DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੁਲੀਸ ਨੇ ਕਿਸਾਨ ਜਬਰੀ ਹਿਰਾਸਤ ’ਚ ਲਏ

ਬਠਿੰਡਾ ਜਾਣ ਤੋਂ ਪਹਿਲਾਂ ਪਿੰਡ ਸ਼ੇਰੋਂ ’ਚ ਇਕੱਤਰ ਹੋਏ ਸਨ ਕਿਸਾਨ; ਪੁਲੀਸ ਅਤੇ ਕਿਸਾਨਾਂ ’ਚ ਖਿੱਚ-ਧੂਹ

  • fb
  • twitter
  • whatsapp
  • whatsapp
featured-img featured-img
ਪਿੰਡ ਸ਼ੇਰੋਂ ਵਿੱਚ ਇਕੱਠੇ ਹੋਏ ਕਿਸਾਨਾਂ ਨੂੰ ਜਬਰੀ ਹਿਰਾਸਤ ਵਿੱਚ ਲੈਂਦੀ ਹੋਈ ਪੁਲੀਸ।
Advertisement

ਗੁਰਦੀਪ ਸਿੰਘ ਲਾਲੀ/ਰਘਵੀਰ ਸਿੰਘ ਚੰਗਾਲ (ਸੰਗਰੂਰ/ਲੌਂਗੋਵਾਲ): ਭਾਰਤੀ ਕਿਸਾਨ ਯੂਨੀਅਨ (ਏਕਤਾ)-ਉਗਰਾਹਾਂ ਵੱਲੋਂ ਜੇਲ੍ਹ ਵਿੱਚ ਬੰਦ ਦੋ ਕਿਸਾਨਾਂ ਸ਼ਗਨਪ੍ਰੀਤ ਸਿੰਘ ਜਿਊਂਦ ਅਤੇ ਬਲਦੇਵ ਸਿੰਘ ਚਾਉਕੇ ਦੀ ਰਿਹਾਈ ਲਈ ਧਰਨਾ ਦੇਣ ਦੇ ਉਲੀਕੇ ਪ੍ਰੋਗਰਾਮ ਤਹਿਤ ਪਿੰਡ ਸ਼ੇਰੋਂ ਵਿੱਚ ਇਕੱਠੇ ਹੋਏ ਕਿਸਾਨਾਂ ਨੂੰ ਬਠਿੰਡਾ ਜਾਣ ਤੋਂ ਰੋਕਣ ਲਈ ਪੁਲੀਸ ਵੱਲੋਂ ਕਿਸਾਨਾਂ ਨਾਲ ਖਿੱਚ-ਧੂਹ ਕਰ ਕੇ ਉਨ੍ਹਾਂ ਨੂੰ ਜਬਰੀ ਹਿਰਾਸਤ ਵਿੱਚ ਲੈ ਲਿਆ ਗਿਆ ਜਦੋਂਕਿ ਕਈ ਆਗੂ ਸਮੇਤ ਕਿਸਾਨ ਪੁਲੀਸ ਦੇ ਹੱਥ ਨਹੀਂ ਲੱਗੇ।

ਜਾਣਕਾਰੀ ਮੁਤਾਬਕ ਬਠਿੰਡਾ ਰਵਾਨਾ ਹੋਣ ਤੋਂ ਪਹਿਲਾਂ ਬੀ ਕੇ ਯੂ (ਏਕਤਾ)-ਉਗਰਾਹਾਂ ਦੀ ਅਗਵਾਈ ਹੇਠ ਕਿਸਾਨ ਪਿੰਡ ਸ਼ੇਰੋਂ ਵਿੱਚ ਇਕੱਠੇ ਹੋਏ ਸਨ। ਇਸ ਦੀ ਸੂਚਨਾ ਮਿਲਦਿਆਂ ਹੀ ਵੱਡੀ ਗਿਣਤੀ ਵਿੱਚ ਪੁਲੀਸ ਪਿੰਡ ਸ਼ੇਰੋਂ ਪੁੱਜ ਗਈ। ਇਕੱਠੇ ਹੋਏ ਕਿਸਾਨਾਂ ਨੂੰ ਪੁਲੀਸ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਦੋ ਮਿੰਟ ਦਿੱਤੇ ਜਾਂਦੇ ਹਨ, ਜਾਂ ਤਾਂ ਉਹ ਚੁੱਪ-ਚਾਪ ਹੋ ਕੇ ਗ੍ਰਿਫ਼ਤਾਰੀਆਂ ਦੇ ਕੇ ਗੱਡੀਆਂ ਵਿੱਚ ਬੈਠ ਜਾਣ ਤੇ ਜਾਂ ਘਰਾਂ ਨੂੰ ਚਲੇ ਜਾਣ। ਕਿਸਾਨਾਂ ਦੇ ਵਿਰੋਧ ਕਰਨ ’ਤੇ ਪੁਲੀਸ ਨੇ ਉਨ੍ਹਾਂ ਨੂੰ ਜਬਰੀ ਹਿਰਾਸਤ ਵਿੱਚ ਲੈਣਾ ਸ਼ੁਰੂ ਕਰ ਦਿੱਤਾ ਅਤੇ ਕਿਸਾਨਾਂ ਨਾਲ ਖਿੱਚ-ਧੂਹ ਵੀ ਹੋਈ। ਕਿਸਾਨਾਂ ਨੂੰ ਰੋਕਣ ਲਈ ਪੁਲੀਸ ਨੇ ਪਿੰਡ ਸ਼ੇਰੋਂ ਦੀ ਧਰਮਸ਼ਾਲਾ ਨੂੰ ਹੀ ਚਾਰ ਚੁਫੇਰਿਓਂ ਘੇਰ ਲਿਆ। ਜਿਉਂ ਹੀ ਪੁਲੀਸ ਧਰਮਸ਼ਾਲਾ ਵਿੱਚ ਦਾਖਲ ਹੋ ਕੇ ਕਿਸਾਨਾਂ ਨੂੰ ਜਬਰੀ ਹਿਰਾਸਤ ਵਿੱਚ ਲੈਣ ਲੱਗੀ ਤਾਂ ਮਾਹੌਲ ਤਣਾਅਪੂਰਨ ਬਣ ਗਿਆ। ਕਿਸਾਨਾਂ ਨੂੰ ਜਬਰੀ ਧੂਹ ਕੇ ਹਿਰਾਸਤ ਵਿੱਚ ਲਿਆ ਗਿਆ ਅਤੇ ਲੱਤਾਂ ਬਾਹਾਂ ਤੋਂ ਫੜ ਕੇ ਗੱਡੀਆਂ ਵਿੱਚ ਚੜ੍ਹਾਇਆ ਗਿਆ। ਪੁਲੀਸ ਨੇ ਯੂਨੀਅਨ ਦੇ ਸੂਬਾ ਆਗੂ ਜਨਕ ਸਿੰਘ ਭੂਟਾਲ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਜਦੋਂਕਿ ਜਗਤਾਰ ਸਿੰਘ ਲੱਡੀ ਸਣੇ ਕਈ ਆਗੂ ਤੇ ਕਿਸਾਨ ਪੁਲੀਸ ਦੇ ਹੱਥ ਨਹੀਂ ਲੱਗੇ।

Advertisement

ਇਸ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਯੂਨੀਅਨ ਆਗੂ ਜਗਤਾਰ ਸਿੰਘ ਲੱਡੀ ਨੇ ਕਿਹਾ ਕਿ ਕਿਸਾਨ ਪਿੰਡ ਸ਼ੇਰੋਂ ਵਿੱਚ ਸ਼ਾਂਤਮਈ ਢੰਗ ਨਾਲ ਇਕੱਠੇ ਹੋਏ ਸਨ ਪਰ ਪੁਲੀਸ ਜਬਰੀ ਪਿੰਡ ਵਿੱਚ ਆ ਵੜੀ ਅਤੇ ਡਾਂਗਾਂ ਵਰ੍ਹਾ ਕੇ ਕਿਸਾਨਾਂ ਨੂੰ ਜਬਰੀ ਹਿਰਾਸਤ ਵਿੱਚ ਲੈ ਲਿਆ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਪਿੰਡਾਂ ਦਾ ਮਾਹੌਲ ਖਰਾਬ ਕਰ ਰਹੀ ਹੈ ਅਤੇ ਸੱਤਾ ਦਾ ਹੰਕਾਰ ਸਿਰ ਚੜ੍ਹ ਬੋਲ ਰਿਹਾ ਹੈ। ਉਨ੍ਹਾਂ ਸਰਕਾਰ ਦੀ ਕਾਰਵਾਈ ਦੀ ਸਖ਼ਤ ਨਿਖੇਧੀ ਕਰਦਿਆਂ ਦੋਸ਼ ਲਾਇਆ ਕਿ ਸਰਕਾਰ ਸੱਤਾ ਦੇ ਨਸ਼ੇ ਵਿੱਚ ਕਿਸਾਨਾਂ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ ਤੇ ਪੁਲੀਸ ਰਾਹੀਂ ਜਬਰ ਢਾਹ ਰਹੀ ਹੈ। ਉਨ੍ਹਾਂ ਕਿਹਾ ਕਿ ਯੂਨੀਅਨ ਆਗੂ ਜਨਕ ਸਿੰਘ ਭੂਟਾਲ ਸਮੇਤ 70-80 ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।

Advertisement

ਕਿਸਾਨ ਆਗੂਆਂ ਦੇ ਘਰ ਪੁੱਜੀ ਮਾਲੇਰਕੋਟਲਾ ਪੁਲੀਸ ਦਾ ਘਿਰਾਓ

ਮਾਲੇਰਕੋਟਲਾ (ਪਰਮਜੀਤ ਸਿੰਘ ਕੁਠਾਲਾ): ਭਾਰਤੀ ਕਿਸਾਨ ਯੂਨੀਅਨ (ਏਕਤਾ)-ਉਗਰਾਹਾਂ ਦੇ ਬਠਿੰਡਾ ਧਰਨੇ ਲਈ ਰਵਾਨਾ ਹੋਣ ਤੋਂ ਪਹਿਲਾਂ ਕਿਸਾਨ ਆਗੂਆਂ ਨੂੰ ਘਰਾਂ ਵਿੱਚ ਹੀ ਰੋਕਣ ਲਈ ਅੱਜ ਸਵੇਰੇ ਪਿੰਡ ਹਥਨ ਪਹੁੰਚੀ ਮਾਲੇਰਕੋਟਲਾ ਜ਼ਿਲ੍ਹਾ ਪੁਲੀਸ ਦਾ ਵੱਡੀ ਗਿਣਤੀ ਪਿੰਡ ਵਾਸੀਆਂ ਵੱਲੋਂ ਘਿਰਾਓ ਕਰ ਲਿਆ ਗਿਆ। ਬੀ ਕੇ ਯੂ (ਉਗਰਾਹਾਂ) ਦੇ ਬਲਾਕ ਪ੍ਰਧਾਨ ਚਰਨਜੀਤ ਸਿੰਘ ਹਥਨ ਅਤੇ ਗੁਰਪ੍ਰੀਤ ਸਿੰਘ ਹਥਨ ਦੇ ਘਰ ਪੁਲੀਸ ਦੀਆਂ ਗੱਡੀਆਂ ਪੁੱਜਣ ਦਾ ਪਤਾ ਲੱਗਦਿਆਂ ਹੀ ਇਲਾਕੇ ਭਰ ਤੋਂ ਪਹੁੰਚੇ ਜਥੇਬੰਦੀ ਦੇ ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਪੰਜਾਬ ਪੁਲੀਸ ਖਿਲਾਫ਼ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਜਥੇਬੰਦੀ ਦੇ ਜ਼ਿਲ੍ਹਾ ਆਗੂ ਨਿਰਮਲ ਸਿੰਘ ਅਲੀਪੁਰ ਅਤੇ ਸਰਬਜੀਤ ਸਿੰਘ ਭੁਰਥਲਾ ਮੁਤਾਬਕ ਜ਼ਿਲ੍ਹੇ ਦੇ ਕਿਸਾਨ ਆਗੂਆਂ ਨੂੰ ਬਠਿੰਡਾ ਧਰਨੇ ਵਿੱਚ ਸ਼ਾਮਲ ਹੋਣ ਤੋਂ ਰੋਕਣ ਲਈ ਮਾਲੇਰਕੋਟਲਾ ਪੁਲੀਸ ਦੀਆਂ ਗੱਡੀਆਂ ਅੱਜ ਸਵੇਰੇ ਪੰਜ ਵਜੇ ਹੀ ਵੱਖ-ਵੱਖ ਪਿੰਡਾਂ ’ਚ ਕਿਸਾਨ ਆਗੂਆਂ ਦੇ ਘਰੀਂ ਪਹੁੰਚ ਗਈਆਂ। ਉਨ੍ਹਾਂ ਦੱਸਿਆ ਕਿ ਬੇਸ਼ੱਕ ਕਈ ਆਗੂ ਪਹਿਲਾਂ ਹੀ ਘਰਾਂ ਤੋਂ ਬਠਿੰਡਾ ਵੱਲ ਰਵਾਨਾ ਹੋ ਗਏ ਸਨ ਪ੍ਰੰਤੂ ਕਿਸਾਨ ਆਗੂ ਜਗਤਾਰ ਸਿੰਘ ਸਰੌਦ, ਨਛੱਤਰ ਸਿੰਘ ਸਰੌਦ, ਅਮਰਜੀਤ ਸਿੰਘ ਚੁਪਕਾ, ਨਾਜ਼ਰ ਸਿੰਘ ਬਾਦਸਾਹਪੁਰ, ਅਵਤਾਰ ਸਿੰਘ ਮੋਮਨਾਬਾਦ ਅਤੇ ਰਣਜੀਤ ਸਿੰਘ ਉਮਰਪੁਰਾ ਨੂੰ ਪੁਲੀਸ ਨੇ ਘਰਾਂ ਵਿੱਚ ਹੀ ਨਜ਼ਰਬੰਦ ਕਰ ਦਿੱਤਾ। ਭਾਰੀ ਪੁਲੀਸ ਫੋਰਸ ਸਮੇਤ ਪਿੰਡ ਹਥਨ ਪਹੁੰਚਣ ਵਾਲੇ ਪੁਲੀਸ ਅਧਿਕਾਰੀਆਂ ਵਿੱਚ ਡੀ ਐੱਸ ਪੀ ਸੁਖਦੇਵ ਸਿੰਘ ਬਰਾੜ ਅਤੇ ਡੀ ਐੱਸ ਪੀ ਮਾਨਵਜੀਤ ਸਿੰਘ ਆਦਿ ਸ਼ਾਮਲ ਸਨ।

ਕਿਸਾਨਾਂ ਨੇ ਗਾਜੇਵਾਸ ਪੁਲੀਸ ਚੌਕੀ ਘੇਰੀ

ਸਮਾਣਾ (ਸੁਭਾਸ਼ ਚੰਦਰ): ਕਿਸਾਨ ਆਗੂਆਂ ਦੀ ਰਿਹਾਈ ਲਈ ਬਠਿੰਡਾ ਜਾ ਰਹੇ ਭਾਰਤੀ ਕਿਸਾਨ ਯੂਨੀਅਨ (ਏਕਤਾ)-ਉਗਰਾਹਾਂ ਦੇ ਕਾਰਕੁਨਾਂ ਨੂੰ ਗਾਜੇਵਾਸ ਪੁਲੀਸ ਵੱਲੋਂ ਘਰੋਂ ਜਬਰੀ ਚੁੱਕਣ ਦੇ ਰੋਸ ਵਜੋਂ ਜਥੇਬੰਦੀ ਦੇ ਸੱਤ ਬਲਾਕਾਂ ਦੇ ਕਿਸਾਨਾਂ ਨੇ ਗਾਜੇਵਾਸ ਚੌਕੀ ਅੱਗੇ ਧਰਨਾ ਦਿੱਤਾ ਤੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਗ੍ਰਿਫ਼ਤਾਰ ਸਾਥੀਆਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ। ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਬਰਾਸ ਨੇ ਦੱਸਿਆ ਕਿ ਜਥੇਬੰਦੀ ਦੇ ਆਗੂਆਂ ਨੂੰ ਰਾਤ ਸਮੇਂ ਘਰਾਂ ਵਿੱਚੋਂ ਚੁੱਕ ਲਿਆ ਗਿਆ ਜੋ ਜਮਹੂਰੀਅਤ ਦਾ ਕਤਲ ਹੈ। ਉਨ੍ਹਾਂ ਦੱਸਿਆ ਕਿ ਜਦੋਂ ਸਾਥੀ ਧਰਨੇ ’ਤੇ ਜਾ ਰਹੇ ਸਨ ਤਾਂ ਪ੍ਰਸ਼ਾਸਨ ਨੇ ਰਸਤਾ ਰੋਕ ਕੇ ਉਨ੍ਹਾਂ ਨੂੰ ਧਰਨੇ ਵਿੱਚ ਜਾਣ ਤੋਂ ਰੋਕਣ ਲਈ ਧੱਕਾਮੁੱਕੀ ਕੀਤੀ ਜਿਸ ਦੇ ਰੋਸ ਵਜੋਂ ਜਥੇਬੰਦੀ ਨੇ ਚੌਕੀ ਅੱਗੇ ਹੀ ਧਰਨਾ ਲਗਾ ਦਿੱਤਾ। ਇਸ ਮੌਕੇ ਸੁਖਵਿੰਦਰ ਸਿੰਘ ਬਾਰਨ, ਭਰਪੂਰ ਸਿੰਘ, ਬਲਰਾਜ ਸਿੰਘ ਤੇ ਜਗਮੇਲ ਸਿੰਘ ਤੋਂ ਇਲਾਵਾ ਸੈਂਕੜੇ ਸਾਥੀ ਹਾਜ਼ਰ ਸਨ।

Advertisement
×