ਦੇਵੀਗੜ੍ਹ ਨਗਰ ਪੰਚਾਇਤ ਬਣਨ ਤੋਂ ਬਾਅਦ ਮੁਸ਼ਕਲਾਂ ਵਧੀਆਂ
ਕੲੀ ਤਰ੍ਹਾਂ ਦੇ ਟੈਕਸ ਦੇਣ ਦੇ ਬਾਵਜੂਦ ਲੋਕ ਬੁਨਿਆਦੀ ਸਹੂਲਤਾਂ ਤੋਂ ਵਾਂਝੇ
ਸੱਤ ਪਿੰਡਾਂ ਦੀਆਂ ਪੰਚਾਇਤਾਂ ਤੋੜ ਕੇ ਹੋਂਦ ਵਿੱਚ ਆਈ ਨਗਰ ਪੰਚਾਇਤ ਦੇਵੀਗੜ੍ਹ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਨਗਰ ਪੰਚਾਇਤ ਹੋਂਦ ’ਚ ਆਉਣ ਤੋਂ ਬਾਅਦ ਨਵੇਂ ਪ੍ਰਸ਼ਾਸਨਿਕ ਨਿਯਮ ਤਾਂ ਲਾਗੂ ਹੋ ਗਏ ਹਨ, ਪਰ ਜ਼ਮੀਨੀ ਪੱਧਰ ’ਤੇ ਲੋਕਾਂ ਨੂੰ ਉਮੀਦਾਂ ਅਨੁਸਾਰ ਸਹੂਲਤਾਂ ਨਹੀਂ ਮਿਲ ਰਹੀਆਂ। ਪਿੰਡ ਤੋਂ ਸ਼ਹਿਰੀ ਪ੍ਰਬੰਧਕੀ ਢਾਂਚੇ ਵਿੱਚ ਤਬਦੀਲੀ ਹੋਣ ਦੇ ਬਾਵਜੂਦ ਸਫ਼ਾਈ, ਪੀਣ ਵਾਲੇ ਪਾਣੀ, ਗਲੀਆਂ-ਨਾਲਿਆਂ ਦੀ ਸੰਭਾਲ ਅਤੇ ਸੜਕਾਂ ਦੀ ਮੁਰੰਮਤ ਵਰਗੀਆਂ ਬੁਨਿਆਦੀ ਸੇਵਾਵਾਂ ਵਿੱਚ ਕੋਈ ਵੱਡਾ ਸੁਧਾਰ ਨਹੀਂ ਆਇਆ। ਇਸ ਤੋਂ ਖ਼ਫ਼ਾ ਲੋਕਾਂ ਨੇ ਕਿਹਾ ਕਿ ਉਨ੍ਹਾਂ ’ਤੇ ਟੈਕਸ ਅਤੇ ਨਕਸਾ ਆਦਿ ਨਿਯਮ ਤਾਂ ਲਾਗੂ ਹੋ ਗਏ ਪਰ ਸਹੂਲਤਾਂ ਨਹੀਂ ਮਿਲੀਆਂ।
ਵਿਕਾਸ ਕਾਰਜਾਂ ਦੀ ਕੋਈ ਸਪੱਸ਼ਟ ਅਤੇ ਯੋਜਨਾਬੱਧ ਰੂਪ-ਰੇਖਾ ਸਾਹਮਣੇ ਨਹੀਂ ਆ ਰਹੀ। ਲੋਕਾਂ ’ਚ ਰੋਸ ਪਾਇਆ ਜਾ ਰਿਹਾ ਹੈ ਕਿ ਨਵੀਂ ਨਗਰ ਪੰਚਾਇਤ ਵੱਲੋਂ ਲੰਬੇ ਸਮੇਂ ਦੀ ਯੋਜਨਾ ਬਣਾਉਣ ਦੀ ਬਜਾਇ ਤਤਕਾਲੀ ਅਤੇ ਅਸਥਾਈ ਕਦਮ ਚੁੱਕੇ ਜਾ ਰਹੇ ਹਨ। ਸਥਾਨਕ ਵਸਨੀਕਾਂ ਅਤੇ ਸਮਾਜਿਕ ਕਾਰਕੁਨਾਂ ਨੇ ਨਗਰ ਪੰਚਾਇਤ ਦੇ ਨੋਟੀਫਿਕੇਸ਼ਨ ਨੂੰ ਰੱਦ ਕਰਨ ਲਈ ਧਰਨੇ ਵੀ ਲਗਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਪ੍ਰਸ਼ਾਸਨਿਕ ਬਦਲਾਅ ਨਾਲ ਇਲਾਕੇ ਨੂੰ ਲਾਭ ਨਹੀਂ ਮਿਲ ਰਿਹਾ, ਤਾਂ ਫਿਰ ਇਸ ਫ਼ੈਸਲੇ ’ਤੇ ਦੁਬਾਰਾ ਵਿਚਾਰ ਕੀਤਾ ਜਾਣਾ ਚਾਹੀਦਾ ਹੈ। ਇੱਥੇ ਗੰਦਗੀ, ਖ਼ਰਾਬ ਸਟਰੀਟ ਲਾਈਟਾਂ, ਟੁੱਟੀਆਂ ਸੜਕਾਂ ਅਤੇ ਜਲ ਨਿਕਾਸ ਦੀ ਸਮੱਸਿਆ ਬਾਰੇ ਲੋਕ ਕਈ ਵਾਰ ਆਵਾਜ਼ ਬੁਲੰਦ ਕਰ ਚੁੱਕੇ ਹਨ ਪਰ ਕੋਈ ਸੁਣਵਾਈ ਨਹੀਂ ਹੋਈ।
ਨਵੀਂ ਬਣੀ ਨਗਰ ਪੰਚਾਇਤ ਦੇਵੀਗੜ੍ਹ ਦੇ ਚੁਣੇ ਨੁਮਾਇੰਦਿਆਂ ਅਤੇ ਪ੍ਰਸ਼ਾਸਨ ਅੱਗੇ ਵੱਡੀ ਚੁਣੌਤੀ ਇਹ ਹੈ ਕਿ ਉਹ ਲੋਕਾਂ ਦਾ ਭਰੋਸਾ ਕਿਵੇਂ ਜਿੱਤਣ। ਇਲਾਕੇ ਦੇ ਲੋਕਾਂ ਮੰਗ ਹੈ ਕਿ ਵਿਕਾਸ ਕਾਰਜਾਂ ਲਈ ਯੋਜਨਾਬੰਧੀ, ਪਾਰਦਰਸ਼ਤਾ ਅਤੇ ਲੋਕ ਭਾਗੀਦਾਰੀ ਨੂੰ ਯਕੀਨੀ ਬਣਾਇਆ ਜਾਵੇ। ਨਗਰ ਪੰਚਾਇਤ ਅਧੀਨ ਆਉਂਦੇ ਪਿੰਡਾਂ ਵਿੱਚ ਲੋਕਾਂ ਤੋਂ ਟੈਕਸ ਤਾਂ ਵਸੂਲੇ ਜਾ ਰਹੇ ਹਨ ਪਰ ਲੋੜੀਂਦੀਆਂ ਸਹੂਲਤਾਂ ਨਹੀਂ ਦਿੱਤੀਆਂ ਜਾ ਰਹੀਆਂ।
ਵਾਰਡਾਂ ਵਿੱਚ ਵਿਕਾਸ ਕਾਰਜ ਸ਼ੁਰੂ ਕੀਤੇ: ਈ ਓ
ਨਗਰ ਪੰਚਾਇਤ ਦੇਵੀਗੜ੍ਹ ਦੇ ਈ ਓ ਲਖਵੀਰ ਸਿੰਘ ਨੇ ਦੱਸਿਆ ਕਿ ਨਗਰ ਪੰਚਾਇਤ ਅਧੀਨ ਆਉਂਦੇ ਕਰੀਬ ਸਾਰੇ ਵਾਰਡਾਂ ਵਿੱਚ ਵਿਕਾਸ ਕਾਰਜ ਸ਼ੁਰੂ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਟਰੀਟ ਲਾਈਟਾਂ ਨਵੀਆਂ ਲਗਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਗਲੀਆਂ ਨਵੀਂ ਬਣਨੀ ਸ਼ੁਰੂ ਹੋ ਚੁੱਕੀਆਂ ਹਨ। ਲੋਕਾਂ ਦੀ ਸਹੂਲਤ ਲਈ ਸਾਰੇ ਕੰਮ ਜਲਦੀ ਮੁਕੰਮਲ ਕਰ ਲਏ ਜਾਣਗੇ।

