ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਹਿਬਾਨਾਮਾ ਸ਼ੁਰੂ ਕਰਵਾਉਣ ਲਈ ਤਹਿਸੀਲਦਾਰ ਦਫਤਰ ਅੱਗੇ ਧਰਨਾ

ਮੁੱਖ ਮੰਤਰੀ, ਵਿਧਾਇਕ ਤੇ ਡੀਸੀ ਨੂੰ ਦਿੱਤੇ ਮੰਗ ਪੱਤਰਾਂ ’ਤੇ ਨਾ ਹੋਈ ਕਾਰਵਾਈ
Advertisement

 

ਪਰਮਜੀਤ ਸਿੰਘ ਕੁਠਾਲਾ

Advertisement

ਮਾਲੇਰਕੋਟਲਾ, 16 ਜੂਨ

ਪਿਛਲੇ ਨੌਂ ਮਹੀਨੇ ਤੋਂ ਬੰਦ ਪਏ ਹਿਬਾਨਾਮਾ ਦੇ ਇੰਤਕਾਲ ਚਾਲੂ ਕਰਵਾਉਣ ਲਈ ਮਾਲੇਰਕੋਟਲਾ ਦੀਆਂ ਵੱਖ ਵੱਖ ਮੁਸਲਿਮ ਜਥੇਬੰਦੀਆਂ ਵੱਲੋਂ ਮੁਹੰਮਦ ਜਮੀਲ ਐਡਵੋਕੇਟ ਦੀ ਅਗਵਾਈ ਹੇਠ ਸਥਾਨਕ ਤਹਿਸੀਲ ਦਫਤਰ ਮਾਲੇਰਕੋਟਲਾ ਅੱਗੇ ਰੋਸ ਧਰਨਾ ਦੇ ਕੇ ਡਿਪਟੀ ਕਮਿਸ਼ਨਰ ਦੇ ਨਾਂ ਇਕ ਮੰਗ ਪੱਤਰ ਤਹਿਸੀਲਦਾਰ ਨੂੰ ਸੌਂਪਿਆ ਗਿਆ। ਇੱਕ ਵਿਅਕਤੀ ਤੋਂ ਦੂਜੇ ਨੂੰ ਜਾਇਦਾਦ ਦੀ ਮਾਲਕੀ ਦਾ ਬਿਨਾਂ ਕਿਸੇ ਪੈਸੇ ਤੇ ਸਵੈਇੱਛਤ ਨਾਲ ਤਬਾਦਲੇ ਨੂੰ ਹਿਬਾ ਕਿਹਾ ਜਾਂਦਾ ਹੈ। ਮੁਸਲਿਮ ਕਾਨੂੰਨ ਮੁਤਾਬਿਕ ਹਿਬਾ-ਨਾਮਾ ਜਾਇਦਾਦ ਦੇ ਤੋਹਫ਼ੇ (ਹਿਬਾ) ਦਾ ਲਿਖਤੀ ਐਲਾਨ ਹੈ।ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਮੁਹੰਮਦ ਜਮੀਲ ਐਡਵੋਕੇਟ ਨੇ ਦੱਸਿਆ ਕਿ ਮੁਸਲਿਮ ਭਾਈਚਾਰੇ ਦੇ ਪਛੜੇਪਣ ਨੂੰ ਦੇਖਦਿਆਂ ਸਾਲ 2008 ਵਿੱਚ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਮੁਸਲਿਮ ਭਾਈਚਾਰੇ ਨੂੰ ਹਿਬਾਨਾਮਾ ਦਾ ਤੋਹਫਾ ਦਿੱਤਾ ਸੀ। ਹਿਬਾਨਾਮਾ ਦੀ ਇਹ ਸਹੂਲਤ ਪਿਛਲੀਆਂ ਅਕਾਲੀ ਤੇ ਕਾਂਗਰਸੀ ਸਰਕਾਰਾਂ ਦੌਰਾਨ ਲਗਾਤਾਰ ਮਿਲਦੀ ਰਹੀ ਹੈ ਪ੍ਰੰਤੂ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਪਿੱਛੋਂ ਆਏ ਦਿਨ ਹਿਬੇਨਾਮੇ ਦੇ ਇੰਤਕਾਲਾਂ ਲਈ ਅੜਚਨਾਂ ਪਾਉਣ ਦਾ ਦੌਰ ਸ਼ੁਰੂ ਹੋ ਗਿਆ ਹੈ। ਐਡਵੋਕੇਟ ਜਮੀਲ ਮੁਤਾਬਿਕ ਇਸ ਸਬੰਧੀ ਮੁੱਖ ਮੰਤਰੀ, ਵਿਧਾਇਕ ਮੁਹੰਮਦ ਜਮੀਲ ਉਰ ਰਹਿਮਾਨ ਅਤੇ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਨੂੰ ਅਨੇਕਾਂ ਮੰਗ ਪੱਤਰ ਦਿੱਤੇ ਜਾ ਚੁੱਕੇ ਹਨ ਪਰ ਕਿਸੇ ਪਾਸੇ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ 10 ਦਿਨਾਂ ਅੰਦਰ ਹਿਬਾਨਾਮਾ ਦੀ ਸਹੂਲਤ ਮੁੜ ਸ਼ੁਰੂ ਨਾ ਕੀਤੀ ਗਈ ਤਾਂ ਰਾਜ ਭਰ ਦੇ ਮੁਸਲਿਮ ਭਾਈਚਾਰੇ ਨੂੰ ਲਾਮਬੰਦ ਕਰਕੇ ਪੱਕਾ ਧਰਨਾ ਲਾਇਆ ਜਾਵੇਗਾ। ਅੱਜ ਦੇ ਧਰਨੇ ਨੂੰ ਸੰਬੋਧਨ ਕਰਨ ਵਾਲਿਆਂ ਵਿਚ ਡਾ. ਅਬਦੁਲ ਕਲਾਮ ਵੈਲਫੇਅਰ ਫਰੰਟ ਦੇ ਪ੍ਰਧਾਨ ਸਮਸ਼ਾਦ ਝੋਕ, ਜਨਰਲ ਸਕੱਤਰ ਮੁਨਸ਼ੀ ਮੁਹੰਮਦ ਫਾਰੂਕ, ਅਕਾਲੀ ਆਗੂ ਸਫੀਕ ਚੌਹਾਨ ਅਤੇ ਜਾਹਿਦਾ ਸੁਲੇਮਾਨ ਨੇ ਕਿਹਾ ਕਿ ਹਿਬਾਨਾਮਾ ਬੰਦ ਕਰਨ ਨਾਲ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦਾ ਮੁਸਲਿਮ ਵਿਰੋਧੀ ਚਿਹਰਾ ਬੇਨਕਾਬ ਹੋ ਗਿਆ ਹੈ।

Advertisement