DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Powercom junior engineers protest: ਜੂਨੀਅਰ ਇੰਜਨੀਅਰਾਂ ਨੇ ਕਾਲੇ ਕੱਪੜੇ ਪਾ ਕੇ ਰੋਸ ਜਤਾਇਆ

ਪਾਵਰਕੌਮ ਦੇ ਮੁੱਖ ਦਫ਼ਤਰ ਅੱਗੇ ਪ੍ਰਦਰਸ਼ਨ ਕੀਤਾ; ਨਵੇਂ ਭਰਤੀ ਜੇ ਈਜ਼ ਦੀ ਸ਼ੁਰੂਆਤੀ ਤਨਖ਼ਾਹ 47,900 ਰੁਪਏ ਕਰਨ ਦੀ ਮੰਗ

  • fb
  • twitter
  • whatsapp
  • whatsapp
featured-img featured-img
ਕਾਲੇ ਕੱਪੜੇ ਪਾ ਕੇ ਧਰਨੇ ’ਤੇ ਬੈਠੇ ਕੌਂਸਲ ਆਫ ਜੂਨੀਅਰ ਇੰਜੀਅਰਜ਼ ਦੇ ਮੈਂਬਰ। -ਫੋਟੋ: ਰਾਜੇਸ਼ ਸੱਚਰ
Advertisement

ਪਾਵਰਕੌਮ ਦੇ ਜੂਨੀਅਰ ਅਤੇ ਪਦ-ਉੱਨਤ ਇੰਜਨੀਅਰ ਅਫ਼ਸਰਾਂ ਦੀ ਨੁਮਾਇੰਦਾ ਜਥੇਬੰਦੀ ਕੌਂਸਲ ਆਫ ਜੂਨੀਅਰ ਇੰਜਨੀਅਰਜ਼ (ਪੀ ਐੱਸ ਈ ਬੀ) ਨੇ ਅੱਜ ਆਪਣੀਆਂ ਲਟਕਦੀਆਂ ਮੰਗਾਂ ਮੰਨਵਾਉਣ ਲਈ ਪਾਵਰਕੌਮ ਦੇ ਮੁੱਖ ਦਫ਼ਤਰ ਅੱਗੇ ਕਾਲੇ ਕੱਪੜੇ ਪਾ ਕੇ ਧਰਨਾ ਦਿੱਤਾ। ਇਸ ਰੋਸ ਪ੍ਰੋਗਰਾਮ ਵਿੱਚ ਪੰਜਾਬ ਭਰ ਤੋਂ ਮੰਡਲ ਪੱਧਰ ਤੋਂ ਲੈ ਕੇ ਸੂਬਾ ਪੱਧਰ ਤੱਕ ਦੇ ਆਗੂਆਂ ਨੇ ਸ਼ਿਰਕਤ ਕੀਤੀ ਅਤੇ ਮੈਨੇਜਮੈਂਟ ਦੀ ਟਾਲ-ਮਟੋਲ ਵਾਲੀ ਨੀਤੀ ਦਾ ਸਖ਼ਤ ਵਿਰੋਧ ਕੀਤਾ।

ਧਰਨੇ ਦੌਰਾਨ ਕੌਂਸਲ ਦੇ ਮੁੱਖ ਸਰਪ੍ਰਸਤ ਇੰਜਨੀਅਰ ਦਵਿੰਦਰ ਸਿੰਘ, ਸੂਬਾ ਪ੍ਰਧਾਨ ਇੰਜਨੀਅਰ ਪਰਮਜੀਤ ਸਿੰਘ ਖੱਟੜਾ ਅਤੇ ਜਨਰਲ ਸਕੱਤਰ ਇੰਜਨੀਅਰ ਅਮਨਦੀਪ ਜੇਹਲਵੀ ਨੇ ਕਿਹਾ ਕਿ ਨਵੇਂ ਭਰਤੀ ਜੇ ਈਜ਼ ਨੂੰ ਛੇਵੇਂ ਤਨਖਾਹ ਕਮਿਸ਼ਨ ਤਹਿਤ ਪੰਜਾਬ ਸਰਕਾਰ ਦੇ ਜੇ ਈਜ਼ ਦੇ ਬਰਾਬਰ 47,900 ਰੁਪਏ ਦਾ ਸ਼ੁਰੂਆਤੀ ਸਕੇਲ ਦਿੱਤਾ ਜਾਵੇ। ਇਸ ਦੇ ਨਾਲ ਹੀ ਪਹਿਲਾਂ ਮਿਲਦਾ 9/16 ਸਾਲਾਂ ਦਾ ਸਮਾਂਬੱਧ ਤਰੱਕੀ ਸਕੇਲ ਬਹਾਲ ਕਰਨ, ਪੈਟਰੋਲ ਭੱਤਾ ਦੁੱਗਣਾ ਕਰਨ ਅਤੇ ਵਾਹਨਾਂ ਦੇ ਰੱਖ-ਰਖਾਅ ਦਾ ਖ਼ਰਚਾ ਦੇਣ ਦੀ ਵੀ ਮੰਗ ਕੀਤੀ ਗਈ।

Advertisement

ਆਗੂਆਂ ਨੇ ਦੱਸਿਆ ਕਿ ਜੇ ਈ ਅਤੇ ਏ ਏ ਈ ਤੋਂ ਸਹਾਇਕ ਇੰਜਨੀਅਰ ਬਣਨ ਦਾ ਤਰੱਕੀ ਕੋਟਾ 50 ਫ਼ੀਸਦੀ ਤੋਂ ਵਧਾ ਕੇ 75 ਫ਼ੀਸਦੀ ਕੀਤਾ ਜਾਵੇ। ਉਨ੍ਹਾਂ ਰੁਕੀਆਂ ਹੋਈਆਂ ਤਰੱਕੀਆਂ ਨੂੰ ਇੱਕ-ਮੁਸ਼ਤ ਕਰਨ ਅਤੇ ਸਾਰੇ ਜੇ ਈਜ਼ ਨੂੰ ਲੈਪਟਾਪ ਮੁਹੱਈਆ ਕਰਵਾਉਣ ਦੀ ਲੋੜ ਉੱਤੇ ਵੀ ਜ਼ੋਰ ਦਿੱਤਾ। ਇਸ ਧਰਨੇ ਰਾਹੀਂ ਪੰਜਾਬ ਸਰਕਾਰ ਦੇ ਸਮੂਹ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਸੰਘਰਸ਼ ਦਾ ਵੀ ਪੂਰਾ ਸਮਰਥਨ ਕਰਦਿਆਂ ਡੀ ਏ ਦਾ ਬਕਾਇਆ ਤੁਰੰਤ ਜਾਰੀ ਕਰਨ ਦੀ ਮੰਗ ਉਠਾਈ ਗਈ।

Advertisement

ਅਖੀਰ ਵਿੱਚ ਕੌਂਸਲ ਨੇ ਸਪੱਸ਼ਟ ਚਿਤਾਵਨੀ ਦਿੱਤੀ ਕਿ ਜੇ ਪਾਵਰਕੌਮ ਮੈਨੇਜਮੈਂਟ ਨੇ ਇਨ੍ਹਾਂ ਮੰਗਾਂ ਦਾ ਜਲਦ ਨਿਬੇੜਾ ਨਾ ਕੀਤਾ, ਤਾਂ ਰੋਸ ਵਜੋਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਉਨ੍ਹਾਂ ਸਾਫ਼ ਕੀਤਾ ਕਿ ਭਵਿੱਖ ਵਿੱਚ ਪੈਦਾ ਹੋਣ ਵਾਲੀ ਕਿਸੇ ਵੀ ਉਦਯੋਗਿਕ ਅਸ਼ਾਂਤੀ ਲਈ ਸਿੱਧੇ ਤੌਰ ਉੱਤੇ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਜ਼ਿੰਮੇਵਾਰ ਹੋਵੇਗੀ।

ਮ੍ਰਿਤਕ ਆਸ਼ਰਿਤਾਂ ਦਾ ਸੰਘਰਸ਼ ਤੇਜ਼

ਪਾਵਰਕੌਮ ਦੇ ਮੁੱਖ ਦਫ਼ਤਰ ਦੀ ਸੱਤਵੀਂ ਮੰਜ਼ਿਲ ਅਤੇ ਗੇਟ ਅੱਗੇ ਬੇਰੁਜ਼ਗਾਰ ਮ੍ਰਿਤਕ ਆਸ਼ਰਿਤ ਸੰਘਰਸ਼ ਕਮੇਟੀ ਪੀ ਐੱਸ ਈ ਬੀ ਦਾ ਰੋਸ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਇਮਾਰਤ ’ਤੇ ਚੜ੍ਹੇ ਕਾਰਕੁਨਾਂ ’ਚੋਂ ਬੀਤੇ ਦਿਨ ਸਿਰਫ਼ ਇੱਕ ਔਰਤ ਹੇਠਾਂ ਉੱਤਰੀ ਹੈ, ਜਦਕਿ ਬਾਕੀ ਪ੍ਰਦਰਸ਼ਨਕਾਰੀ ਹਾਲੇ ਵੀ ਉੱਪਰ ਡਟੇ ਹੋਏ ਹਨ। ਦੂਜੇ ਪਾਸੇ ਮੁੱਖ ਗੇਟ ਅੱਗੇ ਦੋ ਕਾਰਕੁਨਾਂ ਨੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਸੰਘਰਸ਼ ਕਮੇਟੀ ਦੇ ਪ੍ਰਧਾਨ ਚਰਨਜੀਤ ਸਿੰਘ ਬਠਿੰਡਾ ਨੇ ਦੋਸ਼ ਲਾਇਆ ਕਿ ਪਾਵਰਕੌਮ ਮੈਨੇਜਮੈਂਟ ਅਤੇ ਜ਼ਿਲ੍ਹਾ ਪ੍ਰਸ਼ਾਸਨ ਉਨ੍ਹਾਂ ਨਾਲ ਕੋਈ ਗੱਲਬਾਤ ਨਹੀਂ ਕਰ ਰਿਹਾ। ਦੇਰ ਸ਼ਾਮ ਇੱਕ ਮਹਿਲਾ ਪ੍ਰਦਰਸ਼ਨਕਾਰੀ ਵੱਲੋਂ ਆਪਣੇ ਉੱਤੇ ਤੇਲ ਪਾਉਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਨੂੰ ਮੌਕੇ ਉੱਤੇ ਤਾਇਨਾਤ ਸੁਰੱਖਿਆ ਕਾਮਿਆਂ ਨੇ ਨਾਕਾਮ ਕਰ ਦਿੱਤਾ। ਅਹਿਤਿਆਤ ਵਜੋਂ ਉੱਥੇ ਜ਼ਿਲ੍ਹਾ ਪੁਲੀਸ ਅਤੇ ਸੁਰੱਖਿਆ ਗਾਰਡ ਤਾਇਨਾਤ ਕੀਤੇ ਗਏ ਹਨ। ਆਗੂਆਂ ਨੇ ਸਪੱਸ਼ਟ ਕੀਤਾ ਕਿ ਜਦੋਂ ਤੱਕ ਅਦਾਰਾ ਉਨ੍ਹਾਂ ਨੂੰ ਤਰਸ ਦੇ ਆਧਾਰ ਉੱਤੇ ਨੌਕਰੀ ਨਹੀਂ ਦਿੰਦਾ, ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ। ਫਿਲਹਾਲ ਪ੍ਰਸ਼ਾਸਨ ਵੱਲੋਂ ਛੱਤ ਉੱਤੇ ਚੜ੍ਹੇ ਕਾਰਕੁਨਾਂ ਨੂੰ ਹੇਠਾਂ ਉਤਾਰਨ ਦੀਆਂ ਕੋਸ਼ਿਸ਼ਾਂ ਬੇਸਿੱਟਾ ਰਹੀਆਂ ਹਨ ਅਤੇ ਪਾਵਰਕੌਮ ਵੱਲੋਂ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ।

Advertisement
×