Punjab Canal Water Crisis: ਕਾਂਗਰਸੀ ਆਗੂ ਦੁਰਲੱਭ ਸਿੰਘ ਵੱਲੋਂ ਨਹਿਰੀ ਪਾਣੀ ਦੀ ਸਥਿਤੀ ਦਾ ਜਾਇਜ਼ਾ
‘ਆਪ’ ਸਰਕਾਰ ’ਤੇ ਝੂਠੇ ਦਾਅਵੇ ਕਰਨ ਦੇ ਦੋਸ਼; ਟੇਲਾਂ ਤੱਕ ਤੁਰੰਤ ਪਾਣੀ ਪਹੁੰਚਾਉਣ ਦੀ ਮੰਗ
ਹਲਕਾ ਲਹਿਰਾ ਤੋਂ ਕਾਂਗਰਸ ਆਗੂ ਦੁਰਲੱਭ ਸਿੰਘ ਨੇ ਪਿੰਡ ਦੇਹਲਾ ਤੋਂ ਗੋਵਿੰਦਪੁਰਾ ਪਪੜਾ ਤੱਕ ਸੂਏ ਦਾ ਪੈਦਲ ਦੌਰਾ ਕਰ ਕੇ ਨਹਿਰੀ ਪਾਣੀ ਦੀ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਦੇ ਦਾਅਵਿਆਂ ਦੇ ਉਲਟ ਟੇਲਾਂ ਤੱਕ ਪਾਣੀ ਨਹੀਂ ਪਹੁੰਚ ਰਿਹਾ। ਮੋਗੇ ਦਾ ਆਕਾਰ ਘਟਾਉਣ ਕਾਰਨ ਪਾਣੀ ਦੀ ਮਾਤਰਾ ਘਟੀ ਹੈ, ਜਿਸ ਕਾਰਨ ਗੋਵਿੰਦਪੁਰਾ ਪਪੜਾ ਦੇ ਖੇਤਾਂ ਵਿੱਚ ਸਾਲ ਭਰ ਤੋਂ ਪਾਣੀ ਦੀ ਇੱਕ ਬੂੰਦ ਵੀ ਨਹੀਂ ਪਹੁੰਚੀ।
ਝੋਨੇ ਦੀ ਲਵਾਈ ਦਾ ਸੀਜ਼ਨ ਹੋਣ ਦੇ ਬਾਵਜੂਦ ਪਾਣੀ ਦੀ ਕਿੱਲਤ ਕਾਰਨ ਕਿਸਾਨ ਮਹਿੰਗੇ ਡੀਜ਼ਲ ਅਤੇ ਟਿਊਬਵੈੱਲਾਂ ’ਤੇ ਨਿਰਭਰ ਹਨ। ਹੈਰਾਨੀ ਦੀ ਗੱਲ ਹੈ ਕਿ ਇਹ ਪਿੰਡ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਦੇ ਆਪਣੇ ਹਲਕੇ ਵਿੱਚ ਆਉਂਦਾ ਹੈ। ਦੁਰਲੱਭ ਸਿੰਘ ਨੇ ‘ਆਪ’ ਸਰਕਾਰ ਖ਼ਿਲਾਫ਼ ਇਸ਼ਤਿਹਾਰਾਂ ਰਾਹੀਂ ਝੂਠਾ ਪ੍ਰਚਾਰ ਕਰਨ ਦਾ ਦੋਸ਼ ਲਾਉਂਦਿਆਂ ਮੋਘੇ ਦੀ ਤਕਨੀਕੀ ਜਾਂਚ ਅਤੇ ਟੇਲਾਂ ਤੱਕ ਤੁਰੰਤ ਪਾਣੀ ਪਹੁੰਚਾਉਣ ਦੀ ਮੰਗ ਕੀਤੀ ਹੈ।
ਦੁਰਲੱਭ ਸਿੰਘ ਨੇ ਕਿਹਾ ਕਿ 10 ਜੂਨ ਤੋਂ ਝੋਨੇ ਦੀ ਲਵਾਈ ਦਾ ਸਮਾਂ ਸ਼ੁਰੂ ਹੋ ਚੁੱਕਾ ਹੈ ਪਰ ਨਹਿਰੀ ਪਾਣੀ ਦੀ ਘਾਟ ਕਾਰਨ ਕਈ ਕਿਸਾਨ ਅਜੇ ਤੱਕ ਝੋਨਾ ਨਹੀਂ ਲਗਾ ਸਕੇ। ਇਸ ਕਾਰਨ ਕਿਸਾਨਾਂ ਨੂੰ ਡੀਜ਼ਲ ਇੰਜਣਾਂ ਅਤੇ ਟਿਊਬਵੈੱਲਾਂ ਰਾਹੀਂ ਮਹਿੰਗੀ ਸਿੰਚਾਈ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ, ਜਿਸ ਨਾਲ ਉਨ੍ਹਾਂ ਦੀ ਲਾਗਤ ਵਿੱਚ ਭਾਰੀ ਵਾਧਾ ਹੋ ਰਿਹਾ ਹੈ।
ਦੁਰਲੱਭ ਸਿੰਘ ਨੇ ਮੰਗ ਕੀਤੀ ਕਿ ਸੂਏ ਦੇ ਮੋਘੇ ਦੀ ਤਕਨੀਕੀ ਜਾਂਚ ਕਰਵਾਈ ਜਾਵੇ, ਲੋੜ ਅਨੁਸਾਰ ਇਸ ਦੀ ਸਮਰੱਥਾ ਬਹਾਲ ਕੀਤੀ ਜਾਵੇ ਅਤੇ ਪਿੰਡ ਦੇਹਲਾ, ਗੋਵਿੰਦਪੁਰਾ ਪਪੜਾ ਸਮੇਤ ਟੇਲਾਂ ’ਤੇ ਵੱਸਦੇ ਸਾਰੇ ਪਿੰਡਾਂ ਤੱਕ ਤੁਰੰਤ ਅਤੇ ਨਿਯਮਤ ਨਹਿਰੀ ਪਾਣੀ ਦੀ ਸਪਲਾਈ ਯਕੀਨੀ ਬਣਾਈ ਜਾਵੇ।
ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਕਿਸਾਨਾਂ ਦੇ ਹੱਕਾਂ ਲਈ ਲਗਾਤਾਰ ਆਵਾਜ਼ ਉਠਾਉਂਦੀ ਰਹੇਗੀ ਅਤੇ ਸਰਕਾਰ ਦੇ ਝੂਠੇ ਦਾਅਵਿਆਂ ਨੂੰ ਜ਼ਮੀਨੀ ਹਕੀਕਤ ਦੇ ਆਧਾਰ ’ਤੇ ਲੋਕਾਂ ਸਾਹਮਣੇ ਲਿਆਉਂਦੀ ਰਹੇਗੀ।
