ਮੁਕੇਸ਼ ਮਲੌਦ ਦੀ ਗ੍ਰਿਫ਼ਤਾਰੀ ਖ਼ਿਲਾਫ਼ ਪੀ ਐੱਸ ਯੂ ਵੱਲੋਂ ਪ੍ਰਦਰਸ਼ਨ
ਮਜ਼ਦੂਰ ਆਗੂ ਫੌਰੀ ਰਿਹਾਈ ਦੀ ਮੰਗ; ਗੈਸਟ ਫੈਕਲਟੀ ਟੀਚਰਾਂ ਦੇ ਧਰਨੇ ਵਿੱਚ ਸ਼ਾਮਲ ਹੋਣ ਦਾ ਐਲਾਨ
ਪੰਜਾਬ ਪੁਲੀਸ ਵੱਲੋਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਲੌਦ ਨੂੰ ਦਿੱਲੀ ਰੇਲਵੇ ਸਟੇਸ਼ਨ ਤੋਂ ਗ੍ਰਿਫ਼ਤਾਰ ਕਰਨ ਖ਼ਿਲਾਫ਼ ਪੰਜਾਬ ਸਟੂਡੈਂਟਸ ਯੂਨੀਅਨ ਦੀ ਜ਼ਿਲ੍ਹਾ ਆਗੂ ਕਮਲਦੀਪ ਕੌਰ ਦੀ ਅਗਵਾਈ ਹੇਠ ਵਿਦਿਆਰਥੀਆਂ ਨੇ ਅੱਜ ਇੱਥੇ ਸਰਕਾਰੀ ਆਈ ਟੀ ਆਈ ਮਾਲੇਰਕੋਟਲਾ ਵਿੱਚ ਪ੍ਰਦਰਸ਼ਨ ਕੀਤਾ। ਉਨ੍ਹਾਂ ਮੰਗ ਕੀਤੀ ਕਿ ਮਜ਼ਦੂਰ ਆਗੂ ਮੁਕੇਸ਼ ਮਲੌਦ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਮਲਦੀਪ ਕੌਰ ਨੇ ਦੱਸਿਆ ਕਿ ਜ਼ਮੀਨ ਦੀ ਕਾਣੀ ਵੰਡ ਨੂੰ ਖਤਮ ਕਰਨ ਅਤੇ ਬੇਜ਼ਮੀਨੇ ਕਿਸਾਨ ਮਜ਼ਦੂਰਾਂ ਦੇ ਹੱਕਾਂ ਲਈ ਲੜਦੇ ਆ ਰਹੇ ਮੁਕੇਸ਼ ਮਲੌਦ ਨੂੰ ਪੰਜਾਬ ਦੀ ਸਪੈਸ਼ਲ ਪੁਲੀਸ ਤੇ ਸੀ ਆਈ ਸਟਾਫ ਨੇ ਦਿੱਲੀ ਰੇਲਵੇ ਸਟੇਸ਼ਨ ਤੋਂ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ’ਤੇ ਮਜ਼ਦੂਰ ਪ੍ਰਤੀ ਦੋਹਰਾ ਮਾਪਦੰਡ ਅਪਨਾਉਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਇਸ ਸਰਕਾਰ ਨੇ ਲੇਬਰ ਕੋਡ ਬਿੱਲ, ਬਿਜਲੀ ਸੋਧ ਬਿੱਲ ਤੇ ਮਨਰੇਗਾ ਸੋਧ ਬਿੱਲ ਬਾਰੇ ਮਹਿਜ਼ ਡਰਾਮੇਬਾਜੀ ਤੋਂ ਬਗੈਰ ਕੋਈ ਸਾਰਥਕ ਕਦਮ ਨਹੀਂ ਚੁੱਕਿਆ। ਵਿਦਿਆਰਥੀ ਆਗੂ ਨੇ 22 ਦਸੰਬਰ ਤੋਂ ਲਗਾਤਾਰ ਹੜਤਾਲ ’ਤੇ ਚੱਲ ਰਹੇ ਆਈ ਟੀ ਆਈ ਗੈਸਟ ਫੈਕਲਟੀ ਟੀਚਰਾਂ ਦੇ ਸੰਘਰਸ਼ ਦੀ ਹਮਾਇਤ ਕਰਦਿਆਂ ਐਲਾਨ ਕੀਤਾ ਕਿ ਪੀ ਐੱਸ ਯੂ ਆਈ ਟੀ ਆਈਜ਼ ਗੈਸਟ ਫੈਕਲਟੀ ਇੰਸਟਰਕਟਰ ਯੂਨੀਅਨ ਵੱਲੋਂ 5 ਜਨਵਰੀ ਨੂੰ ਮੁੱਖ ਮੰਤਰੀ ਦੇ ਹਲਕੇ ਧੂਰੀ ’ਚ ਕੀਤੇ ਜਾ ਰਹੇ ਪੰਜਾਬ ਪੱਧਰੀ ਪ੍ਰਦਰਸ਼ਨ ਵਿੱਚ ਕਾਫ਼ਲੇ ਬੰਨ੍ਹ ਕੇ ਸ਼ਾਮਲ ਹੋਵੇਗੀ। ਇਸ ਮੌਕੇ ਆਈਟੀਆਈ ਆਗੂ ਪਾਰਸ ਧੂਰੀ ਅਤੇ ਜਗਤਾਰ ਸਿੰਘ ਉਪੋਕੀ ਨੇ ਵੀ ਸੰਬੋਧਨ ਕੀਤਾ।

