ਬਹੁਜਨ ਸਮਾਜ ਪਾਰਟੀ (ਬਸਪਾ) ਸੰਗਰੂਰ ਵੱਲੋਂ ਅਨੁਸੂਚਿਤ ਜਾਤੀਆਂ ਅਤੇ ਪਛੜੀਆਂ ਸ਼੍ਰੇਣੀਆਂ ਲਈ ਬਣਦਾ ਰਾਖਵਾਂ ਕੋਟਾ ਨਾ ਦੇਣ ਖ਼ਿਲਾਫ਼ ਡੀ ਸੀ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਵੱਖ-ਵੱਖ ਵਿਸ਼ਿਆਂ ਦੇ ਲੈਕਚਰਾਰਾਂ ਦੀ ਭਰਤੀ ਵਿੱਚ ਰਾਖਵਾਂਕਰਨ ਨੀਤੀ ਦੀ ਉਲੰਘਣਾ ਦਾ ਦੋਸ਼ ਲਾਇਆ ਅਤੇ ਰਾਜਪਾਲ ਪੰਜਾਬ ਦੇ ਨਾਂ ਮੰਗ ਪੱਤਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੌਂਪਿਆ।
ਬਸਪਾ ਪੰਜਾਬ ਦੇ ਜਨਰਲ ਸਕੱਤਰ ਡਾ. ਮੱਖਣ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਭਰਤੀ ਇਸ਼਼ਤਿਹਾਰਾਂ ਵਿੱਚ ਰਾਖਵਾਂ ਸ਼੍ਰੇਣੀਆਂ ਲਈ ਬਣਦੀਆਂ ਅਸਾਮੀਆਂ ਨੂੰ ਸ਼ਾਮਲ ਨਾ ਕਰਨਾ ਸੰਵਿਧਾਨਕ ਹੱਕਾਂ ’ਤੇ ਸਿੱਧਾ ਹਮਲਾ ਹੈ। ਸਰਕਾਰ ਵੱਲੋਂ ਰਾਖਵਾਂਕਰਨ ਨੀਤੀ ਦੀ ਉਲੰਘਣਾ ਕਰ ਕੇ ਅਨੁਸੂਚਿਤ ਜਾਤੀਆਂ ਅਤੇ ਪਛੜੀਆਂ ਸ਼੍ਰੇਣੀਆਂ ਦੇ ਨੌਜਵਾਨਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ, ਜਿਸ ਨੂੰ ਬਸਪਾ ਕਿਸੇ ਵੀ ਕੀਮਤ ’ਤੇ ਸਹਿਣ ਨਹੀਂ ਕਰੇਗੀ। ਉਨ੍ਹਾਂ ਮੰਗ ਕੀਤੀ ਕਿ ਅਨੁਸੂਚਿਤ ਜਾਤੀਆਂ ਅਤੇ ਪਛੜੀਆਂ ਸ਼੍ਰੇਣੀਆਂ ਦੇ ਹੱਕਾਂ ਦੀ ਰੱਖਿਆ ਯਕੀਨੀ ਬਣਾਈ ਜਾਵੇ ਅਤੇ ਰਾਖਵੇਂ ਕੋਟੇ ਦੀਆਂ ਸਾਰੀਆਂ ਅਸਾਮੀਆਂ ਨੂੰ ਤੁਰੰਤ ਭਰਿਆ ਜਾਵੇ, ਮੌਜੂਦਾ ਭਰਤੀ ਵਿਗਿਆਪਨਾਂ ਨੂੰ ਤੁਰੰਤ ਪ੍ਰਭਾਵ ਨਾਲ ਰੱਦ ਕਰ ਕੇ ਨਵੇਂ ਸਿਰੇ ਤੋਂ ਜਾਰੀ ਕੀਤਾ ਜਾਵੇ, ਪੰਜਾਬ ਵਿੱਚ ਰਿਜ਼ਰਵੇਸ਼ਨ ਨੀਤੀ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਲਈ ਰੋਸਟਰ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਲਾਗੂ ਕੀਤਾ ਜਾਵੇ, ਨਿਯਮਾਂ ਅਨੁਸਾਰ ਸੀਟਾਂ ਰਾਖਵੀਆਂ ਰੱਖ ਕੇ ਨਵੀਂ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ।
ਬਸਪਾ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਜਲਦ ਇਸ ਮਾਮਲੇ ਦਾ ਹੱਲ ਨਾ ਕੀਤਾ ਤਾਂ ਪਾਰਟੀ ਵੱਲੋਂ ਸੂਬਾ ਪੱਧਰ ’ਤੇ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਸੂਬਾ ਸਕੱਤਰ ਡਾ. ਸਰੂਪ ਸਿੰਘ, ਸਾਬਕਾ ਏਡੀਸੀ ਪ੍ਰੀਤਮ ਸਿੰਘ ਜੌਹਲ ਇੰਚਾਰਜ ਲੋਕ ਸਭਾ ਕਿਸਾਨ ਵਿੰਗ, ਸਤਗੁਰ ਸਿੰਘ ਕੌਹਰੀਆਂ ਜ਼ਿਲ੍ਹਾ ਪ੍ਰਧਾਨ, ਅਮਨ ਬੋਧ ਇੰਚਾਰਜ ਯੂਥ ਵਿੰਗ ਲੋਕ ਸਭਾ, ਬਲਵਿੰਦਰ ਸਿੰਘ ਧਾਲੀਵਾਲ ਇੰਚਾਰਜ ਕਿਸਾਨ ਵਿੰਗ, ਰਾਮ ਦਾਸ, ਰਣਧੀਰ ਸਿੰਘ ਨਾਗਰਾ, ਪਵਿੱਤਰ ਸਿੰਘ ਸੁਨਾਮ, ਭੋਲਾ ਸਿੰਘ ਦਿੜ੍ਹਬਾ, ਭੂਰਾ ਸਿੰਘ ਲਹਿਲ ਅਮਰੀਕ ਸਿੰਘ ਕੈਂਥ ਧੂਰੀ, ਗੁਰਮੇਲ ਸਿੰਘ ਰੰਗੀਲਾ, ਮਲਵਿੰਦਰ ਸਿੰਘ ਧੂਰੀ, ਚਰਨਜੀਤ ਸਿੰਘ ਕੈਂਥ, ਗੁਰਬਖ਼ਸ਼ ਸਿੰਘ, ਨਾਹਰ ਸਿੰਘ ਬਹਾਦਰਪੁਰ, ਦਰਸ਼ਨ ਸਿੰਘ ਦੁੱਗਾਂ, ਕਸ਼ਮੀਰਾ ਸਿੰਘ ਲੌਂਗੋਵਾਲ, ਜਸਵੰਤ ਸਿੰਘ ਸ਼ੇਰੋਂ, ਮਿੱਠੂ ਸਿੰਘ ਖੇਤਲਾ, ਰਾਮਪਾਲ ਸਿੰਘ ਮਹਿਲਾਂ, ਕਮਲ ਸਿੰਘ ਮਹਿਲਾਂ, ਅਵਤਾਰ ਸਿੰਘ ਤਾਰੀ, ਭੋਲਾ ਸਿੰਘ ਬੁਗਰਾ , ਡਾ. ਰਾਜ ਕੁਮਾਰ ਅਤੇ ਜਗਸੀਰ ਸਿੰਘ ਲਹਿਰਾ ਮੌਜੂਦ ਸਨ।
