ਦਿੱਲੀ ਧਮਾਕੇ ਮਗਰੋਂ ਪੁਲੀਸ ਵੱਲੋਂ ਰੇਲਵੇ ਸਟੇਸ਼ਨ ’ਤੇ ਚੈਕਿੰਗ
ਟੀਮ ਵਿੱਚ 100 ਪੁਲੀਸ ਮੁਲਾਸ਼ਮ ਮੌਜੂਦ: ਡੌਗ ਸਕੁਐਡ ਸਣੇ ਹੋਰ ਸਾਧਨਾਂ ਦੀ ਲੲੀ ਜਾ ਰਹੀ ਹੈ ਮਦਦ
ਦਿੱਲੀ ’ਚ ਹੋਏ ਬੰਬ ਧਮਾਕੇ ਦੇ ਮੱਦੇਨਜ਼ਰ ਪਟਿਆਲਾ ਪੁਲੀਸ ਵੱਲੋਂ ਅੱਜ ਐੱਸ ਐੱਸ ਪੀ ਵਰੁਣ ਸ਼ਰਮਾ ਦੀ ਦੇਖ-ਰੇਖ ਹੇਠ ਸ਼ਾਹੀ ਸ਼ਹਿਰ ਵਿਚਲੇ ਰੇਲਵੇ ਸਟੇਸ਼ਨ ਸਮੇਤ ਕੁਝ ਹੋਰ ਜਨਤਕ ਥਾਂਵਾਂ ’ਤੇ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਚੈਕਿੰਗ ਦੌਰਾਨ ਜਿਥੇ ਸੌ ਦੇ ਕਰੀਬ ਪੁਲੀਸ ਮੁਲਾਜ਼ਮ ਮੌਜੂਦ ਰਹੇ, ਉਥੇ ਹੀ ਡੌਗ ਸਕੁਐਡ ਸਮੇਤ ਹੋਰ ਸਾਧਨਾਂ ਦੀ ਵੀ ਵਰਤੋਂ ਕੀਤੀ ਗਈ।
ਇਸ ਦੌਰਾਨ ਜਿਥੇ ਪੁਲੀਸ ਟੀਮਾਂ ਨੇ ਰੇਲ ਗੱਡੀਆਂ ਦੇ ਅੰਦਰ ਜਾ ਕੇ ਤਲਾਸ਼ੀ ਲਈ, ਉਥੇ ਹੀ ਬਾਹਰ ਰੇਲਵੇ ਸਟੇਸ਼ਨ ’ਤੇ ਬੈਠੇ ਅਤੇ ਆਉਣ-ਜਾਣ ਵਾਲੇ ਲੋਕਾਂ ਨੂੰ ਵੀ ਅਚਨਚੇਤ ਰੋਕ-ਰੋਕ ਕੇ ਪੁੱਛ-ਪੜਤਾਲ ਕੀਤੀ ਗਈ। ਪੁਲੀਸ ਵੱਲੋਂ ਕਈਆਂ ਦੇ ਤਾਂ ਸਾਜ਼ੋ-ਸਾਮਾਨ ਦੀ ਵੀ ਤਲਾਸ਼ੀ ਲਈ ਗਈ। ਇਸ ਤੋਂ ਇਲਾਵਾ ਕਈ ਰਾਹਗੀਰਾਂ ਦੇ ਸ਼ਨਾਖਤੀ ਕਾਰਡਾਂ ਸਮੇਤ ਹੋਰ ਦਸਤਾਵੇਜ਼ ਵੀ ਚੈੱਕ ਕੀਤੇ ਗਏ। ਇਸ ਮੌਕੇ ਐੱਸ ਪੀ (ਸਿਟੀ) ਪਲਵਿੰਦਰ ਸਿੰਘ ਚੀਮਾ ਅਤੇ ਡੀ ਐੱਸ ਪੀ ਸਤਿਨਾਮ ਸਿੰਘ ਸੰਘਾ ਸਮੇਤ ਥਾਣਾ ਲਾਹੌਰੀ ਗੇਟ ਦੇ ਐੱਸ ਐੱਚ ਓ ਸਮੇਤ ਕੁਝ ਹੋਰ ਥਾਣਾ ਮੁਖੀ ਵੀ ਮੌਜੂਦ ਰਹੇ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਐੱਸ ਐੱਸ ਪੀ ਵਰੁਣ ਸ਼ਰਮਾ ਨੇ ਪਟਿਆਲਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਕੋਈ ਸ਼ੱਕੀ ਵਿਅਕਤੀ ਜਾਂ ਕੋਈ ਲਾਵਾਰਿਸ ਵਸਤੂ ਦਿਖਾਈ ਦਿੰਦੀ ਹੈ, ਤਾਂ ਉਹ ਤੁਰੰਤ ਹੈਲਪਲਾਈਨ ਨੰਬਰ 112 ਜਾਂ ਪੁਲੀਸ ਕੰਟਰੋਲ ਰੂਮ ਪਟਿਆਲਾ ਰਾਹੀਂ ਪੁਲੀਸ ਨੂੰ ਸੂਚਿਤ ਕਰਨ।

