ਪੰਜਾਬ ਮਾਸਟਰ ਅਥਲੈਟਿਕ ਮੀਟ ਦੀਆਂ ਤਿਆਰੀਆਂ ਮੁਕੰਮਲ
ਪੰਜਾਬ ਮਾਸਟਰ ਅਥਲੈਟਿਕ ਐਸੋਸੀਏਸ਼ਨ ਪੰਜਾਬ ਵੱਲੋਂ ਦੋ ਰੋਜ਼ਾ ਸੂਬਾ ਪੱਧਰੀ ਮਾਸਟਰ ਅਥਲੈਟਿਕ ਮੀਟ 15 ਅਤੇ 16 ਨਵੰਬਰ ਨੂੰ ਐਸੋਸੀਏਸ਼ਨ ਦੇ ਜਨਰਲ ਸਕੱਤਰ ਡਾਕਟਰ ਭੁਪਿੰਦਰ ਸਿੰਘ ਪੂਨੀਆ ਦੀ ਨਿਗਰਾਨੀ ਹੇਠ ਸਮੂਹ ਐਸੋਸੀਏਸ਼ਨ ਦੇ ਅਹੁਦੇੇਦਾਰਾਂ ਅਤੇ ਅਕਾਲ ਕਾਲਜ ਕੌਂਸਲ ਦੇ ਸਹਿਯੋਗ ਸਦਕਾ ਸੰਤ ਕਿਸ਼ਨ ਸਿੰਘ ਯਾਦਗਾਰੀ ਸਟੇਡੀਅਮ ਮਸਤੂਆਣਾ ਸਾਹਿਬ ਵਿੱਚ ਕਰਵਾਈ ਜਾ ਰਹੀ ਹੈ। ਅਕਾਲ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ਦੇ ਦਫ਼ਤਰ ਵਿੱਚ ਕੈਪਟਨ ਭੁਪਿੰਦਰ ਸਿੰਘ ਪੂਨੀਆ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਉਨ੍ਹਾਂ ਦੱਸਿਆ ਕਿ ਇਸ ਅਥਲੈਟਿਕ ਮੀਟ ਵਿੱਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ 30 ਸਾਲ ਤੋਂ ਉਪਰ ਉਮਰ ਵਾਲੇ 550 ਦੇ ਕਰੀਬ ਨੈਸ਼ਨਲ ਅਤੇ ਇੰਟਰਨੈਸ਼ਨਲ ਪੱਧਰ ਦੇ ਅਥਲੀਟ (ਮਰਦ ਔਰਤਾਂ) ਹਿੱਸਾ ਲੈਣ ਲਈ ਪਹੁੰਚ ਰਹੇ ਹਨ। ਅਕਾਲ ਕਾਲਜ ਕੌਂਸਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਨੇ ਦੱਸਿਆ ਕਿ ਐਸੋਸੀਏਸ਼ਨ ਵੱਲੋਂ ਇਹ ਪੰਜਾਬ ਮਾਸਟਰ ਅਥਲੈਟਿਕ ਮੀਟ ਕਰਵਾਉਂਣ ਲਈ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਮਾਸਟਰ ਅਥਲੈਟਿਕ ਮੀਟ ਦਾ ਉਦਘਾਟਨ ਉੱਘੇ ਲੇਖਕ ਡਾ. ਬਰਜਿੰਦਰ ਸਿੰਘ ਹਮਦਰਦ ਵੱਲੋਂ ਕੀਤਾ ਜਾਵੇਗਾ ਜਦੋਂ ਕਿ ਇਨਾਮਾਂ ਦੀ ਵੰਡ ਵਿਸ਼ੇਸ਼ ਡੀ ਜੀ ਪੀ ਅਮਰਦੀਪ ਸਿੰਘ ਰਾਏ ਚੰਡੀਗੜ੍ਹ ਵੱਲੋਂ ਕੀਤਾ ਜਾਵੇਗਾ।
