ਪੱਤਰ ਪ੍ਰੇਰਕ
ਲਹਿਰਾਗਾਗਾ, 4 ਅਪਰੈਲ
ਪੰਜਾਬ ਦੀਆਂ 9 ਵਿਦਿਆਰਥੀ ਜਥੇਬੰਦੀਆਂ ਤੇ ਅਧਿਆਪਕ ਜਥੇਬੰਦੀਆਂ ਵੱਲੋਂ ਸਾਂਝੇ ਤੌਰ ’ਤੇ ਕਰੋਨਾ ਦੀ ਓਟ ਹੇਠ ਪੰਜਾਬ ਸਰਕਾਰ ਵੱਲੋਂ 10 ਅਪਰੈਲ ਤੱਕ ਵਿਦਿਅਕ ਸੰਸਥਾਵਾਂ ਬੰਦ ਰੱਖਣ ਖ਼ਿਲਾਫ਼ ਰੋਸ ਹਫ਼ਤਾ ਮਨਾਉਣ ਦੇ ਪ੍ਰੋਗਰਾਮ ਤਹਿਤ ਪਿੰਡ ਚੰਗਾਲੀਵਾਲਾ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਤੇ ਨੌਜਵਾਨ ਭਾਰਤ ਸਭਾ ਵੱਲੋਂ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਪੀਐੱਸਯੂ (ਲਲਕਾਰ) ਦੇ ਆਗੂ ਭਿੰਦਰ ਸਿੰਘ ਤੇ ਗੁਰਪ੍ਰੀਤ ਜੱਸਲ ਅਤੇ ਨੌਜਵਾਨ ਭਾਰਤ ਸਭਾ ਦੇ ਸੂਬਾ ਆਗੂ ਗੁਰਪ੍ਰੀਤ ਗੁਰੀ ਨੇ ਕਿਹਾ ਕਿ ਪੰਜਾਬ ਸਰਕਾਰ ਕਰੋਨਾ ਬਹਾਨੇ ਵਿੱਦਿਅਕ ਸੰਸਥਾਵਾਂ ਬੰਦ ਰੱਖ ਕੇ ਕੇਂਦਰ ਸਰਕਾਰ ਦੇ ਇਸ਼ਾਰਿਆਂ ’ਤੇ ਨਵੀਂ ਸਿੱਖਿਆ ਨੀਤੀ ਲਾਗੂ ਕਰਨਾ ਚਾਹੁੰਦੀ ਹੈ। ਵਿੱਦਿਅਕ ਸੰਸਥਾਵਾਂ ਬੰਦ ਹੋਣ ਕਾਰਨ ਵਿਦਿਆਰਥੀਆਂ ਦੇ ਭਵਿੱਖ ਨੂੰ ਛਿੱਕੇ ਟੰਗਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 9 ਵਿਦਿਆਰਥੀ ਜਥੇਬੰਦੀਆਂ ਵੱਲੋਂ ਅਧਿਆਪਕ ਜਥੇਬੰਦੀਆਂ ਨਾਲ ਤਾਲਮੇਲ ਕਰ ਕੇ ਸਰਕਾਰ ਦੇ ਰਵੱਈਏ ਤੇ ਤੇ ਸ਼ਹੀਦ ਭਗਤ ਸਿੰਘ ਦੇ ਅਸੈਂਬਲੀ ਬੰਬ ਐਕਸ਼ਨ ਨੂੰ ਸਮਰਪਿਤ 8 ਅਪਰੈਲ ਤੱਕ ਰੋਸ ਹਫ਼ਤਾ ਮਨਾਉਂਦੇ ਹੋਏ ਲੌਕਡਾਊਨ ਦੇ ਫੁਰਮਾਨ ਤੇ ਨਵੀਂ ਸਿੱਖਿਆ ਨੀਤੀ ਦੀਆਂ ਕਾਪੀਆਂ ਫੂਕਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ 8 ਅਪਰੈਲ ਨੂੰ ਸ਼ਹੀਦ ਭਗਤ ਸਿੰਘ ਤੇ ਬੀਕੇ ਦੱਤ ਨੇ ਅਸੈਂਬਲੀ ਵਿੱਚ ਬੰਬ ਸੁੱਟ ਕੇ ਅੰਗਰੇਜ਼ ਸਰਕਾਰ ਨੂੰ ਹਲੂਣਿਆ ਸੀ, ਇਸ ਦਨਿ ਵਿਦਿਆਰਥੀਆਂ, ਅਧਿਆਪਕਾਂ ਤੇ ਮਾਪਿਆਂ ਦੀ ਆਵਾਜ਼ ਕੈਪਟਨ ਸਰਕਾਰ ਨੂੰ ਸੁਣਾਉਣ ਲਈ ਰੋਸ ਹਫ਼ਤਾ ਰੱਖਿਆ ਗਿਆ ਹੈ।
ਆਗੂਆਂ ਨੇ ਕਿਹਾ ਕਿ ਸਰਕਾਰ ਵਿਦਿਅਕ ਸੰਸਥਾਵਾਂ ਬੰਦ ਕਰ ਕੇ ਵਿਦਿਆਰਥੀਆਂ ਨੂੰ ਸਿੱਖਿਆ ਤੋਂ ਦੂਰ ਕਰਨਾ ਚਾਹੁੰਦੀ ਹੈ। ਇਸ ਦਾ ਵਿਦਿਆਰਥੀ, ਅਧਿਆਪਕ ਅਤੇ ਮਾਪੇ ਵਿਰੋਧ ਕਰਨਗੇ ਜੇ ਕੈਪਟਨ ਸਰਕਾਰ 10 ਅਪਰੈਲ ਨੂੰ ਵੀ ਵਿਦਿਅਕ ਸੰਸਥਾਵਾਂ ਨਹੀਂ ਖੋਲ੍ਹਦੀ ਤਾਂ ਸਰਕਾਰ ਵਿਦਿਆਰਥੀਆਂ ਦੇ ਤਿੱਖੇ ਵਿਰੋਧ ਦਾ ਸਾਹਮਣਾ ਕਰਨ ਲਈ ਤਿਆਰ ਰਹੇ। ਅਖ਼ੀਰ ਵਿੱਚ ਨਾਅਰੇ ਮਾਰਦੇ ਹੋਏ ਨਵੀਂ ਸਿੱਖਿਆ ਨੀਤੀ ਦੀਆਂ ਕਾਪੀਆਂ ਸਾੜੀਆਂ ਗਈਆਂ। ਇਸ ਮੌਕੇ ਸੁਖਚੈਨ ਸਿੰਘ ਫ਼ੌਜੀ, ਟੇਕ ਸਿੰਘ, ਹਰਜੀਤ ਸਿੰਘ, ਵੀਰਪਾਲ ਕੌਰ, ਮਮਤਾ, ਗਗਨਦੀਪ, ਜੱਸਾ, ਸੈਂਟੀ ਸਣੇ ਵੱਡੀ ਗਿਣਤੀ ਵਿੱਚ ਪਿੰਡ ਦੀਆਂ ਔਰਤਾਂ ਸ਼ਾਮਿਲ ਹੋਈਆਂ।