ਗੁਰਦੀਪ ਸਿੰਘ ਲਾਲੀ
ਸੰਗਰੂਰ, 19 ਨਵੰਬਰ
ਇਜ਼ਰਾਈਲੀ ਫੌਜਾਂ ਵੱਲੋਂ ਫ਼ਲਸਤੀਨ ’ਤੇ ਹਮਲੇ ਖਿਲਾਫ਼ ਜਮਹੂਰੀ ਅਧਿਕਾਰ ਸਭਾ ਵੱਲੋਂ ਜਨਤਕ ਜਮਹੂਰੀ ਜਥੇਬੰਦੀਆਂ ਅਤੇ ਹੋਰ ਇਨਸਾਫ਼ ਪਸੰਦ ਲੋਕਾਂ ਦੇ ਸਹਿਯੋਗ ਨਾਲ ਸ਼ਹਿਰ ਵਿਚ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਤੋਂ ਪਹਿਲਾਂ ਜਮਹੂਰੀ ਅਧਿਕਾਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਸਵਰਨਜੀਤ ਸਿੰਘ ਦੀ ਅਗਵਾਈ ਹੇਠ ਪਰਜਾਪਤ ਧਰਮਸ਼ਾਲਾ ਵਿਚ ਰੋਸ ਰੈਲੀ ਕੀਤੀ ਗਈ। ਉਨ੍ਹਾਂ ਫਲਸਤੀਨੀ ਲੋਕਾਂ ਦੀ ਨਸਲਕੁਸ਼ੀ ਦਾ ਵਿਰੋਧ ਕਰਦਿਆਂ ਇਜ਼ਰਾਈਲ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਰੈਲੀ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਇਜ਼ਰਾਈਲ ਵੱਲੋਂ ਹਮਾਸ ’ਤੇ ਹਮਲੇ ਦੇ ਪਰਦੇ ਹੇਠ ਫ਼ਲਸਤੀਨੀ ਲੋਕਾਂ ਦੀ ਨਸਲਕੁਸ਼ੀ ਕੀਤੀ ਜਾ ਰਹੀ ਹੈ। ਗਾਜ਼ਾ ਪੱਟੀ ਵਿਚ ਖਾਣ ਪੀਣ ਵਾਲੇ ਸਾਮਾਨ ਦੀ ਨਾਕਾਬੰਦੀ ਕਰਕੇ ਅਤੇ ਰਿਹਾਇਸ਼ੀ ਇਲਾਕਿਆਂ, ਸਕੂਲਾਂ, ਯੂਨੀਵਰਸਿਟੀਆਂ, ਹਸਪਤਾਲਾਂ, ਐਂਬੂਲੈਂਸਾਂ, ਰਾਹਤ ਕੈਪਾਂ ’ਤੇ ਹਵਾਈ ਅਤੇ ਜ਼ਮੀਨੀ ਹਮਲੇ ਕਰਕੇ ਹੁਣ ਤੱਕ 13 ਹਜ਼ਾਰ ਤੋਂ ਵੱਧ ਲੋਕਾਂ, ਜਿਨ੍ਹਾਂ ਵਿੱਚੋਂ ਚਾਰ ਹਜ਼ਾਰ ਬੱਚਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ ਅਤੇ 25 ਹਜ਼ਾਰ ਤੋਂ ਵੱਧ ਲੋਕਾਂ ਨੂੰ ਜ਼ਖ਼ਮੀ ਕੀਤਾ ਗਿਆ ਹੈ। ਬਾਕੀ ਲੋਕਾਂ ਨੂੰ ਭੁੱਖੇ ਪਿਆਸੇ ਮਰਨ ਲਈ ਮਜਬੂਰ ਕਰ ਦਿੱਤਾ ਗਿਆ ਹੈ। ਸੰਸਾਰ ਪੱਧਰ ਉੱਤੇ ਵੱਡੀ ਗਿਣਤੀ ਦੇਸ਼ਾਂ ਵਲੋਂ ਵਿਰੋਧ ਕਰਨ ਦੇ ਬਾਵਜੂਦ ਅਮਰੀਕੀ ਅਤੇ ਯੂਰਪੀ ਦੇਸ਼ਾਂ ਵਲੋਂ ਇਸਰਾਈਲ ਦੀ ਮੱਦਦ ਕੀਤੀ ਜਾ ਰਹੀ ਹੈ। ਭਾਰਤੀ ਹਾਕਮਾਂ ਵਲੋਂ ਵੀ ਇਸ ਨਸਲਕੁਸ਼ੀ ਦਾ ਵਿਰੋਧ ਨਹੀਂ ਕੀਤਾ ਜਾ ਰਿਹਾ।
ਰੈਲੀ ਨੂੰ ਜਮਹੂਰੀ ਅਧਿਕਾਰ ਸਭਾ ਦੇ ਜ਼ਿਲ੍ਹਾ ਸਕੱਤਰ ਕੁਲਦੀਪ ਸਿੰਘ ਅਤੇ ਸੂਬਾ ਆਗੂ ਨਾਮਦੇਵ ਸਿੰਘ ਭੁਟਾਲ, ਆਈਡੀਪੀ ਦੇ ਸੂਬਾ ਆਗੂ ਕਰਨੈਲ ਸਿੰਘ ਜਖੇਪਲ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਧਰਮਪਾਲ, ਡੀਐੱਸਓ ਦੇ ਆਗੂ ਗੁਰਵਿੰਦਰ ਸਿੰਘ, ਲੋਕ ਚੇਤਨਾ ਮੰਚ ਧੂਰੀ ਦੇ ਆਗੂ ਨਰਿੰਦਰ ਨਿੰਦੀ, ਜਮਹੂਰੀ ਕਿਸਾਨ ਸਭਾ ਦੇ ਆਗੂ ਲਛਮਣ ਸਿੰਘ ਅਲੀਸ਼ੇਰ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਦਰਸ਼ਨ ਸਿੰਘ ਕੁਨਰਾਂ, ਡੀਟੀਐੱਫ ਦੇ ਸੂਬਾ ਜਨਰਲ ਸਕੱਤਰ ਬਲਵੀਰ ਚੰਦ ਲੌਂਗੋਵਾਲ, ਤਰਕਸ਼ੀਲ ਸੁਸਾਇਟੀ ਦੇ ਆਗੂ ਪਰਮਵੇਦ, ਅਦਾਰਾ ਤਰਕਸ਼ ਦੇ ਆਗੂ ਇਨਜਿੰਦਰ, ਕੁਦਰਤ ਮਾਨਵ ਕੇਂਦਰ ਲੋਕ ਲਹਿਰ ਦੇ ਆਗੂ ਮਹਿੰਦਰ ਸਿੰਘ ਭੱਠਲ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂ ਭਰਪੂਰ ਸਿੰਘ, ਪੀਐੱਸਯੂ ਲਲਕਾਰ ਦੇ ਆਗੂ ਅਮਨ, ਏਐੱਨਐੱਮ ਤੇ ਐੱਲਐੱਚਵੀ ਯੂਨੀਅਨ ਦੀ ਪ੍ਰਧਾਨ ਸੁਸ਼ਮਾ ਅਰੋੜਾ, ਦਲਿਤ ਅਤੇ ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾਈ ਆਗੂ ਬਹਾਲ ਸਿੰਘ ਬੇਨੜਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਫਲਜੀਤ ਸਿੰਘ, ਤਰਲੋਚਨ ਸਿੰਘ, ਹਰਜੀਤ ਬਾਲੀਆਂ, ਸੀਤਾਰਾਮ ਸ਼ਰਮਾ, ਅਵਤਾਰ ਸਿੰਘ ਵੀ ਹਾਜ਼ਰ ਸਨ।