ਮੁਸਲਿਮ ਭਾਈਚਾਰੇ ਵੱਲੋਂ ਫਰਾਂਸ ਦੇ ਰਾਸ਼ਟਰਪਤੀ ਖ਼ਿਲਾਫ਼ ਮੁਜ਼ਾਹਰੇ

ਮੁਸਲਿਮ ਭਾਈਚਾਰੇ ਵੱਲੋਂ ਫਰਾਂਸ ਦੇ ਰਾਸ਼ਟਰਪਤੀ ਖ਼ਿਲਾਫ਼ ਮੁਜ਼ਾਹਰੇ

ਫਰਾਂਸ ਦੇ ਰਾਸ਼ਟਰਪਤੀ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਾ ਹੋਇਆ ਮੁਸਲਿਮ ਭਾਈਚਾਰਾ।

ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 30 ਅਕਤੂਬਰ

ਪਿਛਲੇ ਦਿਨੀਂ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਵੱਲੋਂ ਮੁਸਲਿਮ ਵਰਗ ਵਿਰੁੱਧ ਕੀਤੀ ਗਈ ਬਿਆਨਬਾਜ਼ੀ ਦੀ ਘੋਰ ਨਿੰਦਾ ਕਰਦਿਆਂ ਅੱਜ ਇਥੋਂ ਦੇ ਮੁਸਲਿਮ ਭਾਈਚਾਰੇ ਨੇ ਸਰਹਿੰਦੀ ਦਰਵਾਜ਼ੇ ਦੇ ਬਾਹਰ ਐਡਵੋਕੇਟ ਮੂਬੀਨ ਫਾਰੂਕੀ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕਰਦਿਆਂ ਫਰਾਂਸ ਦੇ ਰਾਸ਼ਟਰਪਤੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਮੁਸਲਿਮ ਆਗੂਆਂ ਨੇ ਉਹ ਫਰਾਂਸ ਦੀਆਂ ਬਣੀਆਂ ਚੀਜ਼ਾਂ ਦਾ ਬਾਈਕਾਟ ਕਰਨ ਦਾ ਸੱਦਾ ਦਿੱਤਾ। ਜਮਾਤ ਇਸਲਾਮੀ ਹਿੰਦ ਦੀ ਪੰਜਾਬ ਇਕਾਈ ਵੱਲੋਂ ਪਾਸ ਇੱਕ ਮਤੇ ’ਚ ਕਿਹਾ ਗਿਆ ਕਿ ਨਬੀ (ਹਜ਼ਰਤ ਮੁਹੰਮਦ ਸਾਹਿਬ) ਦੀ ਮੁਹੱਬਤ ਤੇ ਸਤਿਕਾਰ ਹਰ ਮੁਸਲਮਾਨ ਦੇ ਮੂਲ ਵਿਸ਼ਵਾਸ ’ਚ ਸ਼ਾਮਲ ਹੈ ਤੇ ਕਿਸੇ ਦੇਸ਼ ਦੇ ਰਾਸ਼ਟਰਪਤੀ ਵਰਗੇ ਉੱਚੇ ਅਹੁਦੇ ’ਤੇ ਬਿਰਾਜਮਾਨ ਵਿਅਕਤੀ ਨੂੰ ਇਹ ਸ਼ੋਭਾ ਨਹੀਂ ਦਿੰਦਾ ਕਿ ਆਪਣੀਆਂ ਸਿਆਸੀ ਨਾਕਾਮੀਆਂ ਨੂੰ ਛੁਪਾਉਣ ਲਈ ਇਸਲਾਮਫੋਬੀਆ ਦਾ ਸਹਾਰਾ ਲੈ ਕੇ ਸੰਸਾਰਕ ਭਾਈਚਾਰਿਆਂ ਵਿੱਚ ਟਕਰਾ ਲਈ ਮਾਹੌਲਸਾਜ਼ੀ ਕਰੇ। ਜਮਾਅਤ ਵੱਲੋਂ ਪਾਸ ਮਤੇ ਬਾਰੇ ਜਮਾਤ ਬੁਲਾਰੇ ਡਾ. ਮੁਹੰਮਦ ਇਰਸ਼ਾਦ ਨੇ ਦਾਅਵਾ ਕੀਤਾ ਕਿ ਬੀਤੇ ਸਾਲਾਂ ਵਿੱਚ ਵਿੱਚ ਮੈਕਰੋਂ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਫ਼ਰਾਂਸ ਦੀ ਆਰਥਿਕਤਾ ਨਿਘਾਰ ਵੱਲ ਗਈ ਹੈ, ਬੇਰੁਜ਼ਗਾਰੀ ਵਿੱਚ ਵਾਧਾ ਹੋਇਆ ਹੈ, ਕੋਵਿਡ-19 ਨਾਲ ਹੋ ਰਹੀਆਂ ਮੌਤਾਂ ’ਤੇ ਜਨਤਕ ਸਵਾਲ ਉੱਠ ਰਹੇ ਹਨ, ਮੈਕਰੋਨ ਦੇ ਸਾਥੀਆਂ ’ਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲੱਗ ਰਹੇ ਹਨ ਤੇ ਇੱਕ ਮੰਤਰੀ ਤਾਂ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੀ ਵੀ ਮਾਰ ਹੇਠ ਹੈ।

ਰਾਜਪੁਰਾ (ਪੱਤਰ ਪ੍ਰੇਰਕ) ਫਰਾਂਸ ਵਿੱਚ ਇਸਲਾਮ ਦੇ ਪੈਗੰਬਰ ਮੁਹੰਮਦ ਦੇ ਕਾਰਟੂਨ ਫਰਾਂਸ ਦੀਆਂ ਦੀਵਾਰਾਂ ’ਤੇ ਲਗਾਉਣ ਖ਼ਿਲਾਫ਼ ਰਾਜਪੁਰਾ ਦੇ ਮੁਸਲਮਾਨ ਭਾਈਚਾਰੇ ਵੱਲੋਂ ਇਸ ਦੇ ਆਗੂਆਂ ਨਸੀਬ ਅਲੀ, ਅਖਤਰ ਹੁਸੈਨ, ਮੁਹੰਮਦ ਮਤਲੂਬ, ਮੁਹੰਮਦ ਵਸੀਮ, ਨੂਰ ਮੁਹੰਮਦ, ਦਰਸ਼ਨ ਖਾਨ ਤੇ ਅਬਦਲ ਵਹੀਦ ਦੀ ਅਗਵਾਈ ਵਿੱਚ ਸ਼ਹਿਰੀ ਖੇਤਰ ਵਿੱਚੋਂ ਗੁਜਰਦੇ ਰਾਜਪੁਰਾ-ਪਟਿਆਲਾ ਰੋਡ ’ਤੇ ਕੈਲੀਬਰ ਮਾਰਕੀਟ ਦੇ ਸਾਹਮਣੇ ਚੌਕ ਵਿੱਚ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦਾ ਪੁਤਲਾ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਮੁਸਲਮਾਨ ਭਾਈਚਾਰੇ ਵੱਲੋਂ ਪੈਗੰਬਰ ਮੁਹੰਮਦ ਸਾਹਿਬ ਦੇ ਕਾਰਟੂਨ ਦੀਵਾਰਾਂ ’ਤੇ ਲਾਉਣ ਦੀ ਨਿਖੇਧੀ ਕਰਦਿਆਂ ਕਾਰਟੂਨ ਬਣਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All