ਪਾਵਰਕੌਮ ਅਧਿਕਾਰੀਆਂ ਨੇ ਸੰਘਰਸ਼ ਦਾ ਬਿਗੁਲ ਵਜਾਇਆ
ਕੰਮ ਦੇ ਬੋਝ ਤੋਂ ਹਾਲੋਂ ਬੇਹਾਲ ਹੋਏ ਅਤੇ ਮੰਗਾਂ ਪ੍ਰਤੀ ਪਾਵਰਕੌਮ ਮੈਨੇਜਮੈਂਟ ਦੇ ਨਾਂਹ-ਪੱਖੀ ਵਤੀਰੇ ਤੋਂ ਖਫ਼ਾ ਪਾਵਰਕੌਮ ਦੇ ਅਧਿਕਾਰੀਆਂ ਨੇ ਅੱਜ ਸੰਘਰਸ਼ ਦਾ ਬਿਗੁਲ ਵਜਾ ਦਿੱਤਾ ਹੈ। ਪਾਵਰਕੌਮ ਦੇ ਅਧਿਕਾਰੀਆਂ ਨੇ ਅੱਜ ਦਫ਼ਤਰੀ ਸਮੇਂ ਅਨੁਸਾਰ ਸਵੇਰੇ 9 ਤੋਂ 5 ਵਜੇ ਤੱਕ ਕੰਮ ਕਰਨ ਤੋਂ ਬਾਅਦ ਆਪਣੇ ਮੋਬਾਈਲ ਫੋਨ ਬੰਦ ਕਰ ਲਏ ਹਨ। ਉਨ੍ਹਾਂ ਐਲਾਨ ਕੀਤਾ ਕਿ ਸ਼ਾਮ 5 ਵਜੇ ਤੋਂ ਸਵੇਰੇ 9 ਵਜੇ ਤੱਕ ਉਹ ਆਪਣੇ ਮੋਬਾਈਲ ਫੋਨ ਅਣਮਿਥੇ ਸਮੇਂ ਲਈ ਬੰਦ ਰੱਖਣਗੇ ਅਤੇ ਇਸ ਸਮੇਂ ਦੌਰਾਨ ਬਿਜਲੀ ਸਪਲਾਈ ਦੀਆਂ ਸ਼ਿਕਾਇਤਾਂ ਆਦਿ ਦਾ ਕੋਈ ਕੰਮ-ਕਾਜ ਨਹੀਂ ਕਰਨਗੇ।
ਐਸੋਸੀਏਸ਼ਨ ਦੀ ਮੀਟਿੰਗ ਤੋਂ ਬਾਅਦ ਜਾਣਕਾਰੀ ਦਿੰਦਿਆਂ ਪੀਐੱਸਈਬੀ ਇੰਜਨੀਅਰ ਐਸੋਸੀਏਸ਼ਨ ਦੇ ਰੀਜਨਲ ਸਕੱਤਰ ਇੰਜ. ਪੰਕਜ ਗਰਗ ਐੱਸਡੀਓ ਨੇ ਦੱਸਿਆ ਕਿ ਅੱਜ ਸ਼ਾਮ 5 ਵਜੇ ਤੋਂ ਸਵੇਰੇ 9 ਵਜੇ ਤੱਕ ਪਾਵਰਕੌਮ ਅਧਿਕਾਰੀਆਂ ਵਲੋਂ ਆਪਣੇ ਮੋਬਾਈਲ ਫੋਨ ਬੰਦ ਕਰ ਲਏ ਹਨ। ਇਹ ਫੈਸਲਾ ਮੀਟਿੰਗ ਦੌਰਾਨ ਲਿਆ ਗਿਆ ਹੈ ਕਿਉਂਕਿ ਬੀਤੀ 4 ਜੁਲਾਈ ਨੂੰ ਐਸੋਸੀਏਸ਼ਨ ਵਲੋਂ ਮੀਟਿੰਗ ਕਰਕੇ ਮੈਨੇਜਮੈਂਟ ਨੂੰ ਜਾਣੂ ਕਰਵਾ ਦਿੱਤਾ ਸੀ ਕਿ ਜੇਕਰ ਮੰਗਾਂ ਦਾ ਹੱਲ ਨਾ ਹੋਇਆ ਤਾਂ 19 ਜੁਲਾਈ ਤੋਂ ਉਹ ਸਿਰਫ਼ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਹੀ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਪਾਵਰਕੌਮ ਵਿਚ ਪਹਿਲਾਂ ਹੀ ਬਹੁਤ ਘੱਟ ਅਧਿਕਾਰੀ/ਕਰਮਚਾਰੀ ਕੰਮ ਕਰ ਰਹੇ ਹਨ ਅਤੇ ਜਿਹੜੇ ਬਾਕੀ ਪੱਕੇ ਕਰਮਚਾਰੀ ਕੰਮ ਕਰ ਰਹੇ ਹਨ, ਉਹ ਆਪਣੀਆਂ ਮੰਗਾਂ ਮੰਨਵਾਉਣ ਲਈ ਵਰਕ ਟੂ ਰੂਲ ਕਰਕੇ ਰੋਸ ਵਜ਼ੋਂ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਕੰਮ ਕਰਦੇ ਹਨ। ਲੋਕ ਬਿਜਲੀ ਸਹੂਲਤਾਂ ਤੋਂ ਵਾਂਝੇ ਹੋਣ ਕਾਰਨ ਅਧਿਕਾਰੀਆਂ ਉਪਰ ਗੁੱਸਾ ਕੱਢ ਰਹੇ ਹਨ ਪਰ ਪਾਵਰਕੌਮ ਮੈਨੇਜਮੈਂਟ ਵਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ। ਉਨ੍ਹਾਂ ਦੱਸਿਆ ਕਿ ਅਧਿਕਾਰੀਆਂ ਨੂੰ ਦਿਨ ਭਰ ਦਫ਼ਤਰੀ ਕੰਮ ਤੋਂ ਇਲਾਵਾ ਸਾਰੀ ਰਾਤ ਬਿਜਲੀ ਸਪਲਾਈ ਸ਼ਿਕਾਇਤਾਂ ਦੇ ਫੋਨ ਆਉਂਦੇ ਰਹਿੰਦੇ ਹਨ। ਰਾਤ ਭਰ ਪਾਵਰਕੌਮ ਦੇ ਅਧਿਕਾਰੀ ਆਪਣੀ ਨੀਂਦ ਵੀ ਪੂਰੀ ਨਹੀਂ ਲੈ ਪਾ ਰਹੇ ਅਤੇ ਮਾਨਸਿਕ ਅਤੇ ਸਰੀਰਕ ਤੌਰ ’ਤੇ ਬਿਮਾਰ ਹੋ ਰਹੇ ਹਨ।
ਮੀਟਿੰਗ ’ਚ ਐਕਸੀਅਨ ਦਿੜਬਾ, ਐਕਸੀਅਨ ਸੁਨਾਮ, ਐਕਸੀਅਨ ਧੂਰੀ, ਐਕਸੀਅਨ ਟੈਕ, ਐਕਸੀਅਨ ਸੰਗਰੂਰ, ਐਕਸੀਅਨ ਪਾਤੜਾਂ ਅਤੇ ਹਲਕਾ ਸੰਗਰੂਰ ਦੇ ਸਮੂਹ ਐੱਸਡੀਓ ਮੌਜੂਦ ਸਨ।
ਕੰਮ ਦੇ ਵਾਧੂ ਬੋਝ ਦਾ ਦੋਸ਼
ਆਗੂਆਂ ਨੇ ਦੋਸ਼ ਲਾਇਆ ਕਿ ਮੈਨੇਜਮੈਂਟ ਵਲੋਂ ਆਪਣੀ ਜ਼ਿੰਮੇਵਾਰੀ ਨਾ ਨਿਭਾ ਕੇ ਹੋਰ ਕੰਮਾਂ ਵਿਚ ਹੋ ਰਹੀ ਦੇਰੀ ਦਾ ਠੀਕਰਾ ਮਿਹਨਤ ਨਾਲ ਕੰਮ ਕਰ ਰਹੇ ਅਧਿਕਾਰੀਆਂ ਉਪਰ ਭੰਨਿ੍ਹਆ ਜਾ ਰਿਹਾ ਹੈ। ਹਲਕਾ ਸੰਗਰੂਰ ਵਿਚ 42 ਫ਼ੀਸਦੀ ਲਾਈਨਮੈਨ, 56.5 ਫ਼ੀਸਦੀ ਸਹਾਇਕ ਲਾਈਨਮੈਨ ਅਤੇ 25 ਫ਼ੀਸਦੀ ਜੇਈਆਂ ਦੀਆਂ ਅਸਾਮੀਆਂ ਖਾਲੀ ਪਾਈਆਂ ਹਨ ਜਿਸ ਕਾਰਨ ਕੰਮ ਦਾ ਵਾਧੂ ਬੋਝ ਅਧਿਕਾਰੀਆਂ ਨੂੰ ਝੱਲਣਾ ਪੈ ਰਿਹਾ ਹੈ।