DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Siren ਵੱਜਦਿਆਂ ਹੀ 15 ਮਿੰਟ ਬਿਜਲੀ ਗੁੱਲ

ਹਵਾਈ ਹਮਲੇ ਤੋਂ ਬਚਾਅ ਲਈ ਮੌਕ ਅਭਿਆਸ ਕਰਵਾਇਆ; ਵੱਖ-ਵੱਖ ਵਿਭਾਗਾਂ ਦਾ ਤਾਲਮੇਲ ਪਰਖਿਆ

  • fb
  • twitter
  • whatsapp
  • whatsapp
featured-img featured-img
ਸੰਗਰੂਰ ਵਿੱਚ ਮੌਕ ਡਰਿੱਲ ਕਰਦੇ ਹੋਏ ਵਲੰਟੀਅਰ।
Advertisement

ਇੱਥੇ ਅੱਜ ਰਾਤ ਸਾਇਰਨਾਂ ਦੀ ਆਵਾਜ਼ ਸੁਣਦਿਆਂ ਹੀ ਪੂਰਾ ਸ਼ਹਿਰ ਕੁਝ ਸਮੇਂ ਲਈ ਹਨੇਰੇ ਵਿੱਚ ਡੁੱਬ ਗਿਆ। ਇਹ ਕੋਈ ਅਸਲ ਸੰਕਟ ਨਹੀਂ, ਸਗੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਵਾਇਆ ਗਿਆ ਸਿਵਲ ਡਿਫੈਂਸ ਮੌਕ ਅਭਿਆਸ ਸੀ, ਜਿਸ ਦਾ ਮਕਸਦ ਹਵਾਈ ਹਮਲੇ ਵਰਗੀ ਸਥਿਤੀ ਲਈ ਸ਼ਹਿਰ ਦੀ ਤਿਆਰੀ ਪਰਖਣਾ ਸੀ। ਇਹ ਪੂਰਾ ਅਭਿਆਸ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਦੀ ਅਗਵਾਈ ਹੇਠ ਕਰਵਾਇਆ ਗਿਆ।

ਰਾਤ ਠੀਕ 8 ਵਜੇ ਜਿਵੇਂ ਹੀ ਏਅਰ ਰੇਡ ਦਾ ਸਾਇਰਨ ਵੱਜਿਆ, ਸਿਵਲ ਹਸਪਤਾਲ ਨੂੰ ਛੱਡ ਕੇ ਪੂਰੇ ਸ਼ਹਿਰ ਦੀ ਬਿਜਲੀ 15 ਮਿੰਟਾਂ ਲਈ ਬੰਦ ਕਰ ਦਿੱਤੀ ਗਈ। ਇਸ ਦੌਰਾਨ ਸਥਾਨਕ ਫ਼ੌਜ, ਜ਼ਿਲ੍ਹਾ ਪੁਲੀਸ, ਹੋਮ ਗਾਰਡ, ਸਿਵਲ ਡਿਫੈਂਸ, ਸਿਹਤ ਵਿਭਾਗ, ਐੱਨ ਸੀ ਸੀ ਕੈਡਿਟਾਂ ਅਤੇ ਬਿਜਲੀ ਨਿਗਮ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਆਪਸੀ ਤਾਲਮੇਲ ਨਾਲ ਆਰਮੀ ਏਰੀਆ ਵਿੱਚ ਮੌਕ ਡਰਿੱਲ ਸਫ਼ਲਤਾਪੂਰਵਕ ਨੇਪਰੇ ਚਾੜ੍ਹੀ। ਅਭਿਆਸ ਦੌਰਾਨ ਜ਼ਿਲ੍ਹਾ ਪੁਲੀਸ ਦੇ ਜਵਾਨਾਂ ਨੇ ਮੁੱਖ ਚੌਕਾਂ ਅਤੇ ਸੜਕਾਂ ’ਤੇ ਮੋਰਚੇ ਸੰਭਾਲ ਕੇ ਆਵਾਜਾਈ ਰੋਕੀ ਅਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਰਹਿਣ ਦੀ ਅਪੀਲ ਕੀਤੀ।

Advertisement

ਇਸ ਮੌਕੇ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨੇ ਦੱਸਿਆ ਕਿ ਅਜਿਹੇ ਅਭਿਆਸ ਨਾਗਰਿਕਾਂ ਨੂੰ ਅਸਲ ਐਮਰਜੈਂਸੀ ਲਈ ਮਾਨਸਿਕ ਅਤੇ ਸਰੀਰਕ ਤੌਰ ’ਤੇ ਤਿਆਰ ਕਰਦੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਐਮਰਜੈਂਸੀ ਪ੍ਰਤੀਕਿਰਿਆ ਬਾਰੇ ਜਾਣਕਾਰੀ ਰੱਖਣ, ਜਿਵੇਂ ਕਿ ਸਾਇਰਨ ਵੱਜਣ ’ਤੇ ਜ਼ਮੀਨ ’ਤੇ ਲੇਟ ਕੇ ਸਿਰ ਢਕਣਾ ਅਤੇ ਆਪਣੇ ਘਰ, ਸਕੂਲ ਜਾਂ ਆਸ-ਪਾਸ ਸੁਰੱਖਿਅਤ ਥਾਵਾਂ ਦੀ ਪਛਾਣ ਕਰਨਾ। ਇਸ ਦੇ ਨਾਲ ਹੀ ਮੁੱਢਲੀ ਸਹਾਇਤਾ ਅਤੇ ਸੀ ਪੀ ਆਰ ਵਰਗੀਆਂ ਤਕਨੀਕਾਂ ਦੀ ਜਾਣਕਾਰੀ ਹੋਣਾ ਵੀ ਬੇਹੱਦ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਸੰਕਟ ਦੇ ਸਮੇਂ ਸਹੀ ਜਾਣਕਾਰੀ ਹੀ ਜਾਨ ਬਚਾਉਣ ਵਿੱਚ ਸਹਾਈ ਹੁੰਦੀ ਹੈ, ਇਸ ਲਈ ਅਜਿਹੀ ਸਿਖਲਾਈ ਨੂੰ ਹਰ ਘਰ ਤੱਕ ਪਹੁੰਚਾਉਣਾ ਜ਼ਰੂਰੀ ਹੈ।

Advertisement

ਸ੍ਰੀ ਚਾਬਾ ਨੇ ਸਖ਼ਤ ਹਦਾਇਤ ਕੀਤੀ ਕਿ ਅਜਿਹੇ ਅਭਿਆਸ ਦੌਰਾਨ ਲੋਕ ਸੁਰੱਖਿਆ ਬਲਾਂ ਦੀਆਂ ਗਤੀਵਿਧੀਆਂ ਵਿੱਚ ਦਖ਼ਲ ਨਾ ਦੇਣ ਅਤੇ ਪਾਬੰਦੀਸ਼ੁਦਾ ਖੇਤਰਾਂ ਵਿੱਚ ਦਾਖ਼ਲ ਹੋਣ ਤੋਂ ਗੁਰੇਜ਼ ਕਰਨ। ਉਨ੍ਹਾਂ ਅਭਿਆਸ ਦੀਆਂ ਤਸਵੀਰਾਂ ਖਿੱਚਣ ਜਾਂ ਸੋਸ਼ਲ ਮੀਡੀਆ ’ਤੇ ਪੋਸਟ ਕਰਨ ਤੋਂ ਵੀ ਵਰਜਿਆ। ਬਰਨਾਲਾ ਕੈਂਚੀਆਂ ਨੇੜੇ ਐੱਸ ਡੀ ਐੱਮ ਸਤੀਸ਼ ਚੰਦਰ ਅਤੇ ਐੱਸ ਐੱਚ ਓ ਸੁਖਦੇਵ ਸਿੰਘ ਨੇ ਸਥਿਤੀ ਦਾ ਜਾਇਜ਼ਾ ਲਿਆ, ਜਦਕਿ ਆਰਮੀ ਏਰੀਆ ਵਿੱਚ ਡੀ ਐੱਸ ਪੀ ਦਿਹਾਤੀ ਸੁਖਦੇਵ ਸਿੰਘ ਅਤੇ ਇੰਸਪੈਕਟਰ ਗੁਲਾਬ ਸਿੰਘ ਮੌਜੂਦ ਰਹੇ।

ਪਟਿਆਲਾ ’ਚ ਵੀ ਮੌਕ ਡਰਿੱਲ

ਪਟਿਆਲਾ (ਸਰਬਜੀਤ ਸਿੰਘ ਭੰਗੂ): ਹਵਾਈ ਹਮਲੇ ਅਤੇ ਹੋਰ ਐਮਰਜੈਂਸੀ ਹਾਲਾਤ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਵੱਲੋਂ ਉਲੀਕੇ ਗਏ ਵਿਸ਼ੇਸ਼ ਪ੍ਰੋਗਰਾਮ ਤਹਿਤ ਅੱਜ ਪਟਿਆਲਾ ’ਚ ਵੀ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਦੀ ਅਗਵਾਈ ਹੇਠ ਪੰਜਾਬ ਹੋਮ ਗਾਰਡਜ਼ ਅਤੇ ਸਿਵਲ ਡਿਫੈਂਸ ਵਿਭਾਗ ਨੇ ਮੌਕ ਡਰਿੱਲ ਕੀਤੀ। ਰਾਤ 8 ਵਜੇ ਸਾਇਰਨ ਵੱਜਦਿਆਂ ਹੀ ਇਹ ਅਭਿਆਸ ਸ਼ੁਰੂ ਹੋਇਆ। ਡੀ ਐੱਮ ਡਬਲਿਊ ਵਿੱਚ ਕਰਵਾਈ ਗਈ ਮੁੱਖ ਡਰਿੱਲ ਦੌਰਾਨ ਅੱਗ ਲੱਗਣ ਅਤੇ ਗੈਸ ਲੀਕ ਹੋਣ ਵਰਗੀਆਂ ਸਥਿਤੀਆਂ ਪੈਦਾ ਕੀਤੀਆਂ ਗਈਆਂ। ਪੁਲੀਸ, ਫ਼ੌਜ, ਆਈ ਟੀ ਬੀ ਪੀ, ਐੱਨ ਸੀ ਸੀ, ਰੈੱਡ ਕਰਾਸ ਅਤੇ ਹੋਰ ਵਿਭਾਗਾਂ ਦੀਆਂ ਟੀਮਾਂ ਨੇ ਤਾਲਮੇਲ ਨਾਲ ਬਚਾਅ ਕਾਰਜਾਂ ਦਾ ਅਭਿਆਸ ਕੀਤਾ ਅਤੇ ਕਾਲਪਨਿਕ ਜ਼ਖ਼ਮੀਆਂ ਨੂੰ ਆਰਜ਼ੀ ਹਸਪਤਾਲ ਪਹੁੰਚਾਇਆ। ਇਸ ਮੌਕੇ ਮਾਹਿਰਾਂ ਨੇ ਲੋਕਾਂ ਨੂੰ ਐਮਰਜੈਂਸੀ ਵਿੱਚ ਬਚਾਅ ਦੇ ਨੁਕਤੇ ਸਮਝਾਏ। ਉਨ੍ਹਾਂ ਦੱਸਿਆ ਕਿ ਹਮਲੇ ਸਮੇਂ ਖੁੱਲ੍ਹੀ ਥਾਂ ’ਤੇ ਹੋਣ ’ਤੇ ਤੁਰੰਤ ਧਰਤੀ ’ਤੇ ਛਾਤੀ ਭਾਰ ਲੇਟ ਜਾਓ, ਸਿਰ ਢਕੋ ਅਤੇ ਉਂਗਲਾਂ ਨਾਲ ਕੰਨ ਬੰਦ ਕਰ ਲਓ। ਇਮਾਰਤਾਂ ਅੰਦਰ ਹੇਠਲੇ ਤਲ ’ਤੇ ਆ ਜਾਓ ਅਤੇ ਸਾਰੀਆਂ ਲਾਈਟਾਂ ਬੰਦ ਕਰ ਦਿਓ। ਜੇਕਰ ਵਾਹਨ ਚਲਾ ਰਹੇ ਹੋ ਤਾਂ ਉਸ ਨੂੰ ਛੱਡ ਕੇ ਸੁਰੱਖਿਅਤ ਥਾਂ ’ਤੇ ਓਟ ਲਵੋ। ਐੱਸ ਡੀ ਐੱਮ ਗੁਰਦੇਵ ਸਿੰਘ ਧਮ ਦੀ ਨਿਗਰਾਨੀ ਹੇਠ ਹੋਏ ਇਸ ਅਭਿਆਸ ਬਾਰੇ ਬਟਾਲੀਅਨ ਕਮਾਂਡਰ ਗਗਨਪ੍ਰੀਤ ਢਿੱਲੋਂ ਨੇ ਦੱਸਿਆ ਕਿ 360 ਵਲੰਟੀਅਰਾਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਗਈ ਹੈ।

Advertisement
×