ਮਾਲੇਰਕੋਟਲਾ ’ਚ ਭਾਜਪਾ ਆਗੂ ਖ਼ਿਲਾਫ਼ ਰੋਸ ਮੁਜ਼ਾਹਰਾ
ਨਾਜ਼ੀਆ ਇਲਾਹੀ ਖ਼ਾਨ ਦੀ ਗ੍ਰਿਫ਼ਤਾਰੀ ਲਈ ਰਾਸ਼ਟਰਪਤੀ ਦੇ ਨਾਂ ਏ ਡੀ ਸੀ ਨੂੰ ਮੰਗ ਪੱਤਰ ਸੌਂਪਿਆ
ਪੈਗੰਬਰ ਹਜ਼ਰਤ ਮੁਹੰਮਦ ਮੁਸਤਫ਼ਾ (ਸੱਲੱਲਾਹੁ ਅਲੈਹਿ ਵਸੱਲਮ) ਅਤੇ ਉਨ੍ਹਾਂ ਦੀ ਪਤਨੀ ਹਜਰਤ ਆਇਸ਼ਾ ਸਿੱਦੀਕਾ (ਰਜ਼ੀਅੱਲਾਹੁ ਅਨਹਾ) ਦੀ ਸ਼ਾਨ ਖ਼ਿਲਾਫ਼ ਭਾਜਪਾ ਘੱਟ ਗਿਣਤੀ ਮੋਰਚੇ ਦੀ ਆਗੂ ਨਾਜ਼ੀਆ ਇਲਾਹੀ ਖਾਨ ਵੱਲੋਂ ਕੀਤੀਆਂ ਅਪਮਾਨਜਨਕ ਅਤੇ ਭੜਕਾਊ ਟਿੱਪਣੀਆਂ ਖ਼ਿਲਾਫ਼ ਅੱਜ ਮਾਲੇਰਕੋਟਲਾ ਦੇ ਹਜ਼ਾਰਾਂ ਮੁਸਲਮਾਨਾਂ ਨੇ ਡਿਪਟੀ ਕਮਿਸ਼ਨਰ ਦਫਤਰ ਸਾਹਮਣੇ ਰੋਸ ਪ੍ਰਦਰਸ਼ਨ ਕਰ ਕੇ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਵਧੀਕ ਡਿਪਟੀ ਕਮਿਸ਼ਨਰ ਨੂੰ ਸੌਂਪਿਆ।
ਸ਼ਹਿਰ ਦੀਆਂ ਵੱਖ ਵੱਖ ਮੁਸਲਿਮ ਤਨਜ਼ੀਮਾਂ ਵੱਲੋਂ ਕੀਤੇ ਗਏ ਪ੍ਰਦਰਸ਼ਨ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਮੌਲਾਨਾ ਮੁਫ਼ਤੀ ਇਰਤਕਾ ਉਲ ਹਸਨ ਕਾਂਧਲਵੀ (ਮੁਫ਼ਤੀ-ਏ-ਆਜ਼ਮ ਪੰਜਾਬ), ਮੁਫ਼ਤੀ ਦਿਲਸ਼ਾਦ ਕਾਸਮੀ, ਮੁਫ਼ਤੀ ਅਬਦੁਲ ਮਲਿਕ ਅਤੇ ਮੌਲਾਨਾ ਮੁਹੰਮਦ ਆਜ਼ਮ ਸ਼ਾਮਲ ਸਨ। ਮੰਗ ਪੱਤਰ ਵਿਚ ਮੰਗ ਕੀਤੀ ਗਈ ਕਿ ਨਾਜ਼ੀਆ ਇਲਾਹੀ ਖ਼ਾਨ ਨੂੰ ਜਲਦੀ ਗ੍ਰਿਫ਼ਤਾਰ ਕਰ ਕੇ ਮਾਮਲੇ ਦੀ ਉੱਚ ਪੱਧਰੀ, ਨਿਰਪੱਖ ਅਤੇ ਸਮੇਂ ਸਿਰ ਜਾਂਚ ਯਕੀਨੀ ਬਣਾਈ ਜਾਵੇ। ਭਾਈਚਾਰੇ ਨੇ ਮੰਗ ਕੀਤੀ ਕਿ ਨਾਜ਼ੀਆ ਇਲਾਹੀ ਖ਼ਾਨ ਖ਼ਿਲਾਫ਼ ਮਾਲੇਰਕੋਟਲਾ ਵਿੱਚ ਵੀ ਮੁਕੱਦਮਾ ਦਰਜ ਕਰ ਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਆਗੂਆਂ ਨੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੱਛਮੀ ਬੰਗਾਲ ਦੀ ਰਹਿਣ ਵਾਲੀ ਨਾਜ਼ੀਆ ਇਲਾਹੀ ਖ਼ਾਨ ਦੀਆਂ ਟਿੱਪਣੀਆਂ ਨਾਲ ਦੁਨੀਆ ਭਰ ’ਚ ਵਸਦੇ ਕਰੋੜਾਂ ਮੁਸਲਮਾਨਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਇਸ ਮੌਕੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਬੀਬਾ ਨਿਸ਼ਾਤ ਅਖਤਰ, ਵਿਧਾਇਕ ਅਮਰਗੜ੍ਹ ਜਸਵੰਤ ਸਿੰਘ ਗੱਜਣਮਾਜਰਾ, ਮੁਸਲਿਮ ਫੈਡਰੇਸ਼ਨ ਆਫ ਪੰਜਾਬ ਦੇ ਆਗੂ ਮੁਬੀਨ ਫਾਰੂਕੀ, ਮੁਸਲਿਮ ਸਿੱਖ ਫਰੰਟ ਦੇ ਆਗੂ ਵਸੀਮ ਸੇਖ, ਸਮਮਾਜ ਸੇਵੀ ਮੁਹੰਮਦ ਸਹਿਬਾਜ਼ ਇੰਤੀ, ਕੌਂਸਲਰ ਮੁਨਸੀ ਫਾਰੂਕ ਅਹਿਮਦ, ਮਹਿਮੂਦ ਅਖਤਰ ਸ਼ਾਦ ਅਤੇ ਸਹਿਬਾਜ਼ ਰਾਣਾ ਮੈਂਬਰ ਪੰਜਾਬ ਵਕਫ ਬੋਰਡ ਸਣੇ ਵੱਡੀ ਗਿਣਤੀ ਮੁਸਲਿਮ ਆਗੂ ਸ਼ਾਮਲ ਹੋਏ।
ਡਿਪਟੀ ਕਮਿਸ਼ਨਰ ਦੇ ਤੁਰੰਤ ਤਬਾਦਲੇ ਦੀ ਮੰਗ
ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਪ੍ਰਦਰਸ਼ਨ ਕਰ ਰਹੇ ਮੁਸਲਿਮ ਭਾਈਚਾਰੇ ਦੇ ਲੋਕਾਂ ਕੋਲੋਂ ਮੰਗ ਪੱਤਰ ਨਾ ਲੈਣ ਪਹੁੰਚਣ ’ਤੇ ਗੁੱਸੇ ਵਿੱਚ ਆਏ ਪ੍ਰਦਰਸ਼ਨਕਾਰੀਆਂ ਨੇ ਡੀ ਸੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਮੰਗ ਕੀਤੀ ਕਿ ਅਤਿ ਸੰਵੇਦਨਸ਼ੀਲ ਮੁੱਦੇ ’ਤੇ ਪ੍ਰਦਰਸ਼ਨ ਕਰ ਰਹੇ ਮੁਸਲਿਮ ਭਾਈਚਾਰੇ ਦੇ ਲੋਕਾਂ ਤੋਂ ਮੰਗ ਪੱਤਰ ਲੈਣ ਲਈ ਨਾ ਆਉਣ ਵਾਲੇ ਡੀ ਸੀ ਦਾ ਤੁਰੰਤ ਤਬਾਦਲਾ ਕੀਤਾ ਜਾਵੇ। ਡੀ ਸੀ ਖਿਲਾਫ ਨਾਅਰੇਬਾਜੀ ਦਾ ਪਤਾ ਲੱਗਦਿਆਂ ਹੀ ਵਧੀਕ ਡਿਪਟੀ ਕਮਿਸ਼ਨਰ ਰਾਜਦੀਪ ਸਿੰਘ ਬਰਾੜ ਮੰਗ ਪੱਤਰ ਲੈਣ ਲਈ ਪ੍ਰਦਰਸ਼ਨਕਾਰੀਆਂ ਦਰਮਿਆਨ ਪਹੁੰਚ ਗਏ।
