ਨਗਰ ਕੀਰਤਨ ਦੇ ਸਵਾਗਤ ਲਈ ਤਿਆਰੀਆਂ ਮੁਕੰਮਲ
ਅਸਾਮ ਤੋਂ ਅਾਰੰਭ ਹੋਇਅਾ ਨਗਰ ਕੀਰਤਨ ਦੇ 17 ਨੂੰ ਮਾਲੇਰਕੋਟਲਾ ’ਚ ਹੋਵੇਗਾ ਦਾਖਲ
ਅਸਾਮ ਦੇ ਗੁਰਦੁਆਰਾ ਧੋਬੜੀ ਸਾਹਿਬ ਤੋਂ ਅਰੰਭ ਹੋਏ ਨਗਰ ਕੀਰਤਨ ਦੇ 17 ਨਵੰਬਰ ਨੂੰ ਜ਼ਿਲ੍ਹਾ ਮਾਲੇਰਕੋਟਲਾ ਅੰਦਰ ਦਾਖਲ ਹੋਣ ’ਤੇ ਭਰਵੇਂ ਸਵਾਗਤ ਲਈ ਸਥਾਨਕ ਸਿੱਖ ਸੰਸਥਾਵਾਂ, ਧਾਰਮਿਕ ਤੇ ਕਾਰੋਬਾਰੀ ਆਗੂਆਂ ਵੱਲੋਂ ਜ਼ੋਰਦਾਰ ਤਿਆਰੀਆਂ ਸ਼ੁਰੂ ਦਿੱਤੀਆਂ ਗਈਆਂ ਹਨ। ਇਨ੍ਹਾਂ ਤਿਆਰੀਆਂ ਸਬੰਧੀ ਅੱਜ ਸਥਾਨਕ ਗੁਰਦੁਆਰਾ ਗੁਰੂ ਸਿੰਘ ਸਭਾ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਜਗਦੀਸ਼ ਸਿੰਘ ਘੁੰਮਣ, ਸਾਹਿਬਜ਼ਾਦਾ ਫਤਹਿ ਸਿੰਘ ਚੈਰੀਟੇਬਲ ਟਰੱਸਟ ਦੇ ਵਾਇਸ ਚੇਅਰਮੈਨ ਅਮਰਿੰਦਰ ਸਿੰਘ ਮੰਡੀਆਂ, ਨੰਬਰਦਾਰ ਜਤਿੰਦਰ ਸਿੰਘ ਮਹੋਲੀ ਅਤੇ ਭਾਈ ਅਵਤਾਰ ਸਿੰਘ ਬਧੇਸ਼ਾ ਆਦਿ ਸਿੱਖ ਆਗੂਆਂ ਨੇ ਦੱਸਿਆ ਕਿ ਗੁਰਦੁਆਰਾ ਟਾਹਲੀਆਣਾ ਸਾਹਿਬ ਰਾਏਕੋਟ ਤੋਂ 17 ਨਵੰਬਰ ਨੂੰ ਸਵੇਰੇ ਨਾਭਾ ਲਈ ਰਵਾਨਾ ਹੋਣ ਵਾਲੇ ਨਗਰ ਕੀਰਤਨ ਦਾ ਜ਼ਿਲ੍ਹਾ ਮਾਲੇਰਕੋਟਲਾ ਅੰਦਰ ਦਾਖਲ ਹੋਣ ਮੌਕੇ ਜਿਥੇ ਕਲਿਆਣ ਨਹਿਰੀ ਪੁੱਲ ’ਤੇ ਇਲਾਕੇ ਭਰ ਦੀਆਂ ਸੰਗਤਾਂ ਵੱਲੋਂ ਭਰਵਾਂ ਸਵਾਗਤ ਕੀਤਾ ਜਾਵੇਗਾ। ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੂਬਾਈ ਡੈਲੀਗੇਟ ਅਤੇ ਦਸਮੇਸ਼ ਕੰਬਾਈਨਜ਼ ਗਰੁੱਪ ਦੇ ਚੇਅਰਮੈਨ ਗਿਆਨੀ ਅਮਰ ਸਿੰਘ ਨੇ ਦੱਸਿਆ ਕਿ 17 ਨਵੰਬਰ ਨੂੰ ਦੁਪਹਿਰ ਦੋ ਵਜੇ ਮਾਲੇਰਕੋਟਲਾ-ਰਾਏਕੋਟ ਰੋਡ ਸਥਿਤ ਦਸਮੇਸ਼ ਕੰਬਾਈਨਜ਼ ਅੱਗੇ ਪਹੁੰਚੇਗਾ। ਉਨ੍ਹਾਂ ਦੱਸਿਆ ਕਿ ਨਗਰ ਕੀਰਤਨ ਦੇ ਸਵਾਗਤ ਲਈ ਸਮੁੱਚੇ ਰੂਟ ਨੂੰ ਸਵਾਗਤੀ ਗੇਟਾਂ ਅਤੇ ਖਾਲਸਾਈ ਝੰਡਿਆਂ ਨਾਲ ਸਿੰਗਾਰਿਆ ਜਾ ਰਿਹਾ ਹੈ।

