ਪੱਤਰ ਪੇ੍ਰਕ
ਲਹਿਰਾਗਾਗਾ, 3 ਮਾਰਚ
ਇਥੇ 17 ਫਰਵਰੀ ਦੇ ਚੋਣ ਨਤੀਜਿਆਂ ਦੇ ਖ਼ਿਲਾਫ਼ ਲਹਿਰਾ ਵਿਕਾਸ ਮੰਚ ਵੱਲੋਂ ਸੰਘਰਸ਼ ਦੀ ਜਿੱਤ ਤੱਕ ਪੱਕਾ ਧਰਨਾ ਤੇ ਭੁੱਖ ਹੜਤਾਲ ਬੁੱਧਵਾਰ ਨੂੰ ਵੀ ਜਾਰੀ ਰਿਹਾ। ਅੱਜ ਦਰਜਨਾਂ ਲੋਕਾਂ ਨੇ ਬਾਕਾਇਦਾ ਟੈਂਟ ਲਾ ਕੇ ਪੰਜਾਬ ਸਰਕਾਰ ਅਤੇ ਸਬੰਧਤ ਚੋਣ ਅਧਿਕਾਰੀ ਖਿਲਾਫ ਨਾਅਰੇਬਾਜ਼ੀ ਕੀਤੀ। ਧਰਨਾਕਾਰੀ ਲਹਿਰਾ ਵਿਕਾਸ ਮੰਚ ਦੇ ਕਨਵੀਨਰ ਐਡਵੋਕੇਟ ਵਰਿੰਦਰ ਗੋਇਲ, ਦੀਪਕ ਜੈਨ, ਕਰੋੜੀ ਮੱਲ, ਨੰਦ ਲਾਲ ਨੰਦੂ, ਜੌਗਿੰਦਰ ਸਿੰਘ, ਸੁਰਿੰਦਰ ਕੌਰ ਬਬਲੀ, ਸੁਰਿੰਦਰ ਸਿੰਘ, ਤਰਸੇਮ ਸਿੰਘ , ਬਲਦੇਵ ਕੌਰ ਦਾ ਕਹਿਣਾ ਹੈ ਕਿ ਉਹ ਨਗਰ ਕੌਂਸਲ ਚੋਣ ਨਤੀਜਿਆਂ ’ਚ ਕਥਿਤ ਘਪਲੇਬਾਜ਼ੀ ਲਈ ਜ਼ਿੰਮੇਵਾਰ ਪੀਸੀਐਸ ਅਧਿਕਾਰੀ ਜੀਵਨਜੋਤ ਕੌਰ ਦੀ ਬਰਖ਼ਾਸਤਗੀ ਚਾਹੁੰਦੇ ਹਨ, ਬੇਸ਼ੱਕ ਸਰਕਾਰ ਨੇ ਅਧਿਕਾਰੀ ਦੀ ਤਬਦੀਲੀ ਕਰ ਦਿੱਤੀ ਪਰ ਉਹ ਸਬੰਧਤ ਅਧਿਕਾਰੀ ਦੀ ਨੌਕਰੀ ਤੋਂ ਬਰਖਾਸਤਗੀ ਤਕ ਸੰਘਰਸ਼ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਚੋਣ ਕਮਿਸ਼ਨਰ ਨੇ ਪ੍ਰਮੁੱਖ ਸਕੱਤਰ ਨੂੰ ਲਿਖਤੀ ਰਿਪੋਰਟ ਭੇਜ ਕੇ ਸਬੰਧਤ ਅਧਿਕਾਰੀ ਨੂੰ ਮੁਅੱਤਲ ਕਰਕੇ ਸਖ਼ਤ ਕਾਰਵਾਈ ਲਈ ਕਿਹਾ ਸੀ ਪਰ ਧਰਨਾਕਾਰੀਆਂ ਦੀ ਮੰਗ ਅਧਿਕਾਰੀ ਨੂੰ ਨੌਕਰੀ ਤੋਂ ਬਰਖਾਸਤ ਕਰਕੇ ਲੋਕਤੰਤਰ ਨੂੰ ਬਚਾਉਣ ਦੀ ਹੈ। ਉਨ੍ਹਾਂ ਕਿਹਾ ਕਿ ਲਹਿਰਾਗਾਗਾ ਨਗਰ ਕੌਂਸਲ ਚੋਣ ਨਤੀਜਿਆਂ ’ਚ ਹੇਰਾਫੇਰੀ ਅਤੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਹਾਈਕੋਰਟ ਦਾ ਦਰਵਾਜਾ ਖਟਕਾਉਣ ਲਈ ਕੇਸ ਪੂਰੀ ਤਰ੍ਹਾਂ ਤਿਆਰ ਕਰ ਲਿਆ ਹੈ।