ਪੰਜਾਬ ਦੀਆਂ ਸਾਂਝੀਆਂ ਟਰੇਡ ਯੂਨੀਅਨ ਦੇ ਸੱਦੇ ਤਹਿਤ ਅੱਜ ਏਟਕ, ਸੀਟੂ, ਏਟਕੂ ਅਤੇ ਜਨਤਕ ਜਮਹੂਰੀ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਦੇ ਲੋਕ ਮਾਰੂ ਫੈਸਲਿਆਂ ਖ਼ਿਲਾਫ਼ ਮੁਜ਼ਾਹਰਾ ਕੀਤਾ ਗਿਆ ਅਤੇ ਕੇਂਦਰ ਸਰਕਾਰ ਦੇ ਚਾਰ ਲੇਬਰ ਕੋਡ ਦੀਆਂ ਕਾਪੀਆਂ ਸਾੜਦਿਆਂ ਨਾਅਰੇਬਾਜ਼ੀ ਕੀਤੀ ਗਈ।
ਵੱਖ-ਵੱਖ ਯੂਨੀਅਨਾਂ ਦੇ ਕਾਰਕੁਨ ਸਥਾਨਕ ਸੁਤੰਤਰ ਭਵਨ ਵਿੱਚ ਇਕੱਠੇ ਹੋਏ ਜਿੱਥੋਂ ਮਾਰਚ ਕਰਦਿਆਂ ਸੰਗਰੂਰ-ਲੁਧਿਆਣਾ ਸਟੇਟ ਹਾਈਵੇਅ-11 ਉਪਰ ਸਥਿਤ ਭਗਵਾਨ ਮਹਾਂਵੀਰ ਚੌਕ ਵਿੱਚ ਪੁੱਜੇ ਜਿੱਥੇ ਕੇਂਦਰ ਸਰਕਾਰ ਦੇ ਚਾਰ ਲੇਬਰ ਕੋਡ ਦੀਆਂ ਕਾਪੀਆਂ ਸਾੜ ਕੇ ਪ੍ਰਦਰਸ਼ਨ ਕੀਤਾ ਗਿਆ। ਆਗੂਆਂ ਕਾਮਰੇਡ ਸੁਖਦੇਵ ਸ਼ਰਮਾ, ਪ੍ਰਦੀਪ ਚੀਮਾ, ਇੰਦਰਪਾਲ ਸਿੰਘ, ਰਾਮ ਸਿੰਘ ਸੋਹੀਆਂ, ਸਰਬਜੀਤ ਸਿੰਘ ਗੋਬਿੰਦ ਸਿੰਘ ਛਾਜਲੀ, ਸਵਰਨਜੀਤ ਸਿੰਘ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਗਾਤਾਰ ਕਿਸਾਨ, ਮਜ਼ਦੂਰ, ਮੁਲਾਜ਼ਮ ਅਤੇ ਹਰ ਵਰਗ ਦੇ ਹਿੱਤਾਂ ਦੀ ਰਾਖੀ ਕਰਨ ਦੀ ਬਜਾਏ ਮਾਰੂ ਬਿੱਲ ਲਿਆਂਦੇ ਜਾ ਰਹੇ ਹਨ ਜਿਸ ਕਾਰਨ ਹਰ ਵਰਗ ਵਿੱਚ ਰੋਸ ਹੈ। ਉਨ੍ਹਾਂ ਕਿਹਾ ਕਿ ਜਿਹੜੇ 29 ਲੇਬਰ ਕਾਨੂੰਨ ਵਰਕਰਾਂ ਦੇ ਸੰਘਰਸ਼ਾਂ ਦੀ ਬਦੌਲਤ ਹੋਂਦ ਵਿੱਚ ਆਏ ਸਨ, ਉਹ ਮੁਕੰਮਲ ਤੌਰ ’ਤੇ ਲੋਕਾਂ/ਵਰਕਰਾਂ ਨੂੰ ਪੂਰਨ ਕਾਨੂੰਨੀ ਸੁਰੱਖਿਆ ਪ੍ਰਦਾਨ ਕਰਦੇ ਸਨ ਪਰ ਕੇਂਦਰ ਸਰਕਾਰ ਵੱਲੋਂ ਇਨ੍ਹਾਂ 29 ਕਾਨੂੰਨਾਂ ਨੂੰ ਰੱਦ ਕਰਕੇ ਨਵੇਂ ਚਾਰ ਲੇਬਰ ਕੋਡ ਬਣਾਏ ਗਏ ਹਨ ਜੋ ਮਜ਼ਦੂਰ ਵਰਗ ਦੇ ਹੱਕ ਵਿੱਚ ਨਹੀਂ ਹਨ ਸਗੋਂ ਕਾਰਪੋਰੇਟ ਘਰਾਣਿਆਂ ਅਤੇ ਉਦਯੋਗਪਤੀਆਂ ਨੂੰ ਲਾਭ ਪਹੁੰਚਾਉਣ ਵਾਲੇ ਹਨ। ਆਗੂਆਂ ਮੰਗ ਕੀਤੀ ਕਿ ਚਾਰ ਲੇਬਰ ਕੋਡ ਅਤੇ ਹੋਰ ਲੋਕ ਮਾਰੂ ਬਿੱਲ ਤੁਰੰਤ ਵਾਪਸ ਲਏ ਜਾਣ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਇਹ ਬਿੱਲ ਕੇਂਦਰ ਸਰਕਾਰ ਵੱਲੋਂ ਵਾਪਸ ਨਾ ਲਏ ਗਏ ਤਾਂ ਤਿੱਖੇ ਸੰਘਰਸ਼ ਕੀਤੇ ਜਾਣਗੇ।

