸ਼ ’ਤੇ ਬੈਠੇ ਰਹੇ ਅਤੇ ਸੰਬੋਧਨ ਕਰਨ ਤੋਂ ਬਾਅਦ ਵੀ ਉਹ ਵਾਪਸ ਹੇਠਾਂ ਫਰਸ਼ ’ਤੇ ਹੀ ਆ ਬੈਠੇ।

