ਪੀ ਐੱਮ ਸ੍ਰੀ ਸਕੂਲਾਂ ਦੀ ਖ਼ੁਆਰੀ ਬੰਦ ਕਰੇ ਸਰਕਾਰ: ਡੀ ਟੀ ਐੱਫ
ਡੈਮੋਕਰੈਟਿਕ ਟੀਚਰਜ਼ ਫਰੰਟ (ਡੀ ਟੀ ਐੱਫ) ਨੇ ਪੀ ਐੱਮ ਸ੍ਰੀ ਸਕੂਲਾਂ ਦੀ ਲਗਾਤਾਰ ਹੋ ਰਹੀ ਖੱਜਲ-ਖੁਆਰੀ, ਮਿੱਡ-ਡੇਅ ਮੀਲ ਦੀ ਪਿਛਲੇ ਤਿੰਨ ਮਹੀਨਿਆਂ ਤੋਂ ਕੁਕਿੰਗ ਦਾ ਖਰਚਾ ਨਾ ਆਉਣ ਅਤੇ ਮਿੱਡ-ਡੇਅ ਮੀਲ ਵਰਕਰਾਂ ਦੀ ਸਿਰਫ਼ 1500 ਰੁਪਏ ਤਨਖਾਹ ਪਾਉਣ ’ਤੇ ਪੰਜਾਬ ਸਰਕਾਰ ਦੀ ਨਿਖੇਧੀ ਕੀਤੀ। ਫਰੰਟ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਗਿਰ ਅਤੇ ਜਨਰਲ ਸਕੱਤਰ ਅਮਨ ਵਿਸ਼ਿਸ਼ਟ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਪੂਰੇ ਪੰਜਾਬ ਵਿੱਚ 347 ਦੇ ਕਰੀਬ ਕੇਂਦਰ ਤੇ ਪੰਜਾਬ ਸਰਕਾਰ ਦੇ 60/40 ਦੇ ਖਰਚੇ ਦੇ ਅਨੁਪਾਤ ਨਾਲ ਪੀ ਐੱਮ ਸ੍ਰੀ ਸਕੂਲ ਬਣਾਏ ਗਏ ਹਨ। ਪੰਜਾਬ ਸਰਕਾਰ ਵੱਲੋਂ ਗਤੀਵਿਧੀਆਂ ਕਰਵਾਏ ਜਾਣ ਉਪਰੰਤ ਖਜ਼ਾਨਾ ਦਫਤਰਾਂ ਨੂੰ ਬਿੱਲ ਭੇਜਣ ਤੇ ਦੁਕਾਨਦਾਰਾਂ ਦੇ ਖਾਤੇ ਵਿੱਚ ਖ਼ਜ਼ਾਨਾ ਦਫ਼ਤਰ ਵੱਲੋਂ ਕੋਈ ਅਦਾਇਗੀ ਨਹੀਂ ਕੀਤੀ ਜਾ ਰਹੀ। ਇਸ ਨਾਲ ਸਕੂਲ ਮੁਖੀ ਕਾਫ਼ੀ ਖੱਜਲ-ਖੁਆਰ ਹੋ ਰਹੇ ਹਨ ਕਿਉਂਕਿ ਸਕੂਲੀ ਗਤੀਵਿਧੀਆਂ ਕਰਵਾਉਣ ਲਈ ਸਾਮਾਨ ਖ਼ਰੀਦ ਕੇ ਪੈਸੇ ਫੌਰੀ ਦੇਣੇ ਪੈਂਦੇ ਹਨ, ਜਿਸਦਾ ਸਾਰਾ ਆਰਥਿਕ ਬੋਝ ਸਕੂਲ ਮੁਖੀ ਉਪਰ ਪੈ ਰਿਹਾ ਹੈ। ਦੁਕਾਨਦਾਰਾਂ ਦੇ ਹਜ਼ਾਰਾਂ ਰੁਪਏ ਦੇ ਬਿੱਲ ਪੈਂਡਿੰਗ ਹਨ। ਇਸ ਤੋਂ ਇਲਾਵਾ ਮਿੱਡ-ਡੇਅ ਮੀਲ ਵਰਕਰਾਂ ਦੀ ਅਕਤੂਬਰ ਮਹੀਨੇ ਦੀ ਕੁੱਲ 3000 ਤਨਖਾਹ ਵਿੱਚੋਂ ਸਿਰਫ਼ 1500 ਰੁਪਏ ਹੀ ਉਨ੍ਹਾਂ ਦੇ ਖਾਤਿਆਂ ਵਿੱਚ ਪਾਏ ਗਏ। ਉਨ੍ਹਾਂ ਮੰਗ ਕੀਤੀ ਕਿ ਪੀ ਐੱਮ ਸ੍ਰੀ ਸਕੂਲਾਂ ਨੂੰ ਐਕਟੀਵਿਟੀਆਂ ਕਰਵਾਉਣ ਤੋਂ ਪਹਿਲਾਂ ਫੰਡ ਜਾਰੀ ਕੀਤੇ ਜਾਣ, ਮਿੱਡ -ਡੇਅ ਮੀਲ ਦੀ ਸਾਰੀ ਬਕਾਇਆ ਰਾਸ਼ੀ ਜਾਰੀ ਕੀਤੀ ਜਾਵੇ ਅਤੇ ਮਿੱਡ-ਡੇਅ ਮੀਲ ਵਰਕਰਾਂ ਦੀ ਹਰ ਮਹੀਨੇ ਪੂਰੀ ਤਨਖਾਹ ਉਨ੍ਹਾਂ ਦੇ ਖਾਤਿਆਂ ਵਿੱਚ ਪਾਈ ਜਾਵੇ।
