ਗੁਰਦੀਪ ਸਿੰਘ ਲਾਲੀ
ਸੰਗਰੂਰ, 8 ਸਤੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ (ਅਜ਼ਾਦ) ਵੱਲੋਂ ਉਤੱਰੀ ਭਾਰਤ ਦੀਆਂ 16 ਕਿਸਾਨ ਜਥੇਬੰਦੀਆਂ ਦੇ ਸੱਦੇ ਤਹਿਤ ਜੀ-20 ਸਿਖਰ ਸੰਮੇਲਨ ਖ਼ਿਲਾਫ਼ ਪੰਜਾਬ ਵਿੱਚ ਵੱਖ-ਵੱਖ ਥਾਵਾਂ ’ਤੇ ਕੇਂਦਰ ਸਰਕਾਰ ਵਿਰੁੱਧ ਰੋਸ ਮੁਜ਼ਾਹਰੇ ਕੀਤੇ ਗਏ ਅਤੇ ਨਾਅਰੇਬਾਜ਼ੀ ਕੀਤੀ ਗਈ।
ਭਾਕਿਯੂ ਏਕਤਾ ਆਜ਼ਾਦ ਦੇ ਸੂਬਾਈ ਆਗੂਆਂ ਮਨਜੀਤ ਸਿੰਘ ਨਿਆਲ ਅਤੇ ਦਿਲਬਾਗ ਸਿੰਘ ਹਰੀਗੜ੍ਹ ਨੇ ਕਿਹਾ ਕਿ ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਮੁਨਾਫੇ ਸੁਰੱਖਿਅਤ ਕਰਨ ਲਈ ਬੇਲੋੜੀ ਮਹਿਮਾਨ-ਨਿਵਾਜ਼ੀ ਕਰਦਿਆਂ ਸੋਨੇ ਤੇ ਚਾਂਦੀ ਦੇ ਬਰਤਨਾਂ ਵਿੱਚ ਖਾਣਾ ਖਵਾ ਕੇ ਕਰੋੜਾਂ ਗਰੀਬ ਭਾਰਤੀ ਲੋਕਾਂ ਦੇ ਪੇਟ ਵਿੱਚ ਲੱਤ ਮਾਰ ਕੇ ਫੋਕੀ ਅਮੀਰੀ ਦਾ ਝੂਠਾ ਵਿਖਾਵਾ ਕਰ ਰਹੀ ਹੈ। ਅਸਲੀਅਤ ਇਹ ਹੈ ਕਿ ਭਾਰਤ ਇੱਕ ਵਿਕਾਸਸ਼ੀਲ ਗਰੀਬ ਮੁਲਕ ਹੈ। ਇਸ ਲਈ ਦੇਸ਼ ਵਾਸੀਆਂ ਨੂੰ ਇਨ੍ਹਾਂ ਦਾ ਵਿਰੋਧ ਕਰਨਾ ਚਾਹੀਦਾ ਹੈ। ਕਿਸਾਨ ਆਗੂਆਂ ਨੇ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਕੇਂਦਰ ਸਰਕਾਰ ਤੋਂ ਮੰਗਾਂ ਮੰਨਵਾਉਣ ਲਈ 28 ਸਤੰਬਰ ਨੂੰ ਘਰਾਂ ਵਿੱਚੋਂ ਨਿਕਲ ਕੇ ਰੇਲਵੇ ਲਾਈਨਾਂ ਉਪਰ ਪਹੁੰਚਣ।
ਸਮਾਣਾ (ਅਸ਼ਵਨੀ ਗਰਗ): ਜੀ 20 ਸੰਮੇਲਨ ਨੂੰ ਪੂੰਜੀਪਤੀਆਂ ਪੱਖੀ ਸੰਮੇਲਨ ਕਰਾਰ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਅੱਜ ਕੇਂਦਰ ਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਦੇ ਨਾਲ ਹੀ ਉਨ੍ਹਾਂ ਜੀ 20 ਸੰਮੇਲਨ ਦਾ ਖੁੱਲ੍ਹ ਕੇ ਵਿਰੋਧ ਕਰਨ ਦਾ ਐਲਾਨ ਵੀ ਕੀਤਾ।
ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਬਲਾਕ ਪ੍ਰਧਾਨ ਗੁਰਨਾਮ ਸਿੰਘ ਢੈਂਠਲ ਨੇ ਕਿਹਾ ਕਿ ਜੀ 20 ਸੰਮੇਲਨ ਕੇਵਲ ਤੇ ਕੇਵਲ ਪੂੰਜੀਪਤੀਆਂ ਨੂੰ ਲਾਹਾ ਦੇਣ ਲਈ ਕਰਵਾਇਆ ਜਾ ਰਿਹਾ ਹੈ ਜਦੋਂਕਿ ਦੇਸ਼ ਦੀ ਜਨਤਾ ਨੂੰ ਇਸ ਸੰਮੇਲਨ ਦਾ ਕੋਈ ਲੈਣਾ ਦੇਣਾ ਨਹੀਂ ਹੈ।