
ਇਕਜੁੱਟਤਾ ਦਾ ਪ੍ਰਗਟਾਵਾ ਕਰਦੇ ਹੋਏ ਮਹਿਲਾਂ ਚੌਕ ਪਿੰਡ ਦੇ ਲੋਕ।
ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 26 ਮਈ
ਨੇੜਲੇ ਪਿੰਡ ਮਹਿਲਾਂ ਚੌਕ ’ਚ ਪੰਚਾਇਤ ਅਤੇ ਪਤਵੰਤੇ ਸੱਜਣਾਂ ਨੇ ਇਕੱਠ ਕਰਕੇ ਇੱਥੋਂ ਦੇ ਇੱਕ ਡੇਰੇ ਦੇ ਪ੍ਰਬੰਧਾਂ ਤੋਂ ਮੌਜੂਦਾ ਡੇਰਾ ਮੁਖੀ ਨੂੰ ਲਾਂਭੇ ਕਰਨ ਲਈ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ। ਪਿੰਡ ਦੇ ਲੋਕਾਂ ਨੇ ਦੋਸ਼ ਲਾਇਆ ਕਿ ਪਿੰਡ ਵਿੱਚ ਬਣੇ ਡੇਰਾ ਕ੍ਰਿਸ਼ਨ ਦੇਵ (ਜਟਾਂ ਵਾਲਾ) ’ਚ ਮੌਜੂਦਾ ਡੇਰਾ ਮੁਖੀ ਕਥਿਤ ਤੌਰ ’ਤੇ ਆਪਹੁਦਰੀਆ ਅਤੇ ਲੋਕ ਵਿਰੋਧੀ ਕਾਰਵਾਈਆਂ ਕਰਦਾ ਆ ਰਿਹਾ ਹੈ ਜਿਸ ਕਾਰਨ ਪਿੰਡ ਵਾਸੀ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਉਕਤ ਡੇਰੇ ਦੇ ਮੁਖੀ ਦੇ ਪਰਿਵਾਰਿਕ ਮੈਂਬਰ ਵੀ ਵੱਖ-ਵੱਖ ਕੇਸਾਂ ਅਧੀਨ ਜੇਲ੍ਹਾਂ ਵਿੱਚ ਹਨ ਜਿਸ ਕਾਰਨ ਪਿੰਡ ਦੇ ਲੋਕ ਉਕਤ ਡੇਰਾ ਮੁਖੀ ਨੂੰ ਡੇਰੇ ਤੋਂ ਲਾਂਭੇ ਕਰਨਾ ਚਾਹੁੰਦੇ ਹਨ। ਉਨ੍ਹਾਂ ਦੱਸਿਆ ਕਿ ਡੇਰਾ ਮੁਖੀ ਨੂੰ ਸਮਾਜ ਵਿਰੋਧੀ ਕੰਮਾਂ ਤੋਂ ਰੋਕਣ ਲਈ ਕਈ ਵਾਰ ਸਮਝਾਇਆ ਗਿਆ ਪ੍ਰੰਤੂ ਉਸ ਵੱਲੋਂ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਗਿਆ ਜਿਸ ਕਾਰਨ ਮਜਬੂਰਨ ਪਿੰਡ ਵਾਸੀਆਂ ਨੂੰ ਇਹ ਫੈਸਲਾ ਲੈਣਾ ਪਿਆ। ਇਸ ਮੌਕੇ ਡੇਰਾ ਬਚਾਓ ਕਮੇਟੀ ਮਹਿਲਾਂ ਦਾ ਗਠਨ ਵੀ ਹੋਇਆ। ਕਮੇਟੀ ਨੇ ਐਲਾਨ ਕੀਤਾ ਕਿ ਉਹ ਜਲਦ ਡੇਰਾ ਮੁਖੀ ਨੂੰ ਡੇਰੇ ਵਿੱਚੋਂ ਪਰਿਵਾਰ ਸਮੇਤ ਬਾਹਰ ਦਾ ਰਸਤਾ ਦਿਖਾ ਦੇਣਗੇ। ਇਸ ਮੌਕੇ ਜਸਵੀਰ ਸਿੰਘ ਜੇਜੀ, ਜਸਵੀਰ ਸਿੰਘ ਸਰਪੰਚ, ਕਾਕਾ ਸਿੰਘ ਸਿਬੀਆ, ਪ੍ਰਭਦਿਆਲ ਸਿੰਘ ਜੇਜੀ, ਪੰਚ ਮਦਨ ਦਾਸ ਮਹੰਤ, ਬਿੰਦਰੀ ਸਿੰਘ ਦੁੱਲਟ, ਹਰਜੀਤ ਸਿੰਘ ਫੌਜੀ ਅਤੇ ਅਮਨਦੀਪ ਸਿੰਘ ਸਮੇਤ ਵੱਡੀ ਗਿਣਤੀ ਚ ਹੋਰ ਪਿੰਡ ਦੇ ਲੋਕ ਹਾਜ਼ਰ ਸਨ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ