ਨਸ਼ਿਆਂ ਤੋਂ ਦੂਰ ਰਹਿ ਕੇ ਖਿਡਾਰੀ ਅਨੁਸ਼ਾਸਨ ਨਾਲ ਖੇਡਣ: ਐੱਸ ਪੀ
ਸਰਦਾਰ ਪਟੇਲ ਯੂਨੀਵਰਸਿਟੀ ਮੰਡੀ ਨੇ ਯੂਨੀਵਰਸਿਟੀ ਆਫ਼ ਦਿੱਲੀ ਨੂੰ 31-24 ਨਾਲ ਹਰਾਇਆ
ਅਕਾਲ ਕਾਲਜ ਆਫ਼ ਫ਼ਿਜ਼ੀਕਲ ਐਜੂਕੇਸ਼ਨ ਮਸਤੂਆਣਾ ਸਾਹਿਬ ਵਿੱਚ ਨੌਰਥ ਜ਼ੋਨ ਇੰਟਰ ਯੂਨੀਵਰਸਿਟੀ ਹੈਂਡਬਾਲ (ਮੈਨ) ਚੈਂਪੀਅਨਸ਼ਿਪ ਦੇ ਅੱਜ ਦੂਸਰੇ ਦਿਨ ਦੀ ਸ਼ੁਰੂਆਤ ਸ਼ਾਨੋ ਸ਼ੌਕਤ ਨਾਲ ਹੋਈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਐੱਸ ਪੀ ਸੰਗਰੂਰ ਨਵਰੀਤ ਸਿੰਘ ਵਿਰਕ ਨੇ ਚੈਂਪੀਅਨਸ਼ਿਪ ਦੇ ਦੂਜੇ ਦਿਨ ਗੱਲਬਾਤ ਕਰਦਿਆਂ ਕਿਹਾ ਕਿ ਹਰ ਨੌਜਵਾਨ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਭਾਗ ਲੈਣਾ ਚਾਹੀਦਾ ਹੈ। ਉਨ੍ਹਾਂ ਖਿਡਾਰੀਆਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਅਨੁਸ਼ਾਸਨ ਵਿੱਚ ਰਹਿ ਕੇ ਖੇਡਣ ਲਈ ਪ੍ਰੇਰਿਤ ਕੀਤਾ। ਇਸ ਤੋਂ ਪਹਿਲਾਂ ਅਕਾਲ ਕਾਲਜ ਕੌਂਸਲ ਦੀ ਸਮੁੱਚੀ ਮੈਨੇਜਮੈਂਟ ਵੱਲੋਂ ਆਏ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਦੂਸਰੇ ਦਿਨ ਹੋਏ ਸਖ਼ਤ ਮੁਕਾਬਲਿਆਂ ਵਿੱਚ ਟੀਮਾਂ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਰਦਾਰ ਪਟੇਲ ਯੂਨੀਵਰਸਿਟੀ ਮੰਡੀ ਨੇ ਯੂਨੀਵਰਸਿਟੀ ਆਫ਼ ਦਿੱਲੀ ਨੂੰ 31-24 ਨਾਲ ਹਰਾਇਆ। ਕਲੱਸਟਰ ਯੂਨੀਵਰਸਿਟੀ ਆਫ਼ ਜੰਮੂ ਨੇ ਐੱਮ ਜੇ ਪੀ ਆਰ ਯੂਨੀਵਰਸਿਟੀ ਬਰੇਲੀ ਨੂੰ 15-07 ਫ਼ਰਕ ਨਾਲ ਹਰਾਇਆ। ਕਮਾਊਂ ਯੂਨੀਵਰਸਿਟੀ ਨੈਨੀਤਾਲ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਸ੍ਰੀ ਫ਼ਤਹਿਗੜ੍ਹ ਸਾਹਿਬ ਨੂੰ 31-28 ਨਾਲ ਹਰਾਇਆ। ਇਸੇ ਤਰ੍ਹਾਂ ਕੇ ਯੂ ਕੁਰੂਕਸ਼ੇਤਰ ਨੇ ਪੀ ਏ ਯੂ ਲੁਧਿਆਣਾ ਨੂੰ 19-07 ਨੂੰ ਨਾਲ ਹਰਾਇਆ। ਐੱਲ ਪੀ ਯੂਨੀਵਰਸਿਟੀ ਫਗਵਾੜਾ ਨੇ ਸੀ ਐੱਸ ਜੇ ਐੱਮ ਯੂਨੀਵਰਸਿਟੀ ਕਾਨਪੁਰ ਨੂੰ 30-07 ਨਾਲ ਹਰਾਇਆ। ਸੀ ਡੀ ਐੱਲ ਯੂਨੀਵਰਸਿਟੀ ਸਿਰਸਾ ਨੇ ਸੈਂਟਰਲ ਯੂਨੀਵਰਸਿਟੀ ਮਹਿੰਦਰਗੜ੍ਹ ਨੂੰ 18-08 ਨਾਲ ਹਰਾਇਆ। ਸਪੋਰਟਸ ਯੂਨੀਵਰਸਿਟੀ ਆਫ਼ ਹਰਿਆਣਾ ਰਾਏ ਸੋਨੀਪਤ ਨੇ ਡਾ. ਰਮਲਾ ਯੂਨੀਵਰਸਿਟੀ ਅਯੁੱਧਿਆ ਨੂੰ 29-02 ਨਾਲ ਹਰਾਇਆ। ਐੱਮ ਡੀ ਯੂਨੀਵਰਸਿਟੀ ਰੋਹਤਕ ਨੇ ਪੰਜਾਬ ਯੂਨੀਵਰਸਿਟੀ ਨੂੰ 33-30 ਨਾਲ ਹਰਾਇਆ। ਇਸ ਮੌਕੇ ਆਏ ਮਹਿਮਾਨਾਂ ਨੂੰ ਪ੍ਰਬੰਧਕਾਂ ਵੱਲੋਂ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਪ੍ਰਿੰਸੀਪਲ ਡਾ. ਗੀਤਾ ਠਾਕੁਰ ਵੱਲੋਂ ਅਤੇ ਕੌਂਸਲ ਮੈਂਬਰਾਂ ਵੱਲੋਂ ਆਏ ਵਿਸ਼ੇਸ਼ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਅਕਾਲ ਕਾਲਜ ਕੌਂਸਲ ਦੇ ਮੁੱਖ ਪ੍ਰਬੰਧਕ ਕੈਪਟਨ ਭੁਪਿੰਦਰ ਸਿੰਘ ਪੂਨੀਆਂ, ਸੀਨੀਅਰ ਮੈਂਬਰ ਜਥੇਦਾਰ ਬਲਦੇਵ ਸਿੰਘ ਭੰਮਾਵੱਦੀ, ਗੁਰਜੰਟ ਸਿੰਘ ਦੁੱਗਾਂ, ਐਡਵੋਕੇਟ ਮਨਜੀਤ ਸਿੰਘ ਬਾਲੀਆਂ, ਡਾ. ਗੁਰਸ਼ਰਨ ਸਿੰਘ ਗਿੱਲ, ਸ੍ਰ ਸੁਖਵਿੰਦਰ ਸਿੰਘ ਭੱਠਲ, ਪ੍ਰਿੰਸੀਪਲ ਵਿਜੇ ਪਲਾਹਾ, ਡਾ. ਗੁਰਸ਼ਰਨ ਸਿੰਘ ਗਿੱਲ ਡਾਇਰੈਕਟਰ ਏ ਆਈ ਜੀ, ਡਾ. ਜਤਿੰਦਰ ਦੇਵ, ਪ੍ਰੋ. ਰਣਧੀਰ ਸ਼ਰਮਾ, ਪ੍ਰੋਫੈਸਰ ਸੋਹਨਦੀਪ ਸਿੰਘ ਜੁਗਨੂੰ ਸਮੇਤ ਫਿਜ਼ੀਕਲ ਐਜੂਕੇਸ਼ਨ ਕਾਲਜ ਅਤੇ ਸਟਾਫ਼ ਮੌਜੂਦ ਸੀ।

