ਹੁਸ਼ਿਆਰਪੁਰ ਵਿੱਚ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਨੂੰ ਤੋੜਨ ਤੇ ਬੇਅਦਬੀ ਦੀ ਘਟਨਾ ’ਤੇ ਰੋਸ ਪ੍ਰਗਟ ਕਰਦਿਆਂ ਡਾ. ਭੀਮ ਰਾਓ ਅੰਬੇਡਕਰ ਵੈੱਲਫੇਅਰ ਸੁਸਾਇਟੀ ਪਟਿਆਲਾ, ਸੈਂਟਰ ਵਾਲਮੀਕਿ ਸਭਾ ਇੰਡੀਆ ਅਤੇ ਵਾਲਮੀਕਿ ਧਰਮ ਸਭਾ ਲਾਹੌਰੀ ਗੇਟ ਪਟਿਆਲਾ ਨੇ ਇਸ ਘਟਨਾ ਲਈ ਵਿਦੇਸ਼ ਵਿੱਚ ਰਹਿੰਦੇ ਗਰਮਖਿਆਲੀ ਗੁਰਪਤਵੰਤ ਸਿੰਘ ਪੰਨੂ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਉਸ ਦਾ ਪੁਤਲਾ ਫੂਕਿਆ। ਉਨ੍ਹਾਂ ਇਸ ਘਟਨਾ ਦੀ ਜ਼ੋਰਦਾਰ ਨਿਖੇਧੀ ਕੀਤੀ। ਇਸ ਮੌਕੇ ਨਰੇਸ਼ ਕੁਮਾਰ ਬੌਬੀ, ਸੋਨੂੰ ਸੰਗਰ, ਰਾਜੇਸ਼ ਘਾਰੂ, ਜਤਿੰਦਰ ਪ੍ਰਿੰਸ, ਸੰਜੀਵ ਕੁਮਾਰ ਅਤੇ ਪ੍ਰਧਾਨ ਵਿਨੈ ਪਰੋਚੇ ਸਮੇਤ ਕਈ ਹੋਰ ਦਲਿਤ ਤੇ ਹੋਰ ਆਗੂ ਵੀ ਮੌਜੂਦ ਸਨ। ਉਨ੍ਹਾਂ ਨੇ ਘਟਨਾ ਦੀ ਨਿਖੇਧੀ ਕਰਦਿਆਂ ਜ਼ਿੰਮੇਵਾਰ ਅਨਸਰਾਂ ਖ਼ਿਲਾਫ਼ ਫੌਰੀ ਕਾਰਵਾਈ ਦੀ ਮੰਗ ਵੀ ਕੀਤੀ। ਉਨ੍ਹਾਂ ਕਿਹਾ ਕਿ ਭਾਰਤੀ ਸੰਵਿਧਾਨ ਦੇ ਰਚੇਤਾ ਦਾ ਅਪਮਾਨ ਸਮੁੱਚੇ ਦੇਸ਼ ਅਤੇ ਦੇਸ਼ ਵਾਸੀਆਂ ਦੇ ਅਪਮਾਨ ਦੇ ਤੁੱਲ ਹੈ ਇਸ ਲਈ ਅਜਿਹੇ ਅਨਸਰਾਂ ਨੂੰ ਕਦੇ ਵੀ ਬਖ਼ਸ਼ਿਆ ਨਹੀਂ ਜਾਣਾ ਚਾਹੀਦਾ ਜੋ ਆਪਸੀ ਭਾਈਚਾਰਕ ਸਾਂਝ ਨੂੰ ਤੋੜਨ ਦੇ ਯਤਨ ਕਰਦੇ ਹਨ। ਇਸ ਮੌਕੇ ਪੰਕਜ ਆਦਿਵਾਲ, ਈਸ ਕੁਮਾਰ, ਜਤਿੰਨ ਪਰੋਚੇ, ਚੰਦੂ ਕਲਿਆਣ, ਲੱਕੀ ਕਲਿਆਣ, ਮੋਹਨ ਲਾਲ ਅਟਵਾਲ ਤੇ ਵਿਕਾਸ ਕੁਮਾਰ ਆਦਿ ਹਾਜ਼ਰ ਸਨ।
ਬੁੱਤ ਤੋੜਨ ਦੀ ਨਿਖੇਧੀ
ਸੰਗਰੂਰ (ਨਿੱਜੀ ਪੱਤਰ ਪ੍ਰੇਰਕ): ਭਾਰਤੀ ਅੰਬੇਡਕਰ ਮਿਸ਼ਨ ਦੇ ਪ੍ਰਧਾਨ ਦਰਸ਼ਨ ਸਿੰਘ ਕਾਂਗੜਾ ਨੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਨੂਰਪੁਰ ਜੱਟਾਂ ਵਿਖੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਦੀ ਹੋਈ ਬੇਅਦਬੀ ਦੀ ਨਿਖੇਧੀ ਕੀਤੀ ਹੈ। ਭੀਮ ਰਾਓ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਚਰਨਜੀਤ ਸਿੰਘ ਨਾਫਰੀਆ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕੀਤੀ। ਇਸ ਮੌਕੇ ਫੌਜੀ ਮੇਹਰ ਸਿੰਘ, ਗੁਰਜੰਟ ਸਿੰਘ ਸਾਂਗ, ਰਾਜਵੀਰ ਸਿੰਘ ਰਾਜੂ, ਹਰਮੇਸ਼ ਸਿੰਘ ਸਰਪੰਚ ਅੰਮ੍ਰਿਤ ਸਿੰਘ ਆਦਿ ਹਾਜ਼ਰ ਸਨ।

