ਸਾਂਝਾ ਫੋਰਮ ਪੰਜਾਬ ਅਤੇ ਪੈਨਸ਼ਨਰ ਐਸੋਸੀਏਸ਼ਨ ਪਾਵਰਕੌਮ ਪੰਜਾਬ ਦੇ ਸੱਦੇ ’ਤੇ ਬਿਜਲੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਪੰਜਾਬ ਸਰਕਾਰ ਅਤੇ ਪਾਵਰਕੌਮ ਮੈਨੇਜਮੈਂਟ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ। ਮੁਜ਼ਾਹਰਾਕਾਰੀਆਂ ਨੇ ਦੋਸ਼ ਲਾਇਆ ਕਿ ਸਰਕਾਰ ਨੇ ਪਹਿਲਾਂ ਭਰੋਸਾ ਦਿਵਾਇਆ ਸੀ ਕਿ ਪਾਵਰਕੌਮ ਦੀਆਂ ਜਾਇਦਾਦਾਂ ਨਹੀਂ ਵੇਚੀਆਂ ਜਾਣਗੀਆਂ, ਪਰ ਹੁਣ 22 ਨੰਬਰ ਫਾਟਕ ਨੇੜੇ ਕਰੀਬ 50 ਏਕੜ ਜ਼ਮੀਨ ਪੁੱਡਾ ਨੂੰ ਵੇਚ ਕੇ ਵਾਅਦਾਖ਼ਿਲਾਫ਼ੀ ਕੀਤੀ ਗਈ ਹੈ। ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਐੱਮ ਐੱਸ ਯੂ ਦੇ ਪ੍ਰਧਾਨ ਨਾਜ਼ਰ ਸਿੰਘ, ਟੀ ਐੱਸ ਯੂ ਦੇ ਪ੍ਰਧਾਨ ਸੁਖਦੇਵ ਸਿੰਘ ਅਤੇ ਪੈਨਸ਼ਨਰ ਐਸੋਸੀਏਸ਼ਨ ਦੇ ਡਿਵੀਜ਼ਨ ਸਕੱਤਰ ਸੁਨੀਲ ਕੁਮਾਰ ਤੇ ਪ੍ਰੈੱਸ ਸਕੱਤਰ ਗੁਰਦੀਪ ਸਿੰਘ ਸੈਦਖੇੜੀ ਨੇ ਕਿਹਾ ਕਿ ਸਰਕਾਰ ਦੇ ਇਸ ਫ਼ੈਸਲੇ ਨਾਲ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਿੱਚ ਭਾਰੀ ਰੋਸ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਜਾਇਦਾਦਾਂ ਵੇਚਣ ਦਾ ਫ਼ੈਸਲਾ ਤੁਰੰਤ ਵਾਪਸ ਨਾ ਲਿਆ ਗਿਆ ਤਾਂ ਸਰਕਾਰ ਖ਼ਿਲਾਫ਼ ਤਿੱਖਾ ਅਤੇ ਵਿਆਪਕ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਆਗੂਆਂ ਨੇ ਸਰਕਾਰ ਨੂੰ ਮੁਲਾਜ਼ਮ ਵਿਰੋਧੀ ਨੀਤੀਆਂ ਤੋਂ ਹਟਣ ਅਤੇ ਪਾਵਰਕੌਮ ਦੀਆਂ ਜਾਇਦਾਦਾਂ ਦੀ ਰੱਖਿਆ ਕਰਨ ਦੀ ਮੰਗ ਕੀਤੀ। ਇਸ ਮੌਕੇ ਐੱਮ ਐੱਸ ਯੂ ਦੇ ਆਗੂ ਗੁਲਸ਼ਨ ਕੁਮਾਰ, ਜਸ਼ਨਪ੍ਰੀਤ ਕੌਰ, ਤਰਨਜੋਤ ਸਿੰਘ, ਸਤਵਿੰਦਰ ਪਾਲ, ਆਗੂ ਕਰਨੈਲ ਸਿੰਘ, ਗਿਆਨ ਸਿੰਘ ਜੇ ਈ, ਗੁਰਬਚਨ ਸਿੰਘ, ਅਮਰੀਕ ਸਿੰਘ ਜੇ ਈ, ਦਵਿੰਦਰ ਬਾਵਾ ਜੇ ਈ, ਅਰਵਿੰਦਰ ਸਿੰਘ ਸੈਕਟਰੀ ਟੀ ਐੱਸ ਯੂ ਅਤੇ ਗੁਰਵਿੰਦਰਪਾਲ ਸਿੰਘ ਸਮੇਤ ਵੱਡੀ ਗਿਣਤੀ ਮੁਲਾਜ਼ਮ ਮੌਜੂਦ ਸਨ।
ਬਿਜਲੀ ਕਾਮਿਆਂ ਨੇ ਰੋਸ ਰੈਲੀ ਕੀਤੀ
ਲਹਿਰਾਗਾਗਾ (ਰਮੇਸ਼ ਭਾਰਦਵਾਜ): ਬਿਜਲੀ ਮੁਲਾਜ਼ਮ ਏਕਤਾ ਮੰਚ, ਜੁਆਇੰਟ ਫੋਰਮ ਪੰਜਾਬ ਅਤੇ ਪੈਨਸ਼ਨਰ ਯੂਨੀਅਨਾਂ ਦੇ ਸੱਦੇ ’ਤੇ ਮੰਡਲ ਲਹਿਰਾਗਾਗਾ ਵਿੱਚ ਪੰਜਾਬ ਸਰਕਾਰ ਤੇ ਪਾਵਰਕੌਮ ਮੈਨੇਜਮੈਂਟ ਵੱਲੋਂ ਬਿਜਲੀ ਨਿਗਮ ਦੀ ਪਟਿਆਲਾ ਸ਼ਹਿਰ ਦੇ ਬਡੂੰਗਰ ਵਿੱਚ 50 ਏਕੜ ਜ਼ਮੀਨ ਪੁੱਡਾ ਦੇ ਨਾਮ ਤਬਦੀਲ ਕਰਨ ਖ਼ਿਲਾਫ਼ ਰੋਸ ਰੈਲੀ ਕੀਤੀ ਗਈ। ਇਸ ਮੌਕੇ ਸੂਬਾਈ ਆਗੂ ਪੂਰਨ ਸਿੰਘ ਖਾਈ, ਜੰਗੀਰ ਸਿੰਘ, ਜਸਵਿੰਦਰ ਸਿੰਘ ਜੱਸਾ ਤੇ ਰਾਮ ਚੰਦਰ ਸਿੰਘ ਖਾਈ ਨੇ ਦੱਸਿਆ ਪਾਵਰਕੌਮ ਮੈਨੇਜਮੈਂਟ ਨੇ ਪਿਛਲੇ ਸਾਲ ਅਤੇ ਹੁਣ 14 ਜਨਵਰੀ ਨੂੰ ਮੀਟਿੰਗ ਕਰ ਕੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਵਾਜਬ ਮੰਗਾਂ ਨੂੰ ਲਾਗੂ ਕਰਨ ਲਈ ਭਰੋਸਾ ਦਿਵਾਇਆ ਸੀ ਅਤੇ ਮੀਟਿੰਗ ਵਿੱਚ ਸਰਕਾਰੀ ਜ਼ਮੀਨਾਂ ਨਾ ਵੇਚਣ ਦਾ ਫ਼ੈਸਲਾ ਕੀਤਾ ਗਿਆ ਸੀ। ਆਗੂਆਂ ਨੇ ਕਿਹਾ ਕਿ ਮੀਟਿੰਗ ਵਿੱਚ ਕੀਤੇ ਵਾਅਦੇ ਦੇ ਉਲਟ ਮੁਲਾਜ਼ਮਾਂ ਦੀ ਕੋਈ ਵੀ ਮੰਗ ਲਾਗੂ ਨਹੀਂ ਕੀਤੀ ਗਈ ਅਤੇ ਉਲਟਾ ਪੰਜਾਬ ਸਰਕਾਰ ਵੱਲੋਂ ਘਟੀਆ ਨੀਤੀਆਂ ਨੂੰ ਲਾਗੂ ਕਰਨ ਕਰ ਕੇ ਪੰਜਾਬ ਦੇ ਪੈਸੇ ਨੂੰ ਪਾਣੀ ਦੀ ਤਰ੍ਹਾਂ ਲੁਟਾਇਆ ਜਾ ਰਿਹਾ ਹੈ ਅਤੇ ਸਰਕਾਰੀ ਜ਼ਮੀਨਾਂ ਨੂੰ ਵੇਚਿਆ ਜਾ ਰਿਹਾ ਹੈ। ਉਨ੍ਹਾਂ ਪੰਜਾਬ ਦੀਆਂ ਸਮੁੱਚੀਆਂ ਮੁਲਾਜ਼ਮ, ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਤੇ ਪੰਜਾਬ ਦੇ ਨੌਜਵਾਨਾਂ ਨੂੰ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਸਰਕਾਰੀ ਜ਼ਮੀਨਾਂ ਵੇਚਣ ਵਾਲੇ ਫ਼ੈਸਲਿਆਂ ਨੂੰ ਰੋਕਣ ਲਈ ਇਕੱਠੇ ਹੋ ਕੇ ਸੰਘਰਸ਼ ਕੀਤਾ ਜਾਵੇ ਤਾਂ ਕਿ ਆਉਣ ਵਾਲੇ ਭਵਿੱਖ ਨੂੰ ਸੁਰੱਖਿਅਤ ਕੀਤਾ ਜਾ ਸਕੇ। ਰੈਲੀ ਨੂੰ ਮਹਿੰਦਰ ਸਿੰਘ ਲਹਿਰਾ, ਜਗਸੀਰ ਸਿੰਘ ਰਾਮਗੜ੍ਹ, ਜਸਵੀਰ ਸਿੰਘ, ਬਲਵਿੰਦਰਪਾਲ ਕੌਸ਼ਿਕ, ਮਨਪ੍ਰੀਤ ਸਿੰਘ, ਗੁਰਛਹਿਬਰ ਸਿੰਘ ਪਸ਼ੌਰ, ਹਰਦੀਪ ਸਿੰਘ ਖਾਈ, ਪ੍ਰਦੀਪ ਕੁਮਾਰ ਤੇ ਮਨਜੀਤ ਕੁਮਾਰ ਨੇ ਵੀ ਸੰਬੋਧਨ ਕੀਤਾ।

