ਸੀਵਰੇਜ ਨਾ ਪਾਉਣ ਖ਼ਿਲਾਫ਼ ਮੁਜ਼ਾਹਰਾ
ਚੀਮਾ ਮੰਡੀ ਦੇ ਵਾਰਡ ਨੰਬਰ 4 ਅਧੀਨ ਪੈਂਦੀ ਮੀਹਾਂ ਸਿੰਘ ਵਾਲੀ ਗਲੀ ਦੇ ਵਸਨੀਕ ਸੀਵਰੇਜ ਨਾ ਪੈਣ ਕਾਰਨ ਕਈ ਸਮੱਸਿਆਵਾਂ ਨਾਲ ਜੂਝ ਰਹੇ ਹਨ। ਵਸਨੀਕਾਂ ਵਲੋਂ ਸੀਵਰੇਜ ਨਾ ਪਾਉਣ ਦੇ ਵਿਰੋਧ ਵਿਚ ਰੋਸ ਵਿਖਾਵਾ ਕੀਤਾ ਗਿਆ ਅਤੇ ਨਗਰ ਪੰਚਾਇਤ ਚੀਮਾ...
ਚੀਮਾ ਮੰਡੀ ਦੇ ਵਾਰਡ ਨੰਬਰ 4 ਅਧੀਨ ਪੈਂਦੀ ਮੀਹਾਂ ਸਿੰਘ ਵਾਲੀ ਗਲੀ ਦੇ ਵਸਨੀਕ ਸੀਵਰੇਜ ਨਾ ਪੈਣ ਕਾਰਨ ਕਈ ਸਮੱਸਿਆਵਾਂ ਨਾਲ ਜੂਝ ਰਹੇ ਹਨ। ਵਸਨੀਕਾਂ ਵਲੋਂ ਸੀਵਰੇਜ ਨਾ ਪਾਉਣ ਦੇ ਵਿਰੋਧ ਵਿਚ ਰੋਸ ਵਿਖਾਵਾ ਕੀਤਾ ਗਿਆ ਅਤੇ ਨਗਰ ਪੰਚਾਇਤ ਚੀਮਾ ਦੇ ਕਾਰਜਸਾਧਕ ਅਫ਼ਸਰ ਨੂੰ ਮੰਗ ਪੱਤਰ ਦਿੰਦਿਆਂ ਤੁਰੰਤ ਸਮੱਸਿਆ ਦਾ ਹੱਲ ਕਰਨ ਦੀ ਮੰਗ ਕੀਤੀ। ਵਾਰਡ ਨੰਬਰ 4 ਦੀ ਮੀਹਾਂ ਸਿੰਘ ਵਾਲੀ ਗਲੀ ਦੇ ਵਸਨੀਕਾਂ ਤਰਸੇਮ ਚੰਦ, ਗੁਰਤੇਜ ਸਿੰਘ, ਬਲਵਿੰਦਰ, ਅਵਤਾਰ ਸਿੰਘ, ਸੁਖਜਿੰਦਰ ਸਿੰਘ, ਰਾਜਵੀਰ ਸਿੰਘ, ਸਤਿਗੁਰ ਸਿੰਘ, ਹਰਬੰਸ ਸਿੰਘ ਆਦਿ ਨੇ ਦੱਸਿਆ ਕਿ ਮੀਹਾਂ ਸਿੰਘ ਵਾਲੀ ਗਲੀ ਚੀਮਾ ਵਿਚ ਕਰੀਬ 25-30 ਘਰ ਹਨ। ਗਲੀ ਵਿੱਚ ਵਾਟਰ ਸਪਲਾਈ ਲਾਈਨ ਪਈ ਹੋਈ ਹੈ ਪਰ ਸੀਵਰੇਜ ਦੀ ਪਾਈਪ ਨਹੀਂ ਪਾਈ ਗਈ ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਮੀਂਹ ਪੈਂਦਾ ਹੈ ਤਾਂ ਗਲੀ ਵਿਚ ਗੋਡੇ ਗੋਡੇ ਪਾਣੀ ਭਰ ਜਾਂਦਾ ਹੈ ਜਿਸ ਕਾਰਨ ਲੋਕਾਂ ਭਾਰੀ ਸਮੱਸਿਆ ਹੁੰਦੀ ਹੈ ਅਤੇ ਘਰਾਂ ਵਿਚੋਂ ਬਾਹਰ ਨਿਕਲਣਾ ਮੁਸ਼ਕਲ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਮੀਹਾਂ ਸਿੰਘ ਵਾਲੀ ਗਲੀ, ਸੰਤ ਅਤਰ ਸਿੰਘ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਨਜ਼ਦੀਕ ਹੈ ਜਿਸ ਦੀ ਲੰਬਾਈ ਕਰੀਬ 1700 ਫੁੱਟ ਹੈ ਜੋ ਕਿ ਸੀਵਰੇਜ ਤੋਂ ਵਾਂਝੀ ਹੈ। ਮੁਹੱਲਾ ਵਾਸੀਆਂ ਨੇ ਮੁੱਖ ਮੰਤਰੀ ਪੰਜਾਬ, ਵਿੱਤ ਮੰਤਰੀ ਪੰਜਾਬ, ਕੈਬਨਿਟ ਮੰਤਰੀ ਤੇ ਹਲਕਾ ਵਿਧਾਇਕ ਅਮਨ ਅਰੋੜਾ ਅਤੇ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਵੀ ਮੰਗ ਪੱਤਰ ਭੇਜ ਕੇ ਸਮੱਸਿਆ ਦਾ ਹੱਲ ਕਰਨ ਦੀ ਮੰਗ ਕੀਤੀ। ਇਸ ਸਬੰਧ ਵਿੱਚ ਨਗਰ ਪੰਚਾਇਤ ਚੀਮਾ ਦੇ ਕਾਰਜਸਾਧਕ ਅਫ਼ਸਰ ਦਾ ਕਹਿਣਾ ਹੈ ਕਿ ਪਿੰਡ ਵਿਚ ਕੰਮ ਚੱਲ ਰਿਹਾ ਹੈ।

