PepsiCo Workers Protest Punjab: ਕੰਟਰੈਕਟ ਕਾਮਿਆਂ ਵੱਲੋਂ ਮਸਲੇ ਹੱਲ ਨਾ ਹੋਣ ’ਤੇ ਰੈਲੀ
ਮੰਨੀਆਂ ਮੰਗਾਂ ਨੂੰ ਤੁਰੰਤ ਲਾਗੂ ਕਰਨ ਦੀ ਮੰਗ
ਪੈਪਸੀਕੋ ਇੰਡੀਆ ਕੰਟਰੈਕਟ ਵਰਕਰਜ਼ ਯੂਨੀਅਨ ਚੰਨੋਂ ਨੇ ਮੈਨੇਜਮੈਂਟ ਅਤੇ ਠੇਕੇਦਾਰਾਂ ਵੱਲੋਂ ਮੰਨੀਆਂ ਗਈਆਂ ਮੰਗਾਂ ਨੂੰ ਲਾਗੂ ਨਾ ਕਰਨ ਦੇ ਰੋਸ ਵਜੋਂ ਅੱਜ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ’ਤੇ ਟੌਲ ਪਲਾਜ਼ਾ ਕਾਲਾਝਾੜ 'ਤੇ ਰੈਲੀ ਕੀਤੀ ਗਈ।
ਰੈਲੀ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਪ੍ਰਧਾਨ ਕਸ਼ਮੀਰ ਸਿੰਘ ਅਤੇ ਮੀਤ ਪ੍ਰਧਾਨ ਪ੍ਰਦੀਪ ਸਿੰਘ ਨੇ ਦੱਸਿਆ ਕਿ ਪੈਪਸੀਕੋ ਦੇ ਪ੍ਰਬੰਧਕਾਂ/ ਸਮੂਹ ਠੇਕੇਦਾਰਾਂ ਨੇ ਪੁਲੀਸ ਪ੍ਰਸ਼ਾਸਨਕ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਕਾਮਿਆਂ ਨੂੰ 26 ਦਿਨ ਕੰਮ ਦੇਣ, ਕੰਮ ਦਾ ਲੋਡ ਘਟਾਉਣ, ਮਹਿੰਗਾਈ ਮੁਤਾਬਕ ਤਨਖਾਹਾਂ ਵਿੱਚ ਵਾਧਾ ਕਰਨ, ਸਰਵਿਸ ਵਿੱਚ ਬ੍ਰੇਕ ਸਿਸਟਮ ਖਤਮ ਕਰਨ ਅਤੇ ਡਿਊਟੀ ਲਈ ਟਰਾਂਸਪੋਰਟ ਦੀ ਸੇਵਾ ਦੇਣ ਆਦਿ ਮੰਗਾਂ ਸਬੰਧੀ ਸਾਂਝੀ ਮੀਟਿੰਗ ਵਿੱਚ ਵਿਚਾਰ ਕੇ ਹੱਲ ਕਰਨ ਦਾ ਸਮਝੌਤਾ ਸੀ ਪ੍ਰੰਤੂ ਕੰਪਨੀ ਪ੍ਰਬੰਧਕਾਂ ਤੇ ਠੇਕੇਦਾਰਾਂ ਵੱਲੋਂ ਡਿਊਟੀ ਕਾਮਿਆਂ ਦੀ ਜਬਰੀ ਬ੍ਰੇਕ ਪਾਈ ਜਾ ਰਹੀ ਹੈ, ਜੋ ਕਿ ਨਵੀਂ ਭਰਤੀ ਸ਼ੁਰੂ ਕਰਕੇ ਪਹਿਲੇ ਕੰਟਰੈਕਟ ਮਜ਼ਦੂਰਾਂ ਨੂੰ ਬੇਰੁਜ਼ਗਾਰ ਕਰਨ ਦੀ ਸਾਜ਼ਿਸ਼ ਹੈ।
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਹਰਜੀਤ ਸਿੰਘ ਸਿੰਘ ਮਹਿਲਾਂ , ਬਲਵਿੰਦਰ ਸਿੰਘ ਘਨੌੜ ਜੱਟਾਂ, ਸਾਬਕਾ ਸੈਨਿਕ ਕ੍ਰਾਂਤੀਕਾਰੀ ਯੂਨੀਅਨ ਪੰਜਾਬ ਦੇ ਪ੍ਰਧਾਨ ਪ੍ਰਗਟ ਸਿੰਘ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਮੁਕੇਸ਼ ਮਲੌਦ, ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ ਲੁਧਿਆਣਾ ਪ੍ਰਧਾਨ ਹਰਜਿੰਦਰ ਸਿੰਘ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਲਖਵੀਰ ਸਿੰਘ ਲੌਂਗੋਵਾਲ, ਟੌਲ ਪਲਾਜ਼ਾ ਯੂਨੀਅਨ ਪੰਜਾਬ ਪ੍ਰਧਾਨ ਲਾਡੀ ਸਿੰਘ ਆਦਿ ਨੇ ਮਜ਼ਦੂਰ ਮਸਲਿਆਂ ਸਬੰਧੀ ਚੱਲ ਰਹੇ ਸੰਘਰਸ਼ 'ਚ ਹਰ ਪੱਖੋਂ ਮੱਦਦ ਕਰਨ ਦਾ ਭਰੋਸਾ ਦਿੱਤਾ।
ਮੈਨੇਜਮੈਂਟ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਕੰਪਨੀ ਵੱਲੋਂ ਹਰ ਮਸਲੇ ਨੂੰ ਗੱਲਬਾਤ ਰਾਹੀਂ ਹੱਲ ਕਰਨ ਨੂੰ ਤਰਜੀਹ ਦਿੱਤੀ ਜਾਂਦੀ ਹੈ।
ਪੈਪਸੀਕੋ ਕੰਟਰੈਕਟ ਵਰਕਰਾਂ ਦੀ ਰੈਲੀ ਨੂੰ ਸੰਬੋਧਨ ਕਰਦੇ ਹੋਏ ਮਜ਼ਦੂਰ ਆਗੂ।
