Indo-US Free Trade Agreement ਖ਼ਿਲਾਫ਼ ਧਰਨਾ
ਕਿਸਾਨਾਂ ਨੇ ਕੇਂਦਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ; ਸਮਝੌਤਾ ਰੱਦ ਕਰਨ ਦੀ ਮੰਗ
ਕੁੱਲ ਹਿੰਦ ਕਿਸਾਨ ਸਭਾ ਜ਼ਿਲ੍ਹਾ ਪਟਿਆਲਾ ਦੇ ਸਕੱਤਰ ਕਾਮਰੇਡ ਰਮੇਸ਼ ਸਿੰਘ ਆਜ਼ਾਦ ਅਤੇ ਮਜ਼ਦੂਰ ਆਗੂ ਕਾਮਰੇਡ ਜੈ ਰਾਮ ਭਾਨਰਾ ਦੀ ਅਗਵਾਈ ਹੇਠ ਅੱਜ ਐੱਸ ਡੀ ਐੱਮ ਦੁੱਧਨਸਾਧਾਂ ਦੇ ਦਫ਼ਤਰ ਸਾਹਮਣੇ ਕੇਂਦਰ ਸਰਕਾਰ ਖ਼ਿਲਾਫ਼ ਜ਼ੋਰਦਾਰ ਰੋਸ ਧਰਨਾ ਦਿੱਤਾ ਗਿਆ। ਇਕੱਠ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਭਾਰਤ-ਅਮਰੀਕਾ ਮੁਕਤ ਵਪਾਰ ਸਮਝੌਤਾ ਦੇਸ਼ ਦੀ ਕਿਸਾਨੀ ਅਤੇ ਵਪਾਰਕ ਅਦਾਰਿਆਂ ਲਈ ਬੇਹੱਦ ਘਾਤਕ ਸਿੱਧ ਹੋਵੇਗਾ। ਉਨ੍ਹਾਂ ਚਿੰਤਾ ਜਤਾਈ ਕਿ ਇਸ ਟੈਕਸ ਮੁਕਤ ਸਮਝੌਤੇ ਕਾਰਨ ਵਿਦੇਸ਼ਾਂ ਤੋਂ ਸਸਤੇ ਭਾਅ ਆਉਣ ਵਾਲੇ ਸਾਮਾਨ ਅੱਗੇ ਭਾਰਤੀ ਵਸਤਾਂ ਟਿਕ ਨਹੀਂ ਸਕਣਗੀਆਂ, ਜਿਸ ਨਾਲ ਦੇਸੀ ਉਦਯੋਗ ਬੰਦ ਹੋ ਜਾਣਗੇ ਅਤੇ ਬੇਰੁਜ਼ਗਾਰੀ ਫੈਲੇਗੀ। ਯੂਨੀਅਨ ਆਗੂਆਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਮੁਕਤ ਵਪਾਰ ਸਮਝੌਤਾ, ਬਿਜਲੀ ਬਿੱਲ 2025 ਅਤੇ ਬੀਜ ਬਿੱਲ ਤੁਰੰਤ ਰੱਦ ਕੀਤੇ ਜਾਣ। ਧਰਨੇ ਦੇ ਅਖੀਰ ਵਿੱਚ ਮੁੱਖ ਮੰਤਰੀ ਅਤੇ ਰਾਜਪਾਲ ਦੇ ਨਾਂ ਨਾਇਬ ਤਹਿਸੀਲਦਾਰ ਦੂਧਨਸਾਧਾਂ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਸੂਬੇਦਾਰ ਜਸਵੰਤ ਸਿੰਘ, ਦਵਿੰਦਰ ਸਿੰਘ ਬੀਬੀਪੁਰ, ਪਾਲਾ ਰਾਮ ਰੌਹੜ, ਹੰਸ ਰਾਜ ਭਾਨਰਾ, ਸੰਤੋਖ ਸਿੰਘ ਅਤੇ ਬੀਬੀ ਗੁਰਵਿੰਦਰ ਕੌਰ ਸਮੇਤ ਕਈ ਪਤਵੰਤੇ ਹਾਜ਼ਰ ਸਨ।

