ਬਡਰੁੱਖਾਂ ਤੋਂ ਫਿਲਮ ‘ਚੜ੍ਹਦੀ ਕਲਾ’ ਦਾ ਪ੍ਰਚਾਰ ਸ਼ੁਰੂ
ਅਦਾਕਾਰ ਐਮੀ ਵਿਰਕ, ਰੂਪੀ ਗਿੱਲ, ਹਿੰਮਤ ਸੰਧੂ, ਜਰਨੈਲ ਸਿੰਘ ਅਤੇ ਕਰਨ ਧਾਲੀਵਾਲ ਪੁੱਜੇ; ਗੁਰਦੁਆਰਾ ਮਸਤੂਆਣਾ ਸਾਹਿਬ ਵਿੱਚ ਟੀਮ ਨੇ ਅਰਦਾਸ ਕਰਵਾਈ
ਸੰਗਰੂਰ/ਮਸਤੂਆਣਾ ਸਾਹਿਬ (ਗੁਰਦੀਪ ਸਿੰਘ ਲਾਲੀ/ਐੱਸ ਐੱਸ ਸੱਤੀ): ਪੰਜਾਬੀ ਫਿਲਮ ‘ਚੜ੍ਹਦੀ ਕਲਾ’ ਦੀ ਟੀਮ ਵੱਲੋਂ ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਵਿੱਚ ਫਿਲਮ ਲਈ ਅਰਦਾਸ ਕਰਾਉਣ ਅਤੇ ਗੁਰੂ ਦਾ ਆਸ਼ੀਰਵਾਦ ਲੈਣ ਮਗਰੋਂ ਇਤਿਹਾਸਕ ਪਿੰਡ ਬਡਰੁੱਖਾਂ ਤੋਂ ਫਿਲਮ ਦੇ ਪ੍ਰਚਾਰ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਟੀਮ ਵਿੱਚ ਫਿਲਮ ਦੇ ਅਦਾਕਾਰ ਐਮੀ ਵਿਰਕ, ਰੂਪੀ ਗਿੱਲ, ਹਿੰਮਤ ਸੰਧੂ, ਜਰਨੈਲ ਸਿੰਘ ਅਤੇ ਪ੍ਰੋਡਿਊਸਰ ਕਰਨ ਧਾਲੀਵਾਲ ਸ਼ਾਮਲ ਸਨ। ਇਸ ਮੌਕੇ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਦੀ ਅਗਵਾਈ ਹੇਠ ਪ੍ਰਬੰਧਕਾਂ ਵੱਲੋਂ ਸਮੁੱਚੀ ਟੀਮ ਅਤੇ ਸਟਾਲਿਨਵੀਰ ਸਿੰਘ ਨੂੰ ਸਿਰੋਪਾਓ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ।
ਇਸ ਤੋਂ ਬਾਅਦ ਸਮੁੱਚੀ ਟੀਮ ਪਿੰਡ ਬਡਰੁੱਖਾਂ ਦੀ ਸੱਥ ਵਿੱਚ ਫਿਲਮ ਦੀ ਪ੍ਰਮੋਸ਼ਨ ਲਈ ਪੁੱਜੀ ਜਿੱਥੇ ਲੋਕਾਂ ਦੀ ਵੱਡੀ ਭੀੜ ਸੀ। ਇਸ ਮੌਕੇ ਅਦਾਕਾਰ ਐਮੀ ਵਿਰਕ, ਰੂਪੀ ਗਿੱਲ, ਹਿੰਮਤ ਸੰਧੂ, ਜਰਨੈਲ ਸਿੰਘ ਤੇ ਕਰਨ ਧਾਲੀਵਾਲ ਵੱਲੋਂ ਫਿਲਮ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਗਏ। ਪਿੰਡ ਦੇ ਸਰਪੰਚ ਰਣਦੀਪ ਸਿੰਘ ਮਿੰਟੂ ਵੱਲੋਂ ਫਿਲਮ ਦੀ ਸਮੁੱਚੀ ਟੀਮ ਦਾ ਸਵਾਗਤ ਕੀਤਾ ਗਿਆ। ਐਮੀ ਵਿਰਕ ਨੇ ਕਿਹਾ ਕਿ ਉਹ ਫਿਲਮ ਦੀ ਪ੍ਰਮੋਸ਼ਨ ਦੀ ਸ਼ੁਰੂਆਤ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਸਥਾਨ ਤੋਂ ਕਰ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬੀ ਫਿਲਮ ਇੰਡਸਟਰੀ ਵਿੱਚ ਇਹ ਫਿਲਮ ਮੀਲ ਪੱਥਰ ਸਾਬਿਤ ਹੋਵੇਗੀ। ਰੂਪੀ ਗਿੱਲ ਨੇ ਕਿਹਾ ਕਿ ਫਿਲਮ ’ਚ ਦਰਸਾਇਆ ਹੈ ਕਿ ਹਾਲਾਤ ਭਾਵੇਂ ਜਿੰਨੇ ਮਰਜ਼ੀ ਮਾੜੇ ਹੋਣ ਪਰ ਸਾਨੂੰ ਹਿੰਮਤ ਨਹੀਂ ਹਾਰਨੀ ਚਾਹੀਦੀ। ਜਰਨੈਲ ਸਿੰਘ ਨੇ ਕਿਹਾ ਕਿ ਫਿਲਮ ਵੇਖਣ ਤੋਂ ਬਾਅਦ ਹਰ ਕੋਈ ਮਾਣ ਮਹਿਸੂਸ ਕਰੇਗਾ ਅਤੇ ਉਸ ਦਾ ਦਸਤਾਰ ਸਜਾਉਣ ਨੂੰ ਦਿਲ ਕਰੇਗਾ। ਪੰਚਾਇਤ ਵੱਲੋਂ ਸਮੁੱਚੀ ਟੀਮ ਨੂੰ ਸ਼ੇਰ-ਏ-ਪੰਜਾਬ ਦੀ ਯਾਦਗਾਰੀ ਤਸਵੀਰ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ। ਚਿੱਤਰਕਾਰ ਗੁਰਮੀਤ ਸਿੰਘ ਬਡਰੁੱਖਾਂ ਵੱਲੋਂ ਚੜ੍ਹਦੀ ਕਲਾ ਟੀਮ ਦੀ ਬਣਾਈ ਪੇਂਟਿੰਗ ਐਮੀ ਵਿਰਕ ਨੂੰ ਭੇਟ ਕੀਤੀ ਗਈ। ਸਟਾਰ ਕਾਸਟ ਟੀਮ ਸ਼ੇਰ-ਏ-ਪੰਜਾਬ ਦੇ ਜਨਮ ਸਥਾਨ ਵਾਲਾ ਬਡਰੁੱਖਾਂ ਦਾ ਕਿਲ੍ਹਾ ਵੀ ਵੇਖਿਆ। ਜ਼ਿਕਰਯੋਗ ਹੈ ਕਿ ਇਸ ਫਿਲਮ ਦੀ ਕਹਾਣੀ ਸ਼ਹੀਦ ਭਾਈ ਬੇਅੰਤ ਸਿੰਘ ਦੀ ਪਤਨੀ ਬਿਮਲ ਕੌਰ ਖ਼ਾਲਸਾ ਨਾਲ ਸਬੰਧਤ ਹੈ ਜਿਸਦੀ ਜ਼ਿੰਦਗੀ ਨੂੰ ਜ਼ਖ਼ਮਾਂ ਤੋਂ ਚੜ੍ਹਦੀ ਕਲਾ ਤੱਕ ਦੇ ਸਫ਼ਰ ਨੂੰ ਦਰਸਾਇਆ ਗਿਆ ਹੈ। ਇਹ ਫਿਲਮ 29 ਮਈ ਨੂੰ ਰਿਲੀਜ਼ ਹੋਵੇਗੀ।

