progressive literature festival: ਪੁਸਤਕ ਮੇਲਾ ਦਭੋਲਕਰ ਨੂੰ ਸਮਰਪਿਤ ਹੋਵੇਗਾ
21 ਤੋਂ 23 ਅਗਸਤ ਤੱਕ ਮੇਲੇ ਦੇ ਸੈਮੀਨਾਰਾਂ ਨੂੰ ਨਾਮਵਰ ਬੁਲਾਰੇ ਸੰਬੋਧਨ ਕਰਨਗੇ
ਤਰਕਸ਼ੀਲ ਸੁਸਾਇਟੀ ਪੰਜਾਬ ਦੇ ਆਗੂ ਮਾਸਟਰ ਪਰਮਵੇਦ ਨੇ ਦੱਸਿਆ ਕਿ ਲੋਕ ਪੱਖੀ ਸਾਹਿਤ, ਸਿਹਤਮੰਦ ਸਭਿਆਚਾਰ ਤੇ ਵਿਗਿਆਨਕ ਚੇਤਨਾ ਨੂੰ ਪ੍ਰਫੁੱਲਤ ਕਰਨ ਦੇ ਮਕਸਦ ਨਾਲ 21 ਤੋਂ 23 ਅਗਸਤ ਤੱਕ ਬਰਨਾਲਾ ਵਿਖੇ ਲੱਗਣ ਵਾਲਾ ਤਰਕਸ਼ੀਲ ਪੁਸਤਕ ਮੇਲਾ ਇਸ ਵਾਰ ਤਰਕਸ਼ੀਲ ਆਗੂ ਡਾ. ਨਰਿੰਦਰ ਦਾਭੋਲਕਰ ਦੀ ਸ਼ਹਾਦਤ ਨੂੰ ਸਮਰਪਿਤ ਹੋਵੇਗਾ। ਉਨ੍ਹਾਂ ਦੱਸਿਆ ਕਿ ਡਾ. ਨਰਿੰਦਰ ਦਭੋਲਕਰ ਮਹਾਰਾਸ਼ਟਰ ਦੀ ਤਰਕਸ਼ੀਲ ਸੰਸਥਾ ਅੰਧ-ਸ਼ਰਧਾ ਨਿਰਮੂਲਨ ਸਮਿਤੀ ਦੇ ਆਗੂ ਸਨ, ਜਿਨ੍ਹਾਂ 20 ਅਗਸਤ 2013 ਨੂੰ ਫਿਰਕੂ ਫਾਂਸ਼ੀਵਾਦੀ ਤਾਕਤਾਂ ਵੱਲੋਂ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਆਗੂ ਪਰਮਵੇਦ ਨੇ ਦੱਸਿਆ ਇਸ ਮੇਲੇ ਵਿੱਚ ਪੰਜਾਬ ਦੇ ਨਾਮਵਰ ਪ੍ਰਕਾਸ਼ਕਾਂ ਵੱਲੋਂ ਤਰਕਸ਼ੀਲ, ਇਨਕਲਾਬੀ, ਮਾਨਵਵਾਦੀ ਅਤੇ ਅਗਾਂਹਵਧੂ ਸਾਹਿਤ ਦੇ ਸਟਾਲ ਲਗਾਏ ਜਾਣਗੇ। ਮੇਲੇ ਦਾ ਉਦਘਾਟਨ 21 ਅਗਸਤ ਨੂੰ ਮੁਕਤਾ ਦਾਭੋਲਕਰ ਕਰਨਗੇ ਜਦਕਿ 22 ਅਗਸਤ ਨੂੰ ਪੰਜਾਬੀ ਸਾਹਿਤ ਅਤੇ ਵਿਗਿਆਨਕ ਚਿੰਤਨ, ਮੀਡੀਆ ਅਤੇ ਫਿਰਕਾਪ੍ਰਸਤੀ ਅਤੇ ਨੌਜਵਾਨ ਪੀੜ੍ਹੀ ਦੇ ਪਰਵਾਸ ਤੇ ਮਾਪਿਆਂ ਦੇ ਸੰਕਟ ਬਾਰੇ ਸੈਮੀਨਾਰ ਹੋਣਗੇ। 23 ਅਗਸਤ ਨੂੰ ਵਿਗਿਆਨਕ ਸੋਚ ਨੂੰ ਦਰਪੇਸ਼ ਚੁਣੌਤੀਆਂ ਅਤੇ ਸਿਹਤ ਸਮੱਸਿਆਵਾਂ ਸਬੰਧੀ ਵਿਚਾਰ-ਚਰਚਾ ਹੋਵੇਗੀ। ਇਸ ਉਪਰੰਤ ਨਾਟਕ ‘ਸੁਕਰਾਤ’ ਪੇਸ਼ ਕੀਤਾ ਜਾਵੇਗਾ। ਮੇਲੇ ਦੌਰਾਨ ਵਿਦਿਆਰਥੀਆਂ ਦੇ ਸੁੰਦਰ ਲਿਖਾਈ ਅਤੇ ਪੋਸਟਰ ਮੁਕਾਬਲੇ, ਗਾਇਕੀ ਅਤੇ ਸਭਿਆਚਾਰਕ ਪ੍ਰੋਗਰਾਮ ਵੀ ਕਰਵਾਏ ਜਾਣਗੇ। ਜੇਤੂਆਂ ਨੂੰ ਨਕਦ ਇਨਾਮ ਅਤੇ ਕਿਤਾਬਾਂ ਨਾਲ ਸਨਮਾਨਿਤ ਕੀਤਾ ਜਾਵੇਗਾ।

