DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

‘ਆਪ’ ਵਿਧਾਇਕਾਂ ਤੇ ਭਾਜਪਾ ਆਗੂਆਂ ਦੇ ਘਰਾਂ ਅੱਗੇ ਧਰਨੇ

ਕਿਸਾਨਾਂ ਨੇ ਭਾਰਤ-ਅਮਰੀਕਾ ਵਪਾਰ ਸਮਝੌਤੇ ਅਤੇ ਮਾਰੂ ਨੀਤੀਆਂ ਦਾ ਵਿਰੋਧ ਕੀਤਾ

  • fb
  • twitter
  • whatsapp
  • whatsapp
featured-img featured-img
ਸੰਗਰੂਰ ’ਚ ਮੁੱਖ ਮੰਤਰੀ ਕੋਠੀ ਅੱਗੇ ਧਰਨੇ ਨੂੰ ਸੰਬੋਧਨ ਕਰਦਾ ਹੋਇਆ ਕਿਸਾਨ ਆਗੂ।
Advertisement

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਭਾਰਤ-ਅਮਰੀਕਾ ਵਪਾਰ ਸਮਝੌਤੇ ਖਿਲਾਫ਼ ਹਜ਼ਾਰਾਂ ਕਿਸਾਨਾਂ ਵਲੋਂ ਇਥੇ ਮੁੱਖ ਮੰਤਰੀ ਦੀ ਕੋਠੀ ਅੱਗੇ ਧਰਨਾ ਦਿੱਤਾ ਗਿਆ ਅਤੇ ਕੇਂਦਰ ਅਤੇ ਪੰਜਾਬ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਧਰਨੇ ਦੌਰਾਨ ਬੀ ਕੇ ਯੂ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਸਮੇਤ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਸੂਬਾ ਆਗੂਆਂ ਵਲੋਂ ਪੰਜਾਬ ਦੇ ਲੋਕਾਂ ਨੂੰ ਹਾਕਮਾਂ ਵਲੋਂ ਨਿੱਤ ਦਿਨ ਹੋ ਰਹੇ ਅਜਿਹੇ ਲੋਕ ਵਿਰੋਧੀ ਫੈਸਲਿਆਂ ਅਤੇ ਸਰਕਾਰੀ ਜਬਰ ਦੇ ਖ਼ਿਲਾਫ਼ ਇੱਕਜੁੱਟ ਹੋ ਕੇ ਆਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ। ਧਰਨੇ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਭਾਰਤ ਦੇਸ਼ ਦੀਆਂ ਹੁਣ ਤੱਕ ਦੀਆਂ ਹਕੂਮਤਾਂ ਦਾ ਫੈਸਲਾ ਸੀ ਕਿ ਖੇਤੀਬਾੜੀ ਖੇਤਰ ਤੇ ਵਿਕਸਤ ਮੁਲਕਾਂ ਨਾਲ ਕਦ ਦੇ ਵੀ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ ਅਤੇ ਭਾਰਤ ਦੀ ਮੰਡੀ ਕਿਸੇ ਵੀ ਮੁਲਕ ਨੂੰ ਵੇਚਣ ਦੀ ਇਜ਼ਾਜਤ ਨਹੀਂ ਦਿੱਤੀ ਜਾਵੇਗੀ ਪਰ ਅਮਰੀਕਾ ਨੇ ਦੇਸ਼ ਦੀ ਮੌਜੂਦਾ ਮੋਦੀ ਹਕੂਮਤ ਦੀ ਗਰਦਨ ਉਪਰ ਗੋਡਾ ਧਰ ਕੇ ਕਰ ਮੁਕਤ ਵਪਾਰ ਸਮਝੌਤਾ ਕੀਤਾ ਹੈ। ਇਸ ਮੌਕੇ ਬੀ ਕੇ ਯੂ ਡਕੌਂਦਾ ਬੁਰਜਗਿੱਲ ਦੇ ਸੂਬਾ ਮੀਤ ਪ੍ਰਧਾਨ ਗੁਰਮੀਤ ਭੱਟੀਵਾਲ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਭੁਪਿੰਦਰ ਸਿੰਘ ਲੌਂਗੋਵਾਲ, ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਸੂਬਾ ਆਗੂ ਮੇਜਰ ਸਿੰਘ ਪੁੰਨਾਂਵਾਲ, ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਆਗੂ ਉੱਦਮ ਸਿੰਘ ਸੰਤੋਖਪੁਰਾ, ਕੁੱਲ ਹਿੰਦ ਕਿਸਾਨ ਸਭਾ ਅਜੇ ਭਵਨ ਦੇ ਸੂਬਾ ਆਗੂ ਬਲਦੇਵ ਸਿੰਘ ਨਿਹਾਲਗੜ੍ਹ, ਬੀ ਕੇ ਯੂ ਰਾਜੇਵਾਲ ਦੇ ਜ਼ਿਲ੍ਹਾ ਆਗੂ ਕੁਲਵਿੰਦਰ ਸਿੰਘ ਮਾਝਾ, ਬੀ ਕੇ ਯੂ ਡਕੌਂਦਾ ਧਨੇਰ ਦੇ ਜ਼ਿਲ੍ਹਾ ਸਕੱਤਰ ਜਗਤਾਰ ਸਿੰਘ ਦੁੱਗਾਂ ਨੇ ਕਿਹਾ ਕਿ ਜੇਕਰ ਮੋਦੀ ਸਰਕਾਰ ਇਸ ਸਮਝੌਤੇ ਨੂੰ ਵਾਪਸ ਨਹੀਂ ਲੈਂਦੀ ਤਾਂ ਇਸ ਸੰਘਰਸ਼ ਨੂੰ ਹੋਰ ਵਿਸ਼ਾਲ ਕੀਤਾ ਜਾਵੇਗਾ। ਉਨ੍ਹਾਂ ਐਲਾਨ ਕੀਤਾ ਕਿ 10 ਮਾਰਚ ਨੂੰ ਬਰਨਾਲਾ ਵਿੱਚ ਮਹਾਪੰਚਾਇਤ ਕਰਕੇ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਆਗੂਆਂ ਨੇ ਮੰਗ ਕੀਤੀ ਕਿ ਭਾਰਤ-ਅਮਰੀਕਾ ਵਪਾਰ ਸਮਝੌਤਾ ਰੱਦ ਕੀਤਾ ਜਾਵੇ, ਬਿਜਲੀ ਬਿੱਲ ਤੇ ਬੀਜ ਬਿੱਲ 2025 ਅਤੇ ਲੇਬਰ ਕੋਡ ਰੱਦ ਕੀਤੇ ਜਾਣ ਤੇ ਮਗਨਰੇਗਾ ਨੂੰ ਬਹਾਲ ਕੀਤਾ ਜਾਵੇ। ਇਸ ਦੌਰਾਨ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਜਗਮੋਹਨ ਸਿੰਘ ਪਟਿਆਲਾ ਵਲੋਂ ਨਿਭਾਈ। ਧਰਨੇ ਨੂੰ ਜਰਨੈਲ ਸਿੰਘ ਜਹਾਂਗੀਰ, ਜਗਤਾਰ ਸਿੰਘ ਲੱਡੀ, ਇੰਦਰਪਾਲ ਸਿੰਘ ਪੁੰਨਾਵਾਲ, ਲਾਭ ਸਿੰਘ ਨਮੋਲ ਆਦਿ ਨੇ ਸੰਬੋਧਨ ਕੀਤਾ।

ਪਟਿਆਲਾ (ਸਰਬਜੀਤ ਸਿੰਘ ਭੰਗੂ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਕਿਸਾਨਾ ਨੇ ਅੱਜ ਇਥੇ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਪਾਸੀ ਰੋਡ ’ਤੇ ਸਥਿਤ ਨਿੱਜੀ ਰਿਹਾਇਸ਼ ਨੇੜੇ ਧਰਨਾ ਦਿੱਤਾ। ਇਸ ਦੌਰਾਨ ਕਿਸਾਨਾਂ ਨੇ ਮੰਤਰੀ ਕੋਠੀ ਨੇੜੇ ਪਾਸੀ ਰੋਡ ਵੀ ਕਾਫ਼ੀ ਸਮਾਂ ਜਾਮ ਰੱਖੀ। ਜਾਣਕਾਰੀ ਅਨੁਸਾਰ ਭਾਰਤ ਅਮਰੀਕਾ ਵਪਾਰ ਸਮਝੌਤੇ, ਬਿਜਲੀ ਸੋਧ ਬਿੱਲ ਸਮੇਤ ਪੰਜਾਬ ਸਰਕਾਰ ਵੱਲੋਂ ਪਾਵਰਕੌਮ ਦੀਆਂ ਜ਼ਮੀਨਾ ਵੇਚਣ ਸਮੇਤ ਕਿਸਾਨਾਂ ’ਤੇ ਕੀਤੇ ਜਾ ਰਹੇ ਤਸ਼ੱਦਦ ਖ਼ਿਲਾਫ਼ ਪ੍ਰਦਰਸ਼ਨ ਵਿੱਚ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਸਮੇਤ ਹੋਰ ਕਿਸਾਨ ਧਿਰਾਂ ਦੇ ਆਗੂਆਂ ਤੇ ਵਰਕਰਾਂ ਨੇ ਹਿੱਸਾ ਲਿਆ।

Advertisement

ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਆਗੂ ਜਗਮੇਲ ਸੁੱਧੇਵਾਲ ਨੇ ਦੱਸਿਆ ਕਿ ਇਸ ਧਰਨੇ ਦੀ ਅਗਵਾਈ ਬੀ ਕੇ ਯੂ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਗੁਰਬਚਨ ਕਨਸੂਹਾ ਤੇ ਹੋਰਾਂ ਨੇ ਕੀਤੀ। ਇਸ ਦੌਰਾਨ ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਜਗਮੋਹਨ ਸਿੰਘ ਉੱਪਲ, ਵਿੱਤ ਸਕੱਤਰ ਦਲਜਿੰਦਰ ਆਲੋਵਾਲ ਤੇ ਕਈ ਹੋਰ ਕਿਸਾਨ ਆਗੂਆਂ ਨੇ ਵੀ ਸੰਬੋਧਨ ਕੀਤਾ। ਇਸੇ ਦੌਰਾਨ ਭਾਜਪਾ ਆਗੂ ਭੁਪੇਸ਼ ਅਗਰਵਾਲ ਦੇ ਘਰ ਦੇ ਸਾਹਮਣੇ ਵੀ ਕਿਸਾਨਾਂ ਨੇ ਧਰਨਾ ਦਿੱਤਾ। ਇਸੇ ਤਰ੍ਹਾਂ ਕਿਸਾਨਾਂ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਕੇਂਦਰੀ ਵਿਦੇਸ਼ ਮੰਤਰੀ ਪਰਨੀਤ ਕੌਰ ਦੀ ਨਿੱਜੀ ਰਿਹਾਇਸ਼ ਨਿਊ ਮੋਤੀ ਬਾਗ ਪੈਲੇਸ ਦਾ ਘਿਰਾਓ ਕੀਤਾ। ਇਸ ਦੌਰਾਨ ਕਿਸਾਨਾਂ ਨੇ ਮੁੱਖ ਗੇਟ ’ਤੇ ਧਰਨਾ ਦੇ ਕੇ ਮਹਿਲ ਨੂੰ ਜਾਂਦਾ ਰਸਤਾ ਬੰਦ ਕਰ ਦਿਤਾ। ਇਸ ਦੌਰਾਨ ਵਾਈ ਪੀ ਐੱਸ ਤੋਂ ਐੱਨ ਆਈ ਐੱਸ ਨੂੰ ਜਾਂਦੀ ਸੜਕ ’ਤੇ ਵੀ ਆਵਾਜਾਈ ਠੱਪ ਰਹੀ।

Advertisement

ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠਾਂ ਕੀਤੇ ਇਸ ਘਿਰਾਓ ਦੌਰਾਨ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ, ਕਿਰਤੀ ਕਿਸਾਨ ਯੂਨੀਅਨ (ਢੁੱਡੀਕੇ), ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਸਮੇਤ ਹੋਰ ਕਿਸਾਨ ਯੂਨੀਅਨਾਂ ਦੇ ਆਗੂਆਂ ਤੇ ਕਾਰਕੁਨਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਡਾ. ਦਰਸ਼ਨਪਾਲ, ਰਮਿੰਦਰ ਪਟਿਆਲਾ, ਬਲਰਾਜ ਜੋਸ਼ੀ, ਦਵਿੰਦਰ ਪੂਨੀਆ, ਬੂਟਾ ਸਿੰਘ ਸ਼ਾਦੀਪੁਰ, ਸਮੇਤ ਕਈ ਹੋਰ ਕਿਸਾਨ ਆਗੂ ਵੀ ਮੌਜੂਦ ਸਨ।

ਸੁਨਾਮ ਊਧਮ ਸਿੰਘ ਵਾਲਾ (ਬੀਰ ਇੰਦਰ ਸਿੰਘ ਬਨਭੌਰੀ/ਸਤਨਾਮ ਸਿੰਘ ਸੱਤੀ): ਕਿਸਾਨਾਂ ਵੱਲੋਂ ਅੱਜ ਸਥਾਨਕ ਭਾਜਪਾ ਆਗੂ ਦਮਨ ਥਿੰਦ ਬਾਜਵਾ ਦੇ ਘਰ ਅੱਗੇ ਧਰਨਾ ਦਿੱਤਾ ਗਿਆ। ਇਸ ਮੌਕੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਸੂਬਾ ਮੀਤ ਪ੍ਰਧਾਨ ਜਨਕ ਸਿੰਘ ਭੁਟਾਲ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਮੌਕੇ ਇਕੱਤਰ ਕਿਸਾਨਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ।

ਕਿਸਾਨਾਂ ਨੇ ਵਿਧਾਇਕ ਰਹਿਮਾਨ ਦਾ ਦਫ਼ਤਰ ਘੇਰਿਆ

ਮਾਲੇਰਕੋਟਲਾ (ਪਰਮਜੀਤ ਸਿੰਘ ਕੁਠਾਲਾ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਅੱਜ ਮੋਰਚੇ ਵਿਚ ਸ਼ਾਮਲ ਕਿਸਾਨ ਜਥੇਬੰਦੀਆਂ ਸਮੇਤ ਮਜ਼ਦੂਰ ਤੇ ਮੁਲਾਜ਼ਮ ਜਥੇਬੰਦੀਆਂ ਵੱਲੋਂ ਧਰਨਾ ਦੇ ਕੇ ਮਾਲੇਰਕੋਟਲਾ ਦੇ ਵਿਧਾਇਕ ਡਾ. ਮੁਹੰਮਦ ਜਮੀਲ ਉਰ ਰਹਿਮਾਨ ਦੇ ਦਫ਼ਤਰ ਦਾ ਘਿਰਾਓ ਕੀਤਾ ਗਿਆ। ਧਰਨੇ ਨੂੰ ਬੀ ਕੇ ਯੂ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਭੂਦਨ, ਜ਼ਿਲ੍ਹਾ ਜਨਰਲ ਸਕੱਤਰ ਕੇਵਲ ਸਿੰਘ ਭੜੀ, ਜ਼ਿਲ੍ਹਾ ਆਗੂ ਰਵਿੰਦਰ ਸਿੰਘ ਕਾਸਮਪੁਰ, ਨਿਰਮਲ ਸਿੰਘ ਅਲੀਪੁਰ, ਸਰਬਜੀਤ ਸਿੰਘ ਭੁਰਥਲਾ, ਰਜਿੰਦਰ ਸਿੰਘ ਭੋਗੀਵਾਲ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਰੁਪਿੰਦਰ ਸਿੰਘ ਚੌਂਦਾ, ਮਾਨ ਸਿੰਘ ਸੱਦੋਪੁਰ, ਬੀ ਕੇ ਯੂ ਡਕੌਂਦਾ (ਧਨੇਰ) ਦੇ ਜ਼ਿਲ੍ਹਾ ਪ੍ਰਧਾਨ ਬੂਟਾ ਖਾਂ ਸੰਘੈਣ, ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਗੁਰਮੁਖ ਸਿੰਘ ਮਹੇਰਨਾ ਆਦਿ ਨੇ ਸੰਬੋਧਨ ਕੀਤਾ।

Advertisement
×