public protest: ਫੈਕਟਰੀ ਬੰਦ ਕਰਾਉਣ ਲਈ ਸੰਘਰਸ਼ ਭਖਿਆ
ਸ਼ੇਰਪੁਰ-ਧੂਰੀ ਮੁੱਖ ਮਾਰਗ ਪੂਰੀ ਤਰ੍ਹਾਂ ਜਾਮ; ਲੋਕਾਂ ਨੇ ਸਡ਼ਕ ’ਤੇ ਰਾਤ ਗੁਜ਼ਾਰੀ; ਜੈੱਡ ਐੱਲ ਡੀ ਦੀ ਉਲੰਘਣਾ ਖ਼ਿਲਾਫ਼ ਕਾਰਵਾਈ ਨਾ ਹੋਣ ’ਤੇ ਰੋਸ
ਹਾਰਪ ਕੈਮੀਕਲਜ਼ ਪ੍ਰਾਈਵੇਟ ਲਿਮਟਿਡ ਜਹਾਂਗੀਰ ਵੱਲੋਂ ਕਥਿਤ ਤੌਰ ’ਤੇ ਫੈਲਾਏ ਜਾ ਰਹੇ ਵਾਤਾਵਰਨ ਪ੍ਰਦੂਸ਼ਨ ਖ਼ਿਲਾਫ਼ ਸੰਘਰਸ਼ ਕਰ ਰਹੀ ਕਮੇਟੀ ਦੀ ਅਗਵਾਈ ਹੇਠ ਲੋਕਾਂ ਵੱਲੋਂ ਪਿਛਲੇ ਤਕਰੀਬਨ 32 ਘੰਟਿਆਂ ਤੋਂ ਲਗਾਤਾਰ ਸ਼ੇਰਪੁਰ-ਧੂਰੀ ਮੁੱਖ ਮਾਰਗ ਜਾਮ ਕਰ ਕੇ ਧਰਨਾ ਜਾਰੀ ਰੱਖਿਆ ਗਿਆ। ਧਰਨਾਕਾਰੀ ਫੈਕਟਰੀ ਨੂੰ ਤੁਰੰਤ ਬੰਦ ਕਰਨ ਦੀ ਮੰਗ ’ਤੇ ਅੜੇ ਹੋਏ ਹਨ। ਯਾਦ ਰਹੇ ਕਿ ਸਵਾ ਮਹੀਨੇ ਤੋਂ ਸੰਘਰਸ਼ ਕਰ ਰਹੇ ਲੋਕਾਂ ਨੇ ਬੁੱਧਵਾਰ ਸਵੇਰੇ ਕਰੀਬ 11 ਵਜੇ ਚੱਕਾ ਜਾਮ ਕਰ ਦਿੱਤਾ ਸੀ ਅਤੇੇ ਫੈਕਟਰੀ ਵਿੱਚੋਂ ਨਿਕਲ ਰਹੇ ਰਾਖ ਨਾਲ ਭਰੇ ਟਿੱਪਰਾਂ ਵਿੱਚੋਂ ਪਾਣੀ ਰਿਸਣ ਕਾਰਨ ਜ਼ੀਰੋ ਲਿਕਵਿਡ ਡਿਸਚਾਰਜ (ਜੈੱਡ ਐੱਲ ਡੀ) ਦੀ ਕਥਿਤ ਉਲੰਘਣਾ ਸਬੰਧੀ ਕਾਰਵਾਈ ਦੀ ਮੰਗ ਕੀਤੀ ਸੀ। ਲੋਕਾਂ ਨੇ ਦੋਸ਼ ਲਾਇਆ ਕਿ ਮੌਕੇ ’ਤੇ ਪਹੁੰਚੇ ਵਿਭਾਗ ਦੇ ਉੱਚ ਅਧਿਕਾਰੀਆਂ ਵਲੋਂ ਕਾਰਵਾਈ ਕਰਨ ਦੀ ਥਾਂ ਆਪਣੀਆਂ ਗੱਡੀਆਂ ਛੱਡ ਰਫੂਚੱਕਰ ਹੋਣ ਤੋਂ ਲੋਕਾਂ ਦਾ ਰੋਸ ਵਧ ਗਿਆ ਹੈ।
ਅੱਜ ਫੈਕਟਰੀ ਅੱਗੇ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਸਾਂਝੀਵਾਲਤਾ ਦਲ ਦੇ ਸੂਬਾਈ ਆਗੂ ਅਮਿਤੋਜ ਮਾਨ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਕਥਿਤ ਇਸ਼ਾਰੇ ’ਤੇ ਜ਼ੈੱਡ ਐੱਲ ਡੀ ਦੀ ਉਲੰਘਣਾ ਨਾ ਕਰਨ ਦੇ ਵਾਅਦੇ ਨਾਲ ਲੱਗੀ ਫੈਕਟਰੀ ਵੱਲੋਂ ਨਿਯਮਾਂ ਦੀ ਉਲੰਘਣਾ ਦੇ ਪ੍ਰਤੱਖ ਪ੍ਰਮਾਣ ਹੋਣ ਦੇ ਬਾਵਜੂਦ ਅਧਿਕਾਰੀ ਮੈਨੇਜਮੈਂਟ ਦੀ ਢਾਲ ਬਣੇ ਹੋਏ ਹਨ।
ਕਿਸਾਨ ਆਗੂ ਭਾਨਾ ਸਿੱਧੂ ਨੇ ਪ੍ਰਸ਼ਾਸਨ ਵੱਲੋਂ ਸੁਣਵਾਈ ਨਾ ਕੀਤੇ ਜਾਣ ’ਤੇ ਫੈਕਟਰੀ ਦੇ ਗੇਟ ਅੱਗੇ ਕੰਧ ਕੱਢਣ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ। ਇਸੇ ਦੌਰਾਨ ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਆਗੂ ਭੁਪਿੰਦਰ ਸਿੰਘ ਲੌਂਗੋਵਾਲ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਮਨਜੀਤ ਸਿੰਘ ਜਹਾਂਗੀਰ ਨੇ ਵੱਡੀ ਗਿਣਤੀ ਕਿਸਾਨ ਕਾਰਕੁਨਾਂ ਸਮੇਤ ਧਰਨੇ ਵਿੱਚ ਸ਼ਮੂਲੀਅਤ ਕਰਕੇ ਸੰਘਰਸ਼ ਨੂੰ ਸਮਰਥਨ ਦਿੱਤਾ। ਧਰਨਾਕਾਰੀਆਂ ਨੇ ਲੰਘੀ ਰਾਤ ਟਰਾਲੀਆਂ ਲਾ ਕੇ ਰਸਤਾ ਪੂਰੀ ਤਰ੍ਹਾਂ ਬੰਦ ਰੱਖਿਆ ਅਤੇ ਸੜਕ ’ਤੇ ਹੀ ਰਾਤ ਗੁਜ਼ਾਰੀ।
ਅੱਜ ਡਿਪਟੀ ਕਮਿਸ਼ਨਰ ਸੰਗਰੂਰ ਵੱਲੋਂ ਸੰਘਰਸ਼ ਕਮੇਟੀ ਨੂੰ ਆਪਣੇ ਦਫ਼ਤਰ ਆ ਕੇ ਗੱਲਬਾਤ ਲਈ ਸੱਦਾ ਭੇਜਿਆ ਗਿਆ ਜੋ ਉਨ੍ਹਾਂ ਠੁਕਰਾ ਦਿੱਤਾ। ਅੱਜ ਸ਼ਾਮ ਐੱਸ ਐੱਚ ਓ ਕਰਨਵੀਰ ਸਿੰਘ ਸੰਧੂ ਨੇ ਐੱਸ ਡੀ ਐੱਮ ਵਿਜੈ ਇਸਮਤ ਸਿੰਘ, ਐਕਸੀਅਨ ਪ੍ਰਦੂਸ਼ਣ ਕੰਟਰੋਲ ਬੋਰਡ ਪੰਕਜ ਸਿੰਗਲਾ ਤੇ ਹੋਰਨਾਂ ਦੀ ਕਮੇਟੀ ਆਗੂਆਂ ਦੇ ਮੋਹਰੀ ਜਸਪਾਲ ਸਿੰਘ ਜੱਸਾ, ਲਖਵੀਰ ਸਿੰਘ ਜਹਾਂਗੀਰ, ਗੁਰਕੀਰਤਨ ਸਿੰਘ ਬਮਾਲ, ਡਾ. ਬਿਨੇਪਾਲ ਸਿੰਘ ਆਦਿ ਨਾਲ ਧਰਨੇ ਦੇ ਨੇੜਲੀ ਜਗ੍ਹਾ ’ਤੇ ਮੀਟਿੰਗ ਕਰਵਾਈ। ਵਿਭਾਗ ਨੇ ਫੈਕਟਰੀ ਨੂੰ ਕੱਢਿਆ ਨੋਟਿਸ ਵਿਖਾਇਆ ਜਿਸ ਦਾ 22 ਅਕਤੂਬਰ ਤੱਕ ਜਵਾਬ ਮੰਗਿਆ ਗਿਆ ਹੈ ਪਰ ਗੱਲਬਾਤ ਸਿਰੇ ਨਹੀਂ ਲੱਗ ਸਕੀ। ਖ਼ਬਰ ਲਿਖੇ ਜਾਣ ਤੱਕ ਧਰਨਾਕਾਰੀ ਸੜਕ ’ਤੇ ਡਟੇ ਹੋਏ ਸਨ।

