ਟੌਲ ਪਲਾਜ਼ਾ ਵਰਕਰਜ਼ ਯੂਨੀਅਨ ਵੱਲੋਂ ਮੰਗਾਂ ਦੇ ਹੱਕ ਵਿੱਚ ਧਰਨਾ

ਟੌਲ ਪਲਾਜ਼ਾ ਵਰਕਰਜ਼ ਯੂਨੀਅਨ ਵੱਲੋਂ ਮੰਗਾਂ ਦੇ ਹੱਕ ਵਿੱਚ ਧਰਨਾ

ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 7 ਅਗਸਤ

ਇਥੇ ਭਵਾਨੀਗੜ੍ਹ-ਨਾਭਾ ਮੁੱਖ ਮਾਰਗ ’ਤੇ ਸਥਿਤ ਮਾਝੀ ਟੌਲ ਪਲਾਜ਼ਾ ਟੀਸੀਆਈਐਲ ਕੰਪਨੀ ਦੇ ਵਰਕਰਾਂ ਨੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਵਰਕਰਜ਼ ਯੂਨੀਅਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਰੋਸ਼ ਧਰਨਾ ਦਿੱਤਾ। ਧਰਨੇ ਨੂੰ ਸੰਬੋਧਨ ਕਰਦਿਆਂ ਟੌਲ ਪਲਾਜ਼ਾ ਵਰਕਰਜ਼ ਯੂਨੀਅਨ ਪੰਜਾਬ ਦੇ ਮੀਤ ਪ੍ਰਧਾਨ ਦਰਸ਼ਨ ਸਿੰਘ ਲਾਡੀ ਨੇ ਕਿਹਾ ਕਿ ਟੌਲ ਪਲਾਜ਼ਾ ਕੰਪਨੀ ਵਰਕਰਾਂ ਨੂੰ ਡਰਾ ਧਮਕਾ ਕੇ ਕਾਫੀ ਲੰਬੇ ਸਮੇਂ ਤੋਂ ਕੰਮ ਕਰਾ ਰਹੀ ਹੈ। ਉਨ੍ਹਾਂ ਕਿਹਾ ਕਿ ਪਰਮਾਨੈਂਟ ਟੈਂਡਰ ਹੋਣ ਦੇ ਬਾਵਜੂਦ ਵੀ ਵਰਕਰਾਂ ਤੋਂ ਹਰ 6 ਮਹੀਨਿਆਂ ਬਾਅਦ ਕੱਚੇ ਤੌਰ ’ਤੇ ਰੱਖਣ ਲਈ ਜ਼ਬਰਦਸਤੀ ਹਲਫਨਾਮੇ ਬਣਵਾਏ ਜਾ ਰਹੇ ਹਨ ਅਤੇ ਨਵੇਂ ਹਲਫਨਾਮੇ ਲੈਣ ਲਈ ਵਰਕਰਾਂ ਨੂੰ ਪਿਛਲੇ ਦੋ-ਦੋ ਮਹੀਨਿਆਂ ਤੋਂ ਤਨਖਾਹਾਂ ਨਹੀਂ ਦਿਤੀਆਂ ਜਾ ਰਹੀਆਂ ।

ਉਨ੍ਹਾਂ ਕਿਹਾ ਕਿ ਕੱਚੇ ਤੌਰ ’ਤੇ ਵਰਕਰਾਂ ਨੂੰ ਰੱਖ ਕੇ ਟੌਲ ਕੰਪਨੀ ਵਲੋਂ ਕਿਰਤ ਕਾਨੂੰਨਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਕੱਚੇ ਵਰਕਰਾਂ ਨੂੰ ਪੱਕੇ ਵਰਕਰਾਂ ਦੀ ਤਰ੍ਹਾਂ ਮਿਲਣ ਵਾਲੀਆਂ ਮੁਢਲੀਆਂ ਸਹੂਲਤਾਂ ਤੋਂ ਵਾਂਝੇ ਰੱਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਰਕਰਾਂ ਦੇ ਬੋਨਸ ਅਤੇ ਤਨਖਾਹਾਂ ਦੇ ਬਕਾਏ ਅਜੇ ਤੱਕ ਅਧੂਰੇ ਹਨ , ਜਿਨ੍ਹਾਂ ਨੂੰ ਦੇਣ ਲਈ ਟੌਲ ਪਲਾਜ਼ਾ ਕੰਪਨੀ ਟਾਲਾ ਮਟੋਲ ਕਰ ਰਹੀ ਹੈ। ਯੂਨੀਅਨ ਦੇ ਆਗੂ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਬਰਾਬਰ ਕੰਮ ਬਰਾਬਰ ਤਨਖਾਹਾਂ ਦੇ ਹੁਕਮਾਂ ਨੂੰ ਵੀ ਟੌਲ ਕੰਪਨੀ ਵੱਲੋਂ ਅਣਗੌਲਿਆ ਕੀਤਾ ਜਾ ਰਿਹਾ ਹੈ। ਯੂਨੀਅਨ ਆਗੂਆਂ ਨੇ ਟੌਲ ਪਲਾਜ਼ਾ ਅਧਿਕਾਰੀ ਨੂੰ ਮੰਗ-ਪੱਤਰ ਸੌਂਪਿਆ। ਉਨ੍ਹਾਂ ਮੰਗ ਪੂਰੀ ਨਾ ਹੋਣ ’ਤੇ ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ ਦਿੱਤੀ ਹੈ।

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All