ਕਿਸਾਨਾਂ ਦੇ ਸੱਦੇ ’ਤੇ ਪੰਜਾਬ ਬੰਦ ਨੂੰ ਭਰਵਾਂ ਹੁੰਗਾਰਾ

ਕਿਸਾਨਾਂ ਦੇ ਸੱਦੇ ’ਤੇ ਪੰਜਾਬ ਬੰਦ ਨੂੰ ਭਰਵਾਂ ਹੁੰਗਾਰਾ

ਬਠਿੰਡਾ-ਜ਼ੀਰਕਪੁਰ ਹਾਈਵੇਅ ’ਤੇ ਬਡਰੁੱਖਾਂ ’ਚ  ਕਿਸਾਨਾਂ ਤੇ ਬੀਬੀਆਂ ਦਾ ਠਾਠਾਂ ਮਾਰਦਾ ਇਕੱਠ।

ਗੁਰਦੀਪ ਸਿੰਘ ਲਾਲੀ
ਸੰਗਰੂਰ, 25 ਸਤੰਬਰ

ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਬਿਲਾਂ ਦੇ ਵਿਰੋਧ ’ਚ ਪੰਜਾਬ ਬੰਦ ਦੇ ਦਿੱਤੇ ਸੱਦੇ ਤਹਿਤ ਸੰਗਰੂਰ ਸ਼ਹਿਰ ਮੁਕੰਮਲ ਤੌਰ ’ਤੇ ਬੰਦ ਰਿਹਾ। ਸ਼ਹਿਰ ਦੀਆਂ ਸੜਕਾਂ ਸੁੰਨਸਾਨ ਰਹੀਆਂ, ਬਾਜ਼ਾਰ ਬੰਦ ਰਹੇ ਤੇ ਆਵਾਜਾਈ ਮੁਕੰਮਲ ਰੂਪ ’ਚ ਠੱਪ ਰਹੀ। ਬੰਦ ਦੌਰਾਨ ਜਿਥੇ ਸ਼ਹਿਰ ’ਚੋਂ ਲੰਘਦੀ ਦਿੱਲੀ-ਲੁਧਿਆਣਾ ਹਾਈਵੇਅ ਉਪਰ ਸਥਿਤ ਭਗਵਾਨ ਮਹਾਂਵੀਰ ਚੌਂਕ ਵਿਚ ਕਿਸਾਨ ਜਥੇਬੰਦੀਆਂ ਵਲੋਂ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ ਉਥੇ ਭਾਕਿਯੂ ਏਕਤਾ ਉਗਰਾਹਾਂ ਦੇ ਝੰਡੇ ਹੇਠ ਪਿੰਡ ਬਡਰੁੱਖਾਂ ਨੇੜੇ ਬਠਿੰਡਾ-ਜ਼ੀਰਕਪੁਰ ਕੌਮੀ ਹਾਈਵੇ ਉਪਰ ਦਿੱਤੇ ਰੋਸ ਧਰਨੇ ’ਚ ਹਜ਼ਾਰਾਂ ਕਿਸਾਨ ਸ਼ਾਮਲ ਹੋਏ। ਸੰਗਰੂਰ ’ਚ ਕਿਸਾਨ ਜਥੇਬੰਦੀਆਂ ਦੇ ਰੋਸ ਧਰਨੇ ’ਚ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ, ਗੀਤਕਾਰ ਬਚਨ ਬੇਦਿਲ ਸਮੇਤ ਅਨੇਕਾਂ ਸਖਸ਼ੀਅਤਾਂ ਸ਼ਾਮਲ ਹੋਈਆਂ। 

 ਸੰਗਰੂਰ ’ਚ  ਭਾਕਿਯੂ ਰਾਜੇਵਾਲ ਦੇ ਬਲਾਕ ਪ੍ਰਧਾਨ ਹਰਜੀਤ ਸਿੰਘ ਮੰਗਵਾਲ, ਭਾਕਿਯੂ ਡਕੌਦਾ ਦੇ ਬਲਾਕ ਆਗੂ ਗੁਰਮੇਲ ਸਿੰਘ, ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਦੇ ਜ਼ਿਲ੍ਹਾ ਕਨਵੀਨਰ ਜਸਦੀਪ ਸਿੰਘ ਬਹਾਦਰਪੁਰ, ਕੁਲ ਹਿੰਦ ਕਿਸਾਨ ਸਭਾ ਦੇ ਨਿਰਮਲ ਸਿੰਘ ਬਟੜਿਆਣਾ, ਭਾਕਿਯੂ ਲੱਖੋਵਾਲ ਦੇ ਬਲਾਕ ਪ੍ਰਧਾਨ ਗੁਰਦੇਵ ਸਿੰਘ ਤੁੰਗਾਂ, ਜਮਹੂਰੀ ਕਿਸਾਨ ਸਭਾ ਦੇ ਸੂਬਾ ਆਗੂ ਭਰਪੂਰ ਸਿੰਘ ਦੁੱਗਾਂ ਆਦਿ ਦੀ ਅਗਵਾਈ ਹੇਠ ਕਿਸਾਨ, ਮਜ਼ਦੂਰ, ਆੜ੍ਹਤੀਆਂ ਤੇ ਹੋਰ ਕਾਰੋਬਾਰੀ ਅਨਾਜ ਮੰਡੀ ’ਚ ਇਕੱਠੇ ਹੋਏ ਜਿਥੋਂ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ’ਚ ਰੋਸ ਮਾਰਚ ਕਰਦਿਆਂ ਦਿੱਲੀ-ਲੁਧਿਆਣਾ ਹਾਈਵੇਅ ਉਪਰ ਪੁੱਜ ਕੇ ਰੋਸ ਧਰਨਾ ਦਿੱਤਾ ਗਿਆ ਜੋ ਕਿ ਸ਼ਾਮ ਤੱਕ ਜਾਰੀ ਰਿਹਾ। 

ਪਿੰਡ ਬਡਰੁੱਖਾਂ ਨੇੜੇ ਬਠਿੰਡਾ-ਜ਼ੀਰਕਪੁਰ ਕੌਮੀ ਹਾਈਵੇਅ ’ਤੇ ਵਿਸ਼ਾਲ ਰੋਸ ਧਰਨੇ ’ਚ ਹਰ ਪਾਸੇ ਨਰਿੰਦਰ ਮੋਦੀ ਦੇ ਖ਼ਿਲਾਫ਼ ਨਾਅਰੇ ਗੂੰਜ਼ ਰਹੇ ਸਨ ਤੇ ਦੂਰ-ਦੂਰ ਤੱਕ ਕੌਮੀ ਹਾਈਵੇਅ ’ਤੇ ਕਿਸਾਨ ਤੇ ਕਿਸਾਨ ਯੂਨੀਅਨ ਦੇ ਝੰਡੇ ਵਾਲੇ ਟਰੈਕਟਰ-ਟਰਾਲੀਆਂ ਨਜ਼ਰ ਆ ਰਹੀਆਂ ਸਨ। ਰੋੋਸ ਧਰਨੇ ’ਚ ਸ਼ਾਮਲ ਹੋਈਆਂ ਕਿਸਾਨ ਬੀਬੀਆਂ ’ਚ ਕੇਂਦਰ ਸਰਕਾਰ ਖ਼ਿਲਾਫ਼ ਰੋਸ ਤੇ ਸੰਘਰਸ਼ ਲਈ ਜੋਸ਼ ਸੀ। ਇਹ ਧਰਨਾ ਯੂਨੀਅਨ ਦੇ ਬਲਾਕ ਸੰਗਰੂਰ ਦੇ ਪ੍ਰਧਾਨ ਗੋਬਿੰਦਰ ਸਿੰਘ ਮੰਗਵਾਲ ਤੇ ਬਲਾਕ ਧੂਰੀ ਦੇ ਪ੍ਰਧਾਨ ਹਰਬੰਸ ਸਿੰਘ ਲੱਡਾ ਦੀ ਅਗਵਾਈ ਹੇਠ ਦਿੱਤਾ ਗਿਆ। 

ਸੰਗਰੂਰ ’ਚ ਦਿੱਤੇ ਰੋਸ ਧਰਨੇ ਦੌਰਾਨ ਪੰਜਾਬ ਬੰਦ ਦੀ ਹਮਾਇਤ ਕਰਦਿਆਂ ਆੜ੍ਹਤੀਆ ਐਸੋਸੀਏਸ਼ਨ ਸੰਗਰੂਰ ਦੇ ਪ੍ਰਧਾਨ ਸੋਮ ਨਾਥ ਬਾਂਸਲ, ਵਪਾਰ ਮੰਡਲ ਦੇ ਪ੍ਰਧਾਨ ਜਸਵਿੰਦਰ ਸਿੰਘ ਪ੍ਰਿੰਸ, ਕਿਰਤੀ ਕਿਸਾਨ ਯੂਨੀਅਨ ਦੇ ਭੁਪਿੰਦਰ ਲੌਂਗੋਵਾਲ, ਭਾਕਿਯੂ ਰਾਜੇਵਾਲ ਦੇ ਬਲਵਿੰਦਰ ਸਿੰਘ ਬਡਰੁੱਖਾਂ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ ਮਲੌਦ, ਬੇਰੁਜ਼ਗਾਰ ਈਟੀਟੀ ਯੂਨੀਅਨ ਦੇ ਗਗਨਦੀਪ ਸਿੰਘ, ਟੈਕਨੀਕਲ ਸਰਵਿਸਿਜ ਯੂਨੀਅਨ ਦੇ ਜਸਪਾਲ ਸ਼ਰਮਾ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਸੰਜੀਵ ਮਿੰਟੂ ਸ਼ਾਮਲ ਹੋਏ। 

ਪਟਿਆਲਾ (ਸਰਬਜੀਤ ਸਿੰਘ ਭੰਗੂ)   ਕੇਂਦਰ ਸਰਕਾਰ ਵੱਲੋਂ  ਤਿੰਨ  ਖੇਤੀ  ਵਿਰੋਧੀ ਆਰਡੀਨੈਂਸ ਪਾਸ ਕਰਨ ਦੇ ਵਿਰੋਧ ’ਚ 31 ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਬੰਦ ਦੇ ਦਿੱਤੇ ਗਏ ਸੱਦੇ ਨੂੰ ਅੱਜ ਇਸ ਖੇਤਰ ’ਚ ਪੂਰਾ ਸਮਰਥਨ ਰਿਹਾ। ਇਸ ਦੌਰਾਨ ਨਾ ਸਿਰਫ਼ ਕਿਸਾਨ ਧਿਰਾਂ, ਬਲਕਿ ਮੁਲਾਜ਼ਮਾਂ ਤੇ ਹੋਰਨਾਂ ਵਰਗਾਂ ਨੇ ਵੀ  ਬੰਦ ਦੀ  ਹਮਾਇਤ ’ਚ ਧਰਨਾ ਪ੍ਰਦਰਸ਼ਨ ਕਰਕੇ ਆਪਣੀ ਭਰਵੀਂ ਹਾਜ਼ਰੀ  ਲਵਾਈ। ਕਿਸਾਨਾਂ ਨੇ ਤਾਂ ਸ਼ਹਿਰ ਦੇ ਬਾਹਰਵਾਰ ਸਥਿਤ ਪਸਿਆਣਾ  ਪਿੰਡ ਵਾਲੀਆਂ ਕੈਂਚੀਆਂ ’ਤੇ ਧਰਨਾ ਮਾਰ ਕੇ ਚੰਡੀਗੜ੍ਹ-ਬਠਿੰਡਾ  ਨੈਸ਼ਨਲ  ਹਾਈਵੇਅ ਤੇ ਪਟਿਆਲਾ-ਜਾਖਲ  ਸਟੇਟ ਹਾਈਵੇਅ ਹੀ ਪੰਜ ਘੰਟੇ ਜਾਮ ਰੱਖਿਆ।

ਕਿਸਾਨ ਨੇਤਾ ਅਵਤਾਰ ਸਿੰਘ ਕੌਰਜੀਵਾਲ਼ਾ ਦਾ ਕਹਿਣਾ ਸੀ ਕਿ ਇਸ ਦੌਰਾਨ ਕਿਸਾਨ, ਮਜਦੂਰ, ਕਿਸਾਨ ਬੀਬੀਆਂ, ਨੌਜਵਾਨ, ਬੱਚੇ ਤੇ ਬਜ਼ੁਰਗ ਵੀ ਹੁੰਮ ਹੁਮਾ ਕੇ ਧਰਨੇ ’ਚ ਪੁੱਜੇ ਹੋਏ ਸਨ। ਬੁਲਾਰਿਆਂ  ਨੇ ਕੇਂਦਰ ਸਰਕਾਰ ਦੀ  ਜ਼ੋਰਦਾਰ ਸ਼ਬਦਾਂ ਵਿਚ ਨਿੰਦਾ ਕੀਤੀ ਤੇ ਹਰ ਵਰਗ ਦੇ ਲੋਕਾਂ ਦੇ ਆਪ ਮੁਹਾਰੇ ਜੁੜੇ ਅੱਜ ਦੇ  ਇਨ੍ਹਾਂ ਇਕੱਠਾਂ ਦੇ  ਹਵਾਲੇ ਨਾਲ਼ ਚੇਤਾਵਨੀ ਦਿੱਤੀ  ਕਿ ਜੇਕਰ ਸਰਕਾਰ ਨੇ ਇਹ ਫੈਸਲਾ ਵਾਪਸ ਲਿਆ, ਤਾਂ ਇਸ ਦੇ ਗੰਭੀਰ ਸਿੱਟੇ  ਭੁਗਤਣੇ ਪੈਣਗੇ। ਕਿਉਂਕਿ ਇਹ ਬਿੱਲ ਅਨੇਕਾਂ ਵਰਗਾਂ ਲਈ ਮਾਰੂ ਸਾਬਤ ਹੋਣੇ ਹਨ। ਜਿਸ ਕਰਕੇ ਪੰਜਾਬ  ਦਾ ਅਵਾਮ ਇਹ ਗੱਲ ਬਰਦਾਸ਼ਤ ਨਹੀਂ ਕਰੇਗਾ। ਇਸ ਇਕੱਠ  ਵਿਚ ਵਿਦਿਆਰਥੀ, ਨੌਜਵਾਨ, ਨਰਸਾਂ, ਵਕੀਲ, ਵਪਾਰੀ, ਦੋਧੀ ਤੇ  ਹੋਰ ਵਰਗਾਂ ਨੇ ਵੀ ਸ਼ਿਰਕਤ ਕੀਤੀ। ਕਿਸਾਨਾਂ  ਨੇ ਸਰਹਿੰਦ ਰੋਡ ’ਤੇ ਸਥਿਤ ਫੰਗਣਮਾਜਰਾ ਪਿੰਡ ਦੇ ਨੇੜੇ ਵੀ  ਧਰਨਾ ਮਾਰ ਕੇ  ਸੜਕੀ ਆਵਾਜਾਈ ਠੱਪ ਕੀਤੀ ਜਿਲ੍ਹੇ ’ਚ ਕਈ ਹੋਰ ਥਾਂਈਂ ਵੀ  ਕਿਸਾਨਾ ਨੇ ਧਰਨਾ ਮਾਰ ਕੇ ਰੋਸ ਜਤਾਇਆ। 

ਇਸੇ ਤਰਾਂ ਪੰਜਾਬ ਏਟਕ ਅਤੇ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਨਾਲ ਸਬੰਧਿਤ ਜਥੇਬੰਦੀਆਂ ਵਲੋਂ ਨਿਰਮਲ ਧਾਲੀਵਾਲ,ਦਰਸ਼ਨ ਸਿੰਘ ਲੁਬਾਣਾ ਦੀ ਅਗਵਾਈ ਵਿੱਚ ਇਕੱਠੇ ਹੋਏ ਮੁਲਾਜ਼ਮਾਂ ਤੇ ਮਜ਼ਦੂਰਾਂ ਨੇ ਬਾਜ਼ਾਰਾਂ ’ਚ ਮਾਰਚ ਕਰਨ ਸਮੇਤ ਅੱਜ ਇਥੇ ਬੱਸ ਸਟੈਂਡ ਨੇੜੇ ਰੋਸ ਮੁਜ਼ਾਹਰਾ ਵੀ ਕੀਤਾ।

ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ) 31 ਕਿਸਾਨ ਜਥੇਬੰਦੀਆਂ ਵੱਲੋਂ ਤਿੰਨ ਆਰਡੀਨੈਂਸਾਂ ਖ਼ਿਲਾਫ਼ ਪੰਜਾਬ ਬੰਦ ਦੇ ਸੱਦੇ ’ਤੇ ਅੱਜ ਇੱਥੇ ਬਠਿੰਡਾ ‘ਚੰਡੀਗੜ੍ਹ ਨੈਸ਼ਨਲ ਹਾਈਵੇਅ ’ਤੇ ਧਰਨਾ ਲਗਾਇਆ ਗਿਆ। ਹਜ਼ਾਰਾਂ ਦੀ ਗਿਣਤੀ ਵਿੱਚ ਇਕੱਤਰ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਜਨਰਲ ਸਕੱਤਰ ਜਗਮੋਹਣ ਸਿੰਘ ਪਟਿਆਲਾ,  ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਕਪਿਆਲ ਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਫਤਿਹਗੜ੍ਹ ਭਾਦਸੋਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਬਿੱਲਾਂ ਖ਼ਿਲਾਫ਼ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਕਿਸਾਨ ਜਥੇਬੰਦੀਆਂ ਵੱਲੋਂ ਬੰਦ ਦਾ ਸੱਦਾ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਇਨ੍ਹਾਂ ਬਿੱਲਾਂ ਨਾਲ ਵੱਡੇ ਘਰਾਣਿਆਂ ਨੂੰ ਲਾਭ ਦੇ ਰਹੀ ਹੈ ਤੇ ਕਿਸਾਨਾਂ ਸਣੇ ਸਾਰੇ ਵਰਗਾਂ ਨੂੰ ਦਬਾਉਣਾ ਚਾਹੁੰਦੀ ਹੈ। ਉਨ੍ਹਾਂ ਬਾਦਲ ਦਲ ਵੱਲੋਂ ਵੱਖਰੇ ਧਰਨੇ ਦੇਣ ਦੀ ਕਾਰਵਾਈ ਨੂੰ ਕਿਸਾਨ ਸੰਘਰਸ਼ ’ਚ ਭੰਬਲਭੂਸਾ ਪੈਦਾ ਕਰਨ ਦੀ ਚਾਲ ਦੱਸਿਆ। ਧਰਨੇ ’ਚ ਆਮ ਆਦਮੀ ਪਾਰਟੀ ਦੇ ਐੱਮਪੀ ਭਗਵੰਤ ਮਾਨ ਨੇ ਵੀ ਧਰਨੇ ਵਿੱਚ ਹਾਜ਼ਰੀ ਭਰੀ। 

ਮਸਤੂਆਣਾ ਸਾਹਿਬ (ਐੱਸਐੱਸ ਸੱਤੀ) ਸੂਬੇ ਦੇ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮ ਜਥੇਬੰਦੀਆਂ, ਵਪਾਰੀਆਂ, ਕਿਸਾਨ ਵਿੰਗਾਂ ਵੱਲੋਂ ਜਿਥੇ ਖੇਤੀ ਬਿੱਲਾਂ ਨੂੰ ਲੈ ਕੇ ਸਰਕਾਰ ਵਿਰੁੱਧ ਰੋਸ ਧਰਨੇ ਦਿੱਤੇ ਗਏ, ਉਥੇ ਅੱਜ ਮਸਤੂਆਣਾ ਸਾਹਿਬ ਦੇ ਆਲੇ ਦੁਆਲੇ ਦੇ ਤਿੰਨ ਦਰਜਨ ਦੇ ਕਰੀਬ ਵੱਖ ਵੱਖ ਪਿੰਡਾਂ ਦੇ ਵੱਖ ਵੱਖ ਜਥੇਬੰਦੀਆਂ ਵੱਲੋਂ ਕਿਸਾਨਾਂ ਦੇ ਹੱਕ ਵਿਚ ਚੰਡੀਗੜ੍ਹ-ਬਠਿੰਡਾ ਨੈਸ਼ਨਲ ਹਾਈਵੇਅ ’ਤੇ ਇਤਿਹਾਸਕ ਨਗਰ ਬਡਰੁੱਖਾਂ ’ਚ ਚੱਕਾ ਜਾਮ ਕਰਕੇ ਮੋਦੀ ਸਰਕਾਰ ਵਿਰੁੱਧ ਧਰਨਾ ਦਿੱਤਾ ਗਿਆ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਖੇਤੀ ਕਾਨੂੰਨ: ਸਮੁੱਚੇ ਦੇਸ਼ ’ਚ ਮਘੇਗਾ ਕਿਸਾਨ ਅੰਦੋਲਨ

ਖੇਤੀ ਕਾਨੂੰਨ: ਸਮੁੱਚੇ ਦੇਸ਼ ’ਚ ਮਘੇਗਾ ਕਿਸਾਨ ਅੰਦੋਲਨ

ਦੇਸ਼ ਵਿਆਪੀ ਚੱਕਾ ਜਾਮ 5 ਨੂੰ, 26-27 ਨਵੰਬਰ ਨੂੰ ‘ਦਿੱਲੀ ਚੱਲੋ’ ਪ੍ਰੋਗ...

ਅਨਲੌਕ: 30 ਨਵੰਬਰ ਤੱਕ ਜਾਰੀ ਰਹਿਣਗੇ ਮੌਜੂਦਾ ਦਿਸ਼ਾ-ਨਿਰਦੇਸ਼

ਅਨਲੌਕ: 30 ਨਵੰਬਰ ਤੱਕ ਜਾਰੀ ਰਹਿਣਗੇ ਮੌਜੂਦਾ ਦਿਸ਼ਾ-ਨਿਰਦੇਸ਼

ਕੇਂਦਰ ਸਰਕਾਰ ਵਲੋਂ 31 ਅਕਤੂਬਰ ਤੱਕ ਜਾਰੀ ਨਿਰਦੇਸ਼ਾਂ ਦੀ ਸਮਾਂ-ਸੀਮਾ ’ਚ...