ਗੁਰਦੀਪ ਸਿੰਘ ਲਾਲੀ
ਸੰਗਰੂਰ, 30 ਅਗਸਤ
ਐਸਸੀ/ਬੀਸੀ ਅਧਿਆਪਕ ਯੂਨੀਅਨ ਦੀ ਅਗਵਾਈ ਹੇਠ ਅਧਿਆਪਕਾਂ ਵੱਲੋਂ ਰਾਖਵਾਂਕਰਨ ਵਿਰੋਧੀ ਵਤੀਰੇ ਖ਼ਿਲਾਫ਼ ਇਥੇ ਡੀਈਓ ਐਲੀਮੈਂਟਰੀ ਦਫ਼ਤਰ ਅੱਗੇ ਰੋਸ ਧਰਨਾ ਦਿੱਤਾ ਗਿਆ ਅਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਧਰਨਾਕਾਰੀ ਅਧਿਆਪਕਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਮੰਗਾਂ ਦਾ ਤੁਰੰਤ ਹੱਲ ਨਾ ਕੀਤਾ ਗਿਆ ਤਾਂ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ। ਯੂਨੀਅਨ ਦੇ ਸੂਬਾ ਕਾਰਜਕਾਰੀ ਪ੍ਰਧਾਨ ਕ੍ਰਿਸ਼ਨ ਸਿੰਘ ਦੁੱਗਾਂ ਨੇ ਦੋਸ਼ ਲਾਇਆ ਕਿ ਪਿਛਲੇ ਲੰਮੇ ਸਮੇਂ ਤੋਂ ਡੀਈਓ ਐਲੀਮੈਂਟਰੀ ਅਤੇ ਦਫ਼ਤਰੀ ਅਮਲੇ ਵੱਲੋਂ ਰਾਖਵਾਂਕਰਨ ਵਿਰੋਧੀ ਵਤੀਰਾ ਅਪਣਾਇਆ ਹੋਇਆ ਹੈ ਅਤੇ ਸਾਜਿਸ਼ ਤਹਿਤ 2016 ਤੋਂ ਹੈੱਡ-ਟੀਚਰ ਦੀਆਂ 42 ਅਸਾਮੀਆਂ ਦਾ ਬੈਕਲਾਗ ਭਰਨ ਤੋਂ ਲਗਾਤਾਰ ਆਨਾ-ਕਾਨੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ 42 ਅਸਾਮੀਆਂ ਦਾ ਬੈਕਲਾਗ ਭਰਨ ਲਈ 21-8-2023 ਨੂੰ ਸੂਚੀ ਜਾਰੀ ਕੀਤੀ ਗਈ ਸੀ ਪਰ ਅਗਲੀ ਸਵੇਰ ਹੀ ਬਾਹਰੀ ਦਬਾਅ ਹੋਣ ਦਾ ਬਹਾਨਾ ਬਣਾ ਕੇ ਕੀਤੀਆਂ ਤਰੱਕੀਆਂ ਲਾਗੂ ਕਰਨ ਤੋਂ ਪਾਸਾ ਵੱਟ ਲਿਆ ਗਿਆ। ਉਨ੍ਹਾਂ ਮੰਗ ਕੀਤੀ ਕਿ ਹੈਡ ਟੀਚਰ ਦੇ ਐਸ.ਸੀ. ਬੈਕਲਾਗ ਦੀਆਂ ਅਸਾਮੀਆਂ ਭਰਨ ਲਈ ਜਾਰੀ ਕੀਤੀ ਸੂਚੀ ਲਾਗੂ ਕੀਤੀ ਜਾਵੇ। ਡੀਈਓ ਐਲੀਮੈਂਟਰੀ ਸ਼ਿਵ ਰਾਜ ਕਪੂਰ ਦਾ ਕਹਿਣਾ ਹੈ ਕਿ ਇਸ ਮਾਮਲੇ ਸਬੰਧੀ ਅਦਾਲਤ ਵਿਚ ਕੇਸ ਚੱਲ ਰਿਹਾ ਹੈ ਅਤੇ ਅਦਾਲਤ ਵਲੋਂ ਸਟੇਅ ਹੈ ਜਿਸ ਕਾਰਨ ਉਹ ਕੁਝ ਨਹੀਂ ਕਰ ਸਕਦੇ। ਉਨ੍ਹਾਂ ਧਰਨਾਕਾਰੀਆਂ ਵਲੋਂ ਲਗਾਏ ਜਾ ਰਹੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ।