ਕੌਮੀ ਮਾਰਗ ਉਪਰ ਆਵਾਜਾਈ ਠੱਪ ਕਰਕੇ ਰੋਸ ਧਰਨਾ ਦਿੱਤਾ

* ਔਰਬਿਟ ਦੀ ਲਪੇਟ ’ਚ ਆਈ ਦਲਿਤ ਮਜ਼ਦੂਰ ਔਰਤ

ਕੌਮੀ ਮਾਰਗ ਉਪਰ ਆਵਾਜਾਈ ਠੱਪ ਕਰਕੇ ਰੋਸ ਧਰਨਾ ਦਿੱਤਾ

ਪਿੰਡ ਬਡਰੁੱਖਾਂ ’ਚ ਬਠਿੰੰਡਾ-ਜ਼ੀਰਕਪੁਰ ਕੌਮੀ ਹਾਈਵੇ ਉੱਤੇ ਲਾਏ ਜਾਮ ਦਾ ਦ੍ਰਿਸ਼।

ਗੁਰਦੀਪ ਸਿੰਘ ਲਾਲੀ

ਸੰਗਰੂਰ, 15 ਜਨਵਰੀ

ਇੱਕ ਵੱਡੇ ਸਿਆਸੀ ਘਰਾਣੇ ਦੀ ਮਾਲਕੀ ਵਾਲੀ ਬੱਸ ਦੀ ਲਪੇਟ ’ਚ ਆਉਣ ਕਾਰਨ ਬੁਰੀ ਤਰਾਂ ਜ਼ਖ਼ਮੀ ਹੋਈ ਪਿੰਡ ਬਹਾਦਰਪੁਰ ਦੀ ਗਰੀਬ ਦਲਿਤ ਔਰਤ ਨੂੰ ਇਨਸਾਫ਼ ਦਿਵਾਉਣ ਲਈ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਲੋਕਾਂ ਵਲੋਂ ਪੁਲੀਸ ਚੌਕੀ ਬਡਰੁੱਖਾਂ ਅੱਗੇ ਬਠਿੰਡਾ-ਜ਼ੀਰਕਪੁਰ ਕੌਮੀ ਹਾਈਵੇ ਉਪਰ ਆਵਾਜਾਈ ਠੱਪ ਕਰਕੇ ਰੋਸ ਧਰਨਾ ਦਿੱਤਾ ਗਿਆ। ਪ੍ਰਦਰਸ਼ਨਕਾਰੀ ਮੰਗ ਕਰ ਰਹੇ ਸਨ ਕਿ ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ’ਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੀ ਗਰੀਬ ਔਰਤ ਦਾ ਮੁਫ਼ਤ ਇਲਾਜ ਕਰਵਾਇਆ ਜਾਵੇ। ਅੱਜ ਸ਼ਾਮ ਕਰੀਬ ਸਾਢੇ ਚਾਰ ਵਜੇ ਰੋਹ ਵਿਚ ਆਏ ਲੋਕਾਂ ਵਲੋਂ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਕੌਮੀ ਹਾਈਵੇ ਉਪਰ ਆਵਾਜਾਈ ਠੱਪ ਕਰਕੇ ਰੋਸ ਧਰਨਾ ਲਗਾ ਦਿੱਤਾ।ਧਰਨੇ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਦਰਸ਼ਨ ਸਿੰਘ ਕੁੰਨਰਾਂ,  ਜਸਦੀਪ ਸਿੰਘ ਬਹਾਦਰਪੁਰ, ਜੁਝਾਰ ਸਿੰਘ ਬਡਰੁੱਖਾਂ ਅਤੇ ਬੱਗਾ ਸਿੰਘ ਬਹਾਦਰਪੁਰ ਨੇ ਦੱਸਿਆ ਕਿ ਮਸਤੂਆਣਾ ਸਾਹਿਬ ਦੇ ਨਜ਼ਦੀਕ ਔਰਬਿਟ ਬੱਸ ਵਲੋਂ ਕੱਲ੍ਹ ਇੱਕ ਗਰੀਬ ਦਲਿਤ ਮਜ਼ਦੂਰ ਔਰਤ ਗੁਰਮੀਤ ਕੌਰ (47) ਨੂੰ ਲਪੇਟ ਵਿਚ ਲੈ ਲਿਆ ਜਿਸ ਕਾਰਨ ਔਰਤ ਦੇ ਸਿਰ ’ਚ ਸੱਟ ਲੱਗੀ, ਲੱਤ ਟੁੱਟ ਗਈ ਅਤੇ ਹੋਰ ਵੀ ਕਾਫ਼ੀ ਸੱਟਾਂ ਲੱਗੀਆਂ ਹਨ ਜੋ ਕਿ ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ’ਚ ਗੰਭੀਰ ਹਾਲਤ ਵਿਚ ਦਾਖਲ ਹੈ। 

‘ਸਮਝੌਤਾ ਸਿਰੇ ਨਹੀਂ ਚੜ੍ਹਿਆ­­­’

ਇਸ ਸਬੰਧ ਵਿਚ ਥਾਣਾ ਲੌਂਗੋਵਾਲ ਦੇ ਐੱਸ.ਐੱਚ.ਓ. ਜਰਨੈਲ ਸਿੰਘ ਦਾ ਕਹਿਣਾ ਹੈ ਕਿ ਹਾਦਸੇ ਸਬੰਧੀ ਅੱਜ ਦੋਵਾਂ ਧਿਰਾਂ ਵਿਚਕਾਰ ਕੋਈ ਸਮਝੌਤਾ ਨਹੀਂ ਹੋ ਸਕਿਆ। ਪ੍ਰਦਰਸ਼ਨਕਾਰੀ ਔਰਤ ਦੇ ਇਲਾਜ ’ਤੇ ਕਰੀਬ ਤਿੰਨ ਲੱਖ ਰੁਪਏ ਦਾ ਖਰਚਾ ਦੱਸ ਰਹੇ ਹਨ। ਪੁਲੀਸ ਵਲੋਂ ਜ਼ਖ਼ਮੀ ਔਰਤ ਦੇ ਬਿਆਨ ਦਰਜ ਕਰਕੇ ਕਾਨੂੰਨ ਅਨੁਸਾਰ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All