ਐੱਸ ਐੱਸ ਸੱਤੀ
ਮਸਤੂਆਣਾ ਸਾਹਿਬ, 6 ਦਸੰਬਰ
ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਦੀ ਨਾਨ-ਟੀਚਿੰਗ ਸਟਾਫ਼ ਯੂਨੀਅਨ ਵੱਲੋਂ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਮਸਤੂਆਣਾ ਦੀ ਅਗਵਾਈ ਹੇਠ ਕਾਲਜ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ ਅਤੇ ਸਰਕਾਰ ਵਿਰੁੱਧ ਜੰਮਕੇ ਨਾਅਰੇਬਾਜ਼ੀ ਕੀਤੀ ਗਈ। ਯੂਨੀਅਨ ਦੇ ਇਕਾਈ ਸਕੱਤਰ ਗੁਰਚਰਨ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਕਰਮਚਾਰੀਆਂ ਨੂੰ ਮਿਤੀ 1.12.11 ਤੋਂ ਨਵਾਂ ਸੋਧਿਆ ਗ੍ਰੇਡ ਪੇ ਲਾਗੂ ਕਰ ਦਿੱਤਾ ਗਿਆ ਹੈ, ਪ੍ਰੰਤੂ ਪ੍ਰਾਈਵੇਟ ਏਡਿਡ ਕਾਲਜਾਂ ਦੇ ਨਾਨ ਟੀਚਿੰਗ ਵਰਗ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਦਿਆਂ ਗ੍ਰੇਡ ਪੇ ਸਬੰਧੀ ਨੋਟੀਫੀਕੇਸ਼ਨ ਅਜੇ ਤੱਕ ਜਾਰੀ ਨਹੀਂ ਕੀਤਾ ਗਿਆ। ਆਗੂਆਂ ਨੇ ਮੰਗ ਕੀਤੀ ਕਿ ਮਿਤੀ 1.12.11 ਤੋਂ ਨਵਾਂ ਸੋਧਿਆ ਗ੍ਰੇਡ ਪੇ ਲਾਗੂ ਕਰਨ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ, 1-08-2009 ਤੋਂ ਵਧੀ ਹੋਈ ਦਰ ਨਾਲ ਹਾਊਸ ਰੈਂਟ ਅਤੇ ਮੈਡੀਕਲ ਭੱਤਾ 350 ਰੁਪਏ ਤੋਂ ਵਧਾ ਕੇ 500 ਰੁਪਏ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ। ਧਰਨੇ ਨੂੰ ਪ੍ਰਿੰਸੀਪਲ ਡਾ. ਅਮਨਦੀਪ ਕੌਰ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਹਰਦੇਵ ਸਿੰਘ ਧਨੌਲਾ, ਸੁਖਪਾਲ ਸਿੰਘ ਮਹਿਲਾਂ, ਜਸਪਾਲ ਸਿੰਘ ਦੁੱਗਾਂ, ਲਖਵਿੰਦਰ ਸਿੰਘ ਵੜੈਚ, ਹਰਮੇਲ ਸਿੰਘ ਧਾਂਦਰਾ, ਗੁਰਚਰਨ ਸਿੰਘ, ਭੂਰਾ ਸਿੰਘ, ਹਰਦੀਪ ਸਿੰਘ, ਹਰਪਾਲ ਸਿੰਘ ਢੀਂਡਸਾ, ਜਸਪ੍ਰੀਤ ਸਿੰਘ, ਅਮਨਦੀਪ ਕੌਰ, ਜਗਦੀਸ਼ ਪਾਲ, ਗੁਰਮੇਲ ਸਿੰਘ ਦੁੱਗਾਂ, ਮਨਜੀਤ ਸਿੰਘ ਚੰਗਾਲ ਤੇ ਦਰਸ਼ਨ ਸਿੰਘ ਨੇ ਕਿਹਾ ਕਿ ਸਰਕਾਰੀ ਕਾਲਜਾਂ ਵਿੱਚ ਕੰਮ ਕਰ ਰਹੇ ਏਡਿਡ ਸਟਾਫ਼ ਵਾਂਗ ਅਨ-ਏਡਿਡ ਸਟਾਫ਼ ਨੂੰ ਤਨਖਾਹਾਂ ਦਿੱਤੀਆਂ ਜਾਣ।