DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Punjab Bandh: ਪਰਵਿੰਦਰ ਕਤਲ ਖ਼ਿਲਾਫ਼ ਬੰਦ ਨੂੰ ਭਰਵਾਂ ਹੁੰਗਾਰਾ

ਕਿਸਾਨ, ਮਜ਼ਦੂਰ ਅਤੇ ਜਨਤਕ ਜਥੇਬੰਦੀਆਂ ਵੱਲੋਂ ਧਰਨੇ

  • fb
  • twitter
  • whatsapp
  • whatsapp
featured-img featured-img
ਸੰਗਰੂਰ ਵਿੱਚ ਰੋਸ ਪ੍ਰਗਟਾਉਂਦੇ ਹੋਏ ਧਰਨਾਕਾਰੀ।
Advertisement

ਨਸ਼ਿਆਂ ਖ਼ਿਲਾਫ਼ ਲੜਾਈ ਲੜਦੇ ਪਰਵਿੰਦਰ ਸਿੰਘ ਝੋਟੇ ਦੇ ਕਤਲ ਦੇ ਰੋਸ ਵਜੋਂ ਅਤੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਬਣੀ ਐਕਸ਼ਨ ਕਮੇਟੀ ਵੱਲੋ ਪੰਜਾਬ ਬੰਦ ਦੇ ਦਿੱਤੇ ਸੱਦੇ ਤਹਿਤ ਸੰਗਰੂਰ ਅਤੇ ਸਮੁੱਚੇ ਇਲਾਕੇ ਵਿੱਚ ਪੰਜਾਬ ਬੰਦ ਨੂੰ ਭਰਵਾਂ ਹੁੰਗਾਰਾ ਮਿਲਿਆ ਤੇ ਬਾਜ਼ਾਰ ਬੰਦ ਰਹੇ। ਕਿਸਾਨ-ਮਜ਼ਦੂਰ, ਜਨਤਕ ਜਮਹੂਰੀ ਤੇ ਇਨਸਾਫ਼ਪਸੰਦ ਜਥੇਬੰਦੀਆਂ ਵੱਲੋਂ ਇੱਥੇ ਦਿੱਲੀ-ਲੁਧਿਆਣਾ ਮਾਰਗ ਉਪਰ ਸਥਿਤ ਭਗਵਾਨ ਮਹਾਵੀਰ ਚੌਕ ਵਿੱਚ ਧਰਨਾ ਦਿੱਤਾ ਗਿਆ। ਬੱਸ ਆਵਾਜਾਈ ਵੀ ਠੱਪ ਰਹੀ। ਡੀ ਸੀ ਕੰਪਲੈਕਸ ਅਤੇ ਸਰਕਾਰੀ ਦਫ਼ਤਰ ਆਮ ਦਿਨਾਂ ਵਾਂਗ ਖੁੱਲ੍ਹੇ ਰਹੇ ਪਰ ਇੱਥੇ ਸੁੰਨ ਪਸਰੀ ਰਹੀ। ਧਰਨੇ ਨੂੰ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਭੁਪਿੰਦਰ ਸਿੰਘ ਲੌਂਗੋਵਾਲ, ਬੀ ਕੇ ਯੂ ਸਿੱਧੂਪੁਰ (ਦਲਬੀਰ ਸਿੰਘ) ਦੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਫਤਿਹਗੜ੍ਹ ਭਾਦਸੋਂ, ਬੀ ਕੇ ਯੂ (ਡਕੌਂਦਾ)-ਬੁਰਜਗਿੱਲ ਦੇ ਜ਼ਿਲ੍ਹਾ ਖਜ਼ਾਨਚੀ ਸਤਨਾਮ ਸਿੰਘ ਕਿਲ੍ਹਾਭਰੀਆਂ, ਸ਼੍ਰੋਮਣੀ ਅਕਾਲੀ ਦਲ (ਅ) ਦੇ ਜ਼ਿਲ੍ਹਾ ਪ੍ਰਧਾਨ ਗੁਰਨੈਬ ਸਿੰਘ ਰਾਮਪੁਰਾ ਅਤੇ ਸਤਨਾਮ ਸਿੰਘ ਰੱਤੋਕੇ, ਜਮਹੂਰੀ ਕਿਸਾਨ ਸਭਾ ਦੇ ਸੂਬਾ ਆਗੂ ਉੱਦਮ ਸਿੰਘ ਸੰਤੋਖਪੁਰਾ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਜ਼ੋਨਲ ਆਗੂ ਜਸਬੀਰ ਹੇੜੀਕੇ ਤੇ ਬਿੰਦਰ ਸ਼ਰਮਾ ਛਾਜਲੀ ਨੇ ਸੰਬੋਧਨ ਕੀਤਾ।

ਸੰਦੌੜ (ਮੁਕੰਦ ਸਿੰਘ ਚੀਮਾ): ਪੰਜਾਬ ਬੰਦ ਦੇ ਦਿੱਤੇ ਸੱਦੇ ਨੂੰ ਕਸਬਾ ਸੰਦੌੜ ਅਤੇ ਇਲਾਕੇ ਵਿੱਚ ਭਰਵਾਂ ਹੁੰਗਾਰਾ ਮਿਲਿਆ। ਦੁਕਾਨਾਂ, ਸਕੂਲ ਅਤੇ ਕਾਲਜ ਪੂਰਨ ਤੌਰ ’ਤੇ ਬੰਦ ਰਹੇ। ਕਸਬਾ ਸੰਦੌੜ ਦੇ ਮੁੱਖ ਚੌਕ ਵਿੱਚ ਲੋਕਾਂ ਨੇ ਆਵਾਜਾਈ ਠੱਪ ਕੀਤੀ ਜਦਕਿ ਪੁਲ ਕਲਿਆਣ ’ਤੇ ਧਰਨਾ ਦਿੱਤਾ ਗਿਆ। ਧਰਨੇ ਦੌਰਾਨ ਭਾਰਤੀ ਕਿਸਾਨ ਯੂਨੀਅਨ (ਏਕਤਾ)-ਆਜ਼ਾਦ ਸਮੇਤ ਇਲਾਕੇ ਦੀ ਸੰਗਤ ਹਾਜ਼ਰ ਸੀ। ਸੰਦੌੜ ਵਿੱਚ ਲੱਗੇ ਧਰਨੇ ਦੌਰਾਨ ਸਰਪੰਚ ਗੁਰਮੁੱਖ ਸਿੰਘ ਗਰੇਵਾਲ, ਬਲਾਕ ਸਮਿਤੀ ਮਾਲੇਰਕੋਟਲਾ ਦੇ ਚੇਅਰਮੈਨ ਸੰਤੋਖ ਸਿੰਘ ਦਸੌਂਧਾ ਸਿੰਘ ਵਾਲਾ, ਡਾ. ਸਤਨਾਮ ਸਿੰਘ ਝੁਨੇਰ, ਡਾ. ਪਰਗਟ ਸਿੰਘ ਚੱਕ ਤੇ ਡਾ. ਰਾਜਪਾਲ ਸਿੰਘ ਰਾਜੂ ਚੱਕ ਵੀ ਹਾਜ਼ਰ ਸਨ। ਪਿੰਡ ਸ਼ੇਰਗੜ੍ਹ ਚੀਮਾ, ਖੁਰਦ ਤੇ ਕੁਠਾਲਾ ’ਚ ਆਵਾਜਾਈ ਠੱਪ ਕੀਤੀ ਗਈ।

Advertisement

ਦਿੜ੍ਹਬਾ ਮੰਡੀ (ਰਣਜੀਤ ਸਿੰਘ ਸ਼ੀਤਲ): ਪੰਜਾਬ ਬੰਦ ਦੇ ਸੱਦੇ ’ਤੇ ਦਿੜ੍ਹਬਾ ਮੰਡੀ ਅਤੇ ਸੂਲਰ ਘਰਾਟ ਦਾ ਬਾਜ਼ਾਰ ਮੁਕੰਮਲ ਬੰਦ ਰਿਹਾ। ਦਿੜ੍ਹਬਾ ਦੇ ਚੌਕ ਵਿੱਚ ਇਕੱਠ ਨੂੰ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਕਰਨ ਘੁਮਾਣ ਕੈਨੇਡਾ, ਜਥੇਦਾਰ ਤੇਜਾ ਸਿੰਘ ਕਮਾਲਪੁਰ, ਰਣਧੀਰ ਸਿੰਘ ਸਮੂਰਾਂ, ਸੁਖਜਿੰਦਰ ਸਿੰਘ ਸਿੰਧੜਾਂ, ਅਕਾਲੀ ਦਲ ਬਾਦਲ ਵੱਲੋਂ ਗੁਲਜ਼ਾਰੀ ਮੂਣਕ, ਵਾਰਿਸ ਪੰਜਾਬ ਵੱਲੋਂ ਜਥੇਦਾਰ ਬਰਮਾ ਸਿੰਘ, ਮਾਲਵਿੰਦਰ ਸਿੰਘ ਤੋਂ ਇਲਾਵਾ ਅੰਮ੍ਰਿਤ ਕੌਰ ਮਲੋਆ ਆਦਿ ਆਗੂਆਂ ਨੇ ਸੰਬੋਧਨ ਕੀਤਾ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਵਿੱਤ ਮੰਤਰੀ ਹਰਪਾਲ ਚੀਮਾ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਦੁਪਹਿਰ ਬਾਅਦ ਨੌਜਵਾਨਾਂ ਵੱਲੋਂ ਕੌਮੀ ਮਾਰਗ ਦੇ ਦੋਵੇਂ ਪਾਸੇ ਜਾਮ ਲਾ ਦਿੱਤਾ ਗਿਆ।

Advertisement

ਚੀਮਾ ਮੰਡੀ (ਸੁਖਜੀਤ ਚੀਮਾ): ਪੰਜਾਬ ਬੰਦ ਦੇ ਸੱਦੇ ’ਤੇ ਮੇਨ ਚੌਕ ਬੰਦ ਕਰ ਕੇ ਰੋਸ ਮੁਜ਼ਾਹਰਾ ਕੀਤਾ ਗਿਆ ਜਿਸ ਵਿੱਚ ਇਨਸਾਫ਼ਪਸੰਦ ਲੋਕਾਂ, ਕਿਸਾਨ, ਮਜ਼ਦੂਰ, ਮੁਲਾਜ਼ਮ ਅਤੇ ਭਰਾਤਰੀ ਜਥੇਬੰਦੀਆਂ ਸਮੇਤ ਸਿਆਸੀ ਆਗੂਆਂ ਨੇ ਸ਼ਮੂਲੀਅਤ ਕੀਤੀ ਅਤੇ ਮੁੱਖ ਮੰਤਰੀ ਦਾ ਅਸਤੀਫ਼ਾ ਮੰਗਿਆ। ਬੰਦ ਦੇ ਸੱਦੇ ਨੂੰ ਸਫ਼ਲ ਬਣਾਉਣ ਲਈ ਚੰਡੀਗੜ੍ਹ-ਬਠਿੰਡਾ ਹਾਈਵੇਅ ਜਾਮ ਕਰ ਕੇ ਸ਼ਾਂਤਮਈ ਧਰਨਾ ਦਿੱਤਾ ਗਿਆ। ਦੁਕਾਨਦਾਰਾਂ ਵੱਲੋਂ ਪੂਰਾ ਸਮਾਂ ਦੁਕਾਨਾਂ ਨੂੰ ਬੰਦ ਰੱਖਿਆ ਗਿਆ। ਇਸ ਮੌਕੇ ਕਿਸਾਨ ਆਗੂ ਬਿੰਦਰ ਸਰਾਓ ਤੇ ਬੀ ਕੇ ਯੂ (ਉਗਰਾਹਾਂ) ਚੀਮਾ ਇਕਾਈ ਦੇ ਪ੍ਰਧਾਨ ਅਮਰੀਕ ਸਿੰਘ ਨੇ ਸੰਬੋਧਨ ਕੀਤਾ।

ਲਹਿਰਾਗਾਗਾ (ਰਮੇਸ਼ ਭਾਰਦਵਾਜ): ਪਰਵਿੰਦਰ ਸਿੰਘ ਝੋਟਾ ਦੇ ਕਤਲ ਖ਼ਿਲਾਫ਼ ਅਤੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਤਹਿਤ ਬੀ ਕੇ ਯੂ ਦੇ ਬਲਾਕ ਪ੍ਰਧਾਨ ਗੁਰਪ੍ਰੀਤ ਸੰਗਤਪੁਰਾ ਦੀ ਅਗਵਾਈ ਹੇਠ ਸ਼ਹਿਰ ਵਿੱਚ ਰੋਸ ਮਾਰਚ ਕੀਤਾ ਗਿਆ। ਸ਼ਹਿਰ ’ਚ ਦੁਕਾਨਾਂ, ਸਕੂਲ ਤੇ ਵਪਾਰਕ ਅਦਾਰੇ ਬੰਦ ਰਹੇ।

ਬਠਿੰਡਾ-ਜ਼ੀਰਕਪੁਰ ਕੌਮੀ ਮਾਰਗ ਜਾਮ

ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ): ਪੰਜਾਬ ਬੰਦ ਦੇ ਸੱਦੇ ਤਹਿਤ ਸਿਆਸੀ, ਸਮਾਜਿਕ ਅਤੇ ਜਨਤਕ ਜਥੇਬੰਦੀਆਂ ਵੱਲੋਂ ਬਠਿੰਡਾ-ਜ਼ੀਰਕਪੁਰ ਕੌਮੀ ਮਾਰਗ ਜਾਮ ਕੀਤਾ ਗਿਆ। ਇਸ ਮੌਕੇ ਭਾਕਿਯੂ (ਰਾਜੇਵਾਲ) ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਕਪਿਆਲ, ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਰਵਿੰਦ ਖੰਨਾ, ਮਾਨ ਦਲ ਦੇ ਆਗੂ ਗੁਰਨੈਬ ਸਿੰਘ ਰਾਮਪੁਰਾ, ਸੁਖਵਿੰਦਰ ਸਿੰਘ ਬਲਿਆਲ, ਅਕਾਲੀ ਦਲ (ਪੁਨਰ ਸੁਰਜੀਤ) ਦੇ ਆਗੂ ਪ੍ਰਕਾਸ਼ ਚੰਦ ਗਰਗ, ਕਾਂਗਰਸੀ ਆਗੂ ਰਣਜੀਤ ਸਿੰਘ ਤੂਰ, ਗੁਰਪ੍ਰੀਤ ਸਿੰਘ ਕੰਧੋਲਾ, ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਸੁਖਵਿੰਦਰ ਸਿੰਘ ਝਨੇੜੀ, ਭਾਕਿਯੂ ਧਨੇਰ ਦੇ ਆਗੂ ਰਣਧੀਰ ਸਿੰਘ ਭੱਟੀਵਾਲ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਲੌਦ, ਭਾਜਪਾ ਆਗੂ ਗੁਰਤੇਜ ਸਿੰਘ ਝਨੇੜੀ, ਡੀ ਟੀ ਐੱਫ ਅਤੇ ਇਸਤਰੀ ਜਾਗ੍ਰਿਤੀ ਮੰਚ ਦੇ ਆਗੂ ਅਮਨਦੀਪ ਕੌਰ ਨੇ ਕਿਹਾ ਕਿ ਜਦੋਂ ਤੱਕ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲਦਾ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ।

ਬਾਜ਼ਾਰ ਅਤੇ ਵਪਾਰਕ ਸੰਸਥਾਵਾਂ ਬੰਦ ਰਹੀਆਂ

ਪਾਤੜਾਂ (ਗੁਰਨਾਮ ਸਿੰਘ ਚੌਹਾਨ): ਪੰਜਾਬ ਬੰਦ ਦੇ ਸੱਦੇ ਨੂੰ ਪਾਤੜਾਂ ਵਿੱਚ ਭਰਵਾਂ ਹੁੰਗਾਰਾ ਮਿਲਿਆ। ਸ਼ਹਿਰ ਵਿੱਚ ਬਾਜ਼ਾਰ ਅਤੇ ਵਪਾਰਕ ਸੰਸਥਾਵਾਂ ਬੰਦ ਰਹੀਆਂ। ਸ਼ਹੀਦ ਭਗਤ ਸਿੰਘ ਚੌਕ ਵਿੱਚ ਮੁਜ਼ਾਹਰਾ ਕਰਦਿਆਂ ਟਰੈਫਿਕ ਜਾਮ ਕੀਤਾ ਗਿਆ। ਮੁਜ਼ਾਹਰੇ ’ਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਬੁੱਟਰ, ਆਲ ਇੰਡੀਆ ਕਿਸਾਨ ਸਭਾ, ਕਿਰਤੀ ਕਿਸਾਨ ਯੂਨੀਅਨ ਅਤੇ ਜਮਹੂਰੀ ਕਿਸਾਨ ਸਭਾ ਦੇ ਵਰਕਰਾਂ ਸਮੇਤ ਅਕਾਲੀ ਦਲ ਵਾਰਿਸ ਪੰਜਾਬ ਦੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਹਿੱਸਾ ਲਿਆ। ਘੱਗਾ, ਗੋਬਿੰਦਪੁਰਾ ਪੈਂਦ ਪਲਾਜ਼ਿਆਂ ਉੱਤੇ ਵੀ ਪ੍ਰਦਰਸ਼ਨ ਕੀਤੇ ਗਏ। ਇਸ ਮੌਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਬੁੱਟਰ ਦੇ ਸੂਬਾ ਪ੍ਰਧਾਨ ਹਰਭਜਨ ਸਿੰਘ ਬੁੱਟਰ, ਕੱੁਲ ਹਿੰਦ ਕਿਸਾਨ ਸਭਾ ਦੇ ਸੂਬਾ ਉਪ ਜਨਰਲ ਸਕੱਤਰ ਕੁਲਵੰਤ ਸਿੰਘ ਮੌਲਵੀਵਾਲਾ, ਜਮਹੂਰੀ ਕਿਸਾਨ ਸਭਾ ਦੇ ਪ੍ਰਲਾਦ ਸਿੰਘ ਨਿਆਲ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਦਲਜਿੰਦਰ ਸਿੰਘ ਹਰਿਆਊ, ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਮਨਦੀਪ ਸਿੰਘ ਨੰਡਾ, ਸਰਪੰਚ ਯਾਦਵਿੰਦਰ ਸਿੰਘ ਕਾਹਨਗੜ੍ਹ ਅਤੇ ਅਕਾਲੀ ਦਲ ਦੇ ਹਲਕਾ ਇੰਚਾਰਜ ਬਾਬੂ ਕਬੀਰ ਦਾਸ ਨੇ ਸੰਬੋਧਨ ਕੀਤਾ।

ਵੱਖ-ਵੱਖ ਚੌਕਾਂ ’ਚ ਜਾਮ ਲਾਇਆ

ਸਮਾਣਾ (ਸੁਭਾਸ਼ ਚੰਦਰ): ਸਮਾਜਸੇਵੀ ਪਰਵਿੰਦਰ ਸਿੰਘ ਝੋਟੇ ਦੇ ਕਤਲ ਵਿਰੁੱਧ ਸਮਾਣਾ ਬੰਦ ਰਿਹਾ। ਅਕਾਲੀ ਦਲ ਵਾਰਿਸ ਪੰਜਾਬ ਸਣੇ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਬੰਦ ਦੀ ਹਮਾਇਤ ਵਿੱਚ ਪਟਿਆਲਾ-ਹਿਸਾਰ ਸੜਕ ’ਤੇ ਅੰਬੇਡਕਰ ਅਤੇ ਬਾਬਾ ਬੰਦਾ ਸਿੰਘ ਬਹਾਦਰ ਚੌਕ ਵਿੱਚ ਧਰਨਾ ਲਾ ਕੇ ਸੜਕ ਜਾਮ ਰੱਖੀ। ਧਰਨੇ ਕਾਰਨ ਆਵਾਜਾਈ ਬੰਦ ਰਹੀ। ਨੌਜਵਾਨਾਂ ਨੇ ਸ਼ਹਿਰ ਵਿੱਚ ਲੱਗੇ ‘ਆਪ’ ਦੇ ਹੋਰਡਿੰਗ ਅਤੇ ਇਸ਼ਤਿਹਾਰ ਪਾੜ ਕੇ ਸੁੱਟ ਦਿੱਤੇ। ਧਰਨੇ ਨੂੰ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਰਾਜਿੰਦਰ ਸਿੰਘ ਫਤਹਿਗੜ੍ਹ ਛੰਨਾਂ, ਸਰਬੱਤ ਦਾ ਭਲਾ ਦੇ ਪ੍ਰਧਾਨ ਡਾ. ਇੰਦਰਪਾਲ ਸਿੰਘ ਸੰਧੂ, ਕਿਸਾਨ ਆਗੂ ਗੁਰਨਾਮ ਸਿੰਘ ਢੈਂਠਲ ਅਤੇ ਮਾਨ ਦਲ ਦੇ ਹਰਦੀਪ ਸਿੰਘ ਸਹਿਜਪੁਰ ਨੇ ਸੰਬੋਧਨ ਕੀਤਾ। ਬਾਬਾ ਬੰਦਾ ਸਿੰਘ ਬਹਾਦਰ ਚੌਕ ਵਿੱਚ ਵੀ ਸੰਗਤ ਨੇ ਧਰਨਾ ਦਿੱਤਾ।

Advertisement
×