Punjab Band: ਪੰਜਾਬ ਬੰਦ ਦੇ ਸੱਦੇ ਨੂੰ ਪਟਿਆਲਾ ’ਚ ਭਰਵਾਂ ਹੁੰਗਾਰਾ
ਜ਼ਿਲ੍ਹੇ ਵਿੱਚ ਬਾਜ਼ਾਰ ਮੁਕੰਮਲ ਬੰਦ ਰਹੇ; ਸ਼੍ਰੋਮਣੀ ਕਮੇਟੀ ਦੇ ਅਦਾਰਿਆਂ ਵਿੱਚ ਵੀ ਕੰਮਕਾਜ ਠੱਪ
ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਲਈ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਅੱਜ ਪਟਿਆਲਾ ਸ਼ਹਿਰ ਵਿੱਚ ਭਰਵਾਂ ਹੁੰਗਾਰਾ ਮਿਲਿਆ। ਦੁਕਾਨਦਾਰਾਂ ਤੇ ਕਾਰੋਬਾਰੀਆਂ ਵੱਲੋਂ ਮਿਲੇ ਸਹਿਯੋਗ ਸਦਕਾ ਸ਼ਹਿਰ ਦੇ ਪ੍ਰਮੁੱਖ ਬਾਜ਼ਾਰ ਮੁਕੰਮਲ ਬੰਦ ਰਹੇ। ਕੌਮੀ ਇਨਸਾਫ਼ ਮੋਰਚੇ ਦੇ ਕਨਵੀਨਰ ਅਤੇ ਭਾਈ ਜਗਤਾਰ ਸਿੰਘ ਹਵਾਰਾ ਦੇ ਧਰਮ ਪਿਤਾ ਗੁਰਚਰਨ ਸਿੰਘ ਹਵਾਰਾ ਦੀ ਅਗਵਾਈ ਹੇਠ ਖੰਡਾ ਚੌਕ ਅਤੇ ਨਿਊ ਬੱਸ ਸਟੈਂਡ ਅੱਗੇ ਧਰਨੇ ਦਿੱਤੇ ਗਏ। ਨੌਜਵਾਨਾਂ ਵੱਲੋਂ ਸ਼ਹਿਰ ਵਿੱਚ ਰੋਸ ਮਾਰਚ ਵੀ ਕੀਤਾ ਗਿਆ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਹੁਕਮਾਂ ’ਤੇ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ, ਮੋਤੀ ਬਾਗ ਸਾਹਿਬ ਅਤੇ ਬਹਾਦਰਗੜ੍ਹ ਸਾਹਿਬ ਦੇ ਸਮੂਹ ਮੁਲਾਜ਼ਮਾਂ ਨੇ ਦਫ਼ਤਰੀ ਕੰਮਕਾਜ ਠੱਪ ਰੱਖ ਕੇ ਬੰਦ ਦਾ ਸਮਰਥਨ ਕੀਤਾ। ਗੁਰਚਰਨ ਸਿੰਘ ਹਵਾਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਬੰਦੀ ਸਿੰਘ ਆਪਣੀਆਂ ਕਾਨੂੰਨੀ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ ਅਤੇ ਉਨ੍ਹਾਂ ਨੂੰ ਹੋਰ ਸਮਾਂ ਜੇਲ੍ਹਾਂ ਵਿੱਚ ਰੱਖਣਾ ਇਨਸਾਫ਼ ਦੇ ਸਿਧਾਂਤਾਂ ਦੀ ਉਲੰਘਣਾ ਹੈ। ਨਿਊ ਬੱਸ ਸਟੈਂਡ ਦੇ ਧਰਨੇ ਦੌਰਾਨ ਸਰਕਾਰੀ ਬੱਸਾਂ ਦੇ ਡਰਾਈਵਰਾਂ ਅਤੇ ਕੰਡਕਟਰਾਂ ਨੇ ਵੀ ਚੱਕਾ ਜਾਮ ਕਰ ਕੇ ਸਮਰਥਨ ਦਿੱਤਾ। ਬਹਾਦਰਗੜ੍ਹ ਅਤੇ ਟੌਲ ਪਲਾਜ਼ਾ ਉੱਤੇ ਵੀ ਧਰਨੇ ਲੱਗੇ। ਬੰਦ ਦੌਰਾਨ ਸੜਕਾਂ ਉੱਤੇ ਟਰੈਫਿਕ ਨਾ-ਮਾਤਰ ਰਿਹਾ, ਪਰ ਰੇਲ ਸੇਵਾਵਾਂ ਜਾਰੀ ਰਹੀਆਂ।
ਪਟਿਆਲਾ (ਗੁਰਨਾਮ ਸਿੰਘ ਅਕੀਦਾ): ਕੌਮੀ ਇਨਸਾਫ਼ ਮੋਰਚੇ ਦੇ ਸੱਦੇ ਉੱਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਅੱਜ ਪਟਿਆਲਾ ਸਵੇਰੇ 7 ਤੋਂ ਦੁਪਹਿਰ 2 ਵਜੇ ਤੱਕ ਮੁਕੰਮਲ ਬੰਦ ਰਿਹਾ। ਇਸ ਦੌਰਾਨ ਬੱਸ ਸੇਵਾਵਾਂ, ਪ੍ਰਾਈਵੇਟ ਸਕੂਲ ਅਤੇ ਬਾਜ਼ਾਰ ਬੰਦ ਰਹੇ, ਹਾਲਾਂਕਿ ਰੇਲ ਸੇਵਾਵਾਂ ਆਮ ਵਾਂਗ ਜਾਰੀ ਰਹੀਆਂ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਪ੍ਰੋ. ਮਹਿੰਦਰਪਾਲ ਸਿੰਘ, ਅਕਾਲੀ ਦਲ (ਪੁਨਰ-ਸੁਰਜੀਤੀ) ਦੇ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ‘ਵਾਰਿਸ ਪੰਜਾਬ ਦੇ’ ਆਗੂ ਜਸਵਿੰਦਰ ਸਿੰਘ ਡਰੌਲੀ ਨੇ ਬੰਦ ਦਾ ਭਰਵਾਂ ਸਮਰਥਨ ਕੀਤਾ। ਆਗੂਆਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਇਸ ਸ਼ਾਂਤਮਈ ਹੁੰਗਾਰੇ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਸਰਕਾਰ ਨੂੰ ਬੰਦੀ ਸਿੰਘਾਂ ਦੀ ਤੁਰੰਤ ਰਿਹਾਈ ਕਰਨੀ ਚਾਹੀਦੀ ਹੈ। ਪਰਮਜੀਤ ਸਿੰਘ ਸਹੌਲੀ ਨੇ ਵੀ ਹਰ ਤਰ੍ਹਾਂ ਦੇ ਸੰਘਰਸ਼ ’ਚ ਡਟਣ ਦਾ ਅਹਿਦ ਲਿਆ।
ਦੇਵੀਗੜ੍ਹ (ਸੁਰਿੰਦਰ ਸਿੰਘ ਚੌਹਾਨ/ਮੁਖਤਿਆਰ ਸਿੰਘ ਨੌਗਾਵਾਂ): ਬੰਦੀ ਸਿੰਘਾਂ ਦੀ ਰਿਹਾਈ ਲਈ ਦਿੱਤੇ ਪੰਜਾਬ ਬੰਦ ਦੇ ਸੱਦੇ ਦਾ ਸਨੌਰ ਹਲਕੇ ਵਿੱਚ ਭਰਵਾਂ ਅਸਰ ਦੇਖਣ ਨੂੰ ਮਿਲਿਆ। ਸਨੌਰ, ਦੇਵੀਗੜ੍ਹ, ਬਲਵੇੜਾ, ਭੁਨਰਹੇੜੀ ਅਤੇ ਬਹਾਦਰਗੜ੍ਹ ਦੇ ਬਾਜ਼ਾਰਾਂ ਵਿੱਚ ਦੁਕਾਨਾਂ ਮੁਕੰਮਲ ਤੌਰ ਉੱਤੇ ਬੰਦ ਰਹੀਆਂ। ਕੁਝ ਦੁਕਾਨਦਾਰਾਂ ਵੱਲੋਂ ਖੋਲ੍ਹੀਆਂ ਗਈਆਂ ਦੁਕਾਨਾਂ ਵੀ ਜਥੇਬੰਦੀਆਂ ਦੀ ਅਪੀਲ ਉੱਤੇ ਬੰਦ ਕਰ ਦਿੱਤੀਆਂ ਗਈਆਂ। ਵਪਾਰਕ ਗਤੀਵਿਧੀਆਂ ਪ੍ਰਭਾਵਿਤ ਹੋਣ ਕਾਰਨ ਸੜਕਾਂ ’ਤੇ ਆਵਾਜਾਈ ਘੱਟ ਰਹੀ।
ਮਾਲੇਰਕੋਟਲਾ (ਪਰਮਜੀਤ ਸਿੰਘ ਕੁਠਾਲਾ): ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਬੰਦ ਦੇ ਸੱਦੇ ਤਹਿਤ ਮਾਲੇਰਕੋਟਲਾ ਵਿੱਚ ਸੜਕੀ ਆਵਾਜਾਈ, ਬਾਜ਼ਾਰ ਅਤੇ ਵਿੱਦਿਅਕ ਅਦਾਰੇ ਬੰਦ ਰਹੇ। ਹਾਲਾਂਕਿ, ਸਬਜ਼ੀ ਮੰਡੀ ਵਿੱਚ ਖਰੀਦੋ-ਫਰੋਖਤ ਆਮ ਵਾਂਗ ਜਾਰੀ ਰਹੀ। ਪੰਥਕ ਜਥੇਬੰਦੀਆਂ ਨੇ ਗਰੇਵਾਲ ਚੌਕ, ਪਿੰਡ ਮੰਡੀਆਂ ਤੇ ਕਲਿਆਣ ਨਹਿਰੀ ਪੁਲ ਉੱਤੇ ਧਰਨੇ ਦੇ ਕੇ ਦੋ ਵਜੇ ਤੱਕ ਆਵਾਜਾਈ ਠੱਪ ਰੱਖੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਮੰਗਾਂ ਨਾ ਮੰਨਣ ’ਤੇ ਸੰਘਰਸ਼ ਤਿੱਖਾ ਕੀਤਾ ਜਾਵੇਗਾ।
ਰਾਜਪੁਰਾ (ਦਰਸ਼ਨ ਸਿੰਘ ਮਿੱਠਾ): ਬੰਦੀ ਸਿੰਘਾਂ ਦੀ ਰਿਹਾਈ ਲਈ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਰਾਜਪੁਰਾ ਵਿੱਚ ਭਰਪੂਰ ਹੁੰਗਾਰਾ ਮਿਲਿਆ। ਦੁਪਹਿਰ ਦੋ ਵਜੇ ਤੱਕ ਸ਼ਹਿਰ ਦੀਆਂ ਦੁਕਾਨਾਂ, ਵਪਾਰਕ ਅਦਾਰੇ ਅਤੇ ਵਿੱਦਿਅਕ ਸੰਸਥਾਵਾਂ ਮੁਕੰਮਲ ਤੌਰ ਉੱਤੇ ਬੰਦ ਰਹੀਆਂ। ਗਗਨ ਚੌਕ ਵਿੱਚ ਕਿਸਾਨ ਅਤੇ ਪੰਥਕ ਜਥੇਬੰਦੀਆਂ ਵੱਲੋਂ ਰੋਸ ਧਰਨਾ ਦਿੱਤਾ ਗਿਆ। ਆਗੂਆਂ ਨੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਮਨੁੱਖੀ ਅਧਿਕਾਰਾਂ ਦਾ ਮਸਲਾ ਦੱਸਦਿਆਂ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ।
ਨਾਭਾ (ਮੋਹਿਤ ਸਿੰਗਲਾ): ਬੰਦੀ ਸਿੰਘਾਂ ਦੀ ਰਿਹਾਈ ਲਈ ਨਾਭਾ ਵਿੱਚ ਮੁਕੰਮਲ ਬੰਦ ਰਿਹਾ। ਵਪਾਰ ਮੰਡਲ ਦੀ ਅਪੀਲ ਉੱਤੇ ਬਾਜ਼ਾਰ 2 ਵਜੇ ਤੱਕ ਬੰਦ ਰਹੇ। ਬੌੜਾਂ ਗੇਟ ਚੌਕ ਵਿੱਚ ਧਰਨਾ ਦੇ ਕੇ ਚੱਕਾ ਜਾਮ ਕੀਤਾ ਗਿਆ। ਕਿਸਾਨ ਆਗੂ ਗਮਦੂਰ ਸਿੰਘ ਨੇ ਸਰਕਾਰਾਂ ਉੱਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਨਾ ਕਰਨਾ ਸਰਕਾਰਾਂ ਦਾ ਸਿਆਸੀ ਨਾਟਕ ਹੈ।
ਪਾਤੜਾਂ (ਗੁਰਨਾਮ ਸਿੰਘ ਚੌਹਾਨ): ਬੰਦੀ ਸਿੰਘਾਂ ਦੀ ਰਿਹਾਈ ਲਈ ਦਿੱਤੇ ਬੰਦ ਦੇ ਸੱਦੇ ਨੂੰ ਪਾਤੜਾਂ ਵਿੱਚ ਭਰਵਾਂ ਹੁੰਗਾਰਾ ਮਿਲਿਆ। ਦੁਪਹਿਰ 2 ਵਜੇ ਤੱਕ ਬਾਜ਼ਾਰ, ਵਪਾਰਕ ਅਦਾਰੇ ਅਤੇ ਵਿੱਦਿਅਕ ਸੰਸਥਾਵਾਂ ਬੰਦ ਰਹੀਆਂ। ਕਿਸਾਨ ਅਤੇ ਸਮਾਜਿਕ ਜਥੇਬੰਦੀਆਂ ਨੇ ਸ਼ਹਿਰ ਵਿੱਚ ਰੋਸ ਮਾਰਚ ਕੱਢਣ ਮਗਰੋਂ ਭਗਤ ਸਿੰਘ ਚੌਕ ਵਿੱਚ ਦਿੱਲੀ-ਸੰਗਰੂਰ ਕੌਮੀ ਮਾਰਗ ਉੱਤੇ ਧਰਨਾ ਲਗਾਇਆ। ਆਗੂਆਂ ਨੇ ਦੋਸ਼ ਲਾਇਆ ਕਿ 30-32 ਸਾਲਾਂ ਤੋਂ ਸਜ਼ਾ ਪੂਰੀ ਕਰ ਚੁੱਕੇ ਸਿੰਘਾਂ ਨੂੰ ਜੇਲ੍ਹਾਂ ਵਿੱਚ ਰੱਖਣਾ ਮਨੁੱਖੀ ਅਧਿਕਾਰਾਂ ਦਾ ਘਾਣ ਹੈ।
ਘੱਗਾ (ਨਿੱਜੀ ਪੱਤਰ ਪ੍ਰੇਰਕ): ਕੌਮੀ ਇਨਸਾਫ਼ ਮੋਰਚੇ ਵੱਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਦਾ ਕਸਬਾ ਘੱਗਾ ਵਿੱਚ ਵੀ ਅਸਰ ਦੇਖਣ ਨੂੰ ਮਿਲਿਆ। ਦੁਕਾਨਦਾਰਾਂ ਅਤੇ ਕਾਰੋਬਾਰੀਆਂ ਨੇ ਬੰਦ ਦੀ ਹਮਾਇਤ ਕਰਦਿਆਂ ਮੈਡੀਕਲ ਸਟੋਰਾਂ ਤੋਂ ਇਲਾਵਾ ਬਾਕੀ ਸਾਰੇ ਬਾਜ਼ਾਰ ਬੰਦ ਰੱਖੇ। ਸਥਾਨਕ ਆਗੂਆਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਬੰਦੀ ਸਿੰਘਾਂ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ।
ਡਕਾਲਾ (ਮਾਨਵਜੋਤ ਭਿੰਡਰ): ਕਸਬਾ ਡਕਾਲਾ ਅਤੇ ਬਲਬੇੜ੍ਹਾ ਵਿੱਚ ਪੰਜਾਬ ਬੰਦ ਦੇ ਸੱਦੇ ਦੀ ਪੁਰਜ਼ੋਰ ਹਮਾਇਤ ਕਰਦਿਆਂ ਦੁਕਾਨਦਾਰਾਂ ਨੇ ਦੁਪਹਿਰ ਦੋ ਵਜੇ ਤੱਕ ਸ਼ਟਰ ਬੰਦ ਰੱਖੇ। ਬਲਬੇੜ੍ਹਾ ਵਿੱਚ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਆਗੂ ਸੁਖਬੀਰ ਸਿੰਘ ਬਲਬੇੜ੍ਹਾ ਦੀ ਅਗਵਾਈ ਹੇਠ ਰੋਸ ਧਰਨਾ ਦਿੱਤਾ ਗਿਆ। ਇਸੇ ਤਰ੍ਹਾਂ ਡਕਾਲਾ ਵਿੱਚ ਵੀ ਧਾਰਮਿਕ ਆਗੂਆਂ ਤੇ ਕਿਸਾਨ ਕਾਰਕੁਨਾਂ ਨੇ ਧਰਨਾ ਲਗਾ ਕੇ ਬੰਦੀ ਸਿੰਘਾਂ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ।
ਪੰਜਾਬੀ ਯੂਨੀਵਰਸਿਟੀ ਦੇ ਦੋਵੇਂ ਗੇਟ ਰਹੇ ਬੰਦ
ਪਟਿਆਲਾ (ਖੇਤਰੀ ਪ੍ਰਤੀਨਿਧ): ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਬੰਦ ਦੇ ਸੱਦੇ ਤਹਿਤ ਵੱਖ-ਵੱਖ ਵਿਦਿਆਰਥੀ ਜਥੇਬੰਦੀਆਂ ਨੇ ਪੰਜਾਬੀ ਯੂਨੀਵਰਸਿਟੀ ਦੇ ਮੁੱਖ ਅਤੇ ਪਿਛਲੇ ਗੇਟ ਉੱਤੇ ਧਰਨਾ ਦੇ ਕੇ ਕੰਮਕਾਜ ਠੱਪ ਕਰ ਦਿੱਤਾ। ਸਵੇਰੇ 7 ਵਜੇ ਤੋਂ ਸ਼ੁਰੂ ਹੋਏ ਇਨ੍ਹਾਂ ਧਰਨਿਆਂ ਕਾਰਨ ਅਧਿਕਾਰੀ ਅਤੇ ਮੁਲਾਜ਼ਮ ਅੰਦਰ ਨਾ ਜਾ ਸਕੇ, ਹਾਲਾਂਕਿ ਜ਼ਰੂਰੀ ਕੰਮ ਵਾਲਿਆਂ ਨਾਲ ਨਰਮੀ ਵਰਤੀ ਗਈ। ਯੂਨਾਈਟਿਡ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਨਿਰਮਲਜੀਤ ਸਿੰਘ, ਐੱਸ ਓ ਆਈ ਦੇ ਕੁਲਦੀਪ ਸਿੰਘ ਝਿੰਜਰ ਅਤੇ ਹੁਸਨ ਚਹਿਲ ਸਮੇਤ ਕਈ ਆਗੂਆਂ ਨੇ ਸੰਬੋਧਨ ਕੀਤਾ। ਆਗੂਆਂ ਨੇ ਦੋਸ਼ ਲਾਇਆ ਕਿ ਸਰਕਾਰ ਸਿੱਖਾਂ ਨਾਲ ਦੋਹਰੇ ਮਾਪਦੰਡ ਅਪਣਾ ਰਹੀ ਹੈ। ਉਨ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਦੇ ਨਾਲ-ਨਾਲ ਯੂਨੀਵਰਸਿਟੀ ਨੂੰ ਕਰਜ਼ਾ ਮੁਕਤ ਕਰਨ ਦੀ ਮੰਗ ਵੀ ਜ਼ੋਰਦਾਰ ਢੰਗ ਨਾਲ ਉਠਾਈ।
ਟੌਲ ਪਲਾਜ਼ਿਆਂ ’ਤੇ ਕਿਸਾਨਾਂ ਵੱਲੋਂ ਧਰਨੇ
ਪਟਿਆਲਾ (ਸਰਬਜੀਤ ਸਿੰਘ ਭੰਗੂ): ਕੌਮੀ ਇਨਸਾਫ਼ ਮੋਰਚੇ ਵੱਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਦਾ ਸਮਰਥਨ ਕਰਦਿਆਂ ਪਟਿਆਲਾ ਜ਼ਿਲ੍ਹੇ ਵਿੱਚ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਧਰਨੇ ਦਿੱਤੇ। ਕਿਸਾਨਾਂ ਨੇ ਰਾਜਪੁਰਾ ਰੋਡ ਉੱਤੇ ਧਰੇੜੀ ਜੱਟਾਂ ਟੌਲ ਪਲਾਜ਼ਾ ਅਤੇ ਸਰਹਿੰਦ ਰੋਡ ’ਤੇ ਫੱਗਣਮਾਜਰਾ ਨੇੜੇ ਧਰਨਾ ਲਾ ਕੇ ਆਵਾਜਾਈ ਠੱਪ ਕਰ ਦਿੱਤੀ, ਜਿਸ ਕਾਰਨ ਪੁਲੀਸ ਨੂੰ ਬਦਲਵੇਂ ਰੂਟ ਬਣਾਉਣੇ ਪਏ। ਹਾਲਾਂਕਿ, ਐਂਬੂਲੈਂਸਾਂ ਨੂੰ ਰਾਹ ਦਿੱਤਾ ਗਿਆ। ਰਣਜੀਤ ਸਿੰਘ ਸਵਾਜਪੁਰ, ਬਲਕਾਰ ਸਿੰਘ ਬੈਂਸ ਅਤੇ ਜੰਗ ਸਿੰਘ ਭਟੇੜੀ ਸਮੇਤ ਕਈ ਆਗੂਆਂ ਨੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਕਿਸਾਨੀ ਮੰਗਾਂ ਪੂਰੀਆਂ ਕਰਨ ਦੀ ਮੰਗ ਉਠਾਈ। ਡਾ. ਦਰਸ਼ਨਪਾਲ ਦੀ ਅਗਵਾਈ ਹੇਠ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਕਾਰਕੁਨਾਂ ਨੇ ਵੀ ਪ੍ਰਦਰਸ਼ਨਾਂ ਵਿੱਚ ਸਰਗਰਮੀ ਨਾਲ ਹਿੱਸਾ ਲਿਆ।

