ਤੂੜੀ ਢੋਣ ਵਾਲੀਆਂ ਵਾਲੀਆਂ ਦੇ ਚਾਲਕਾਂ ਵੱਲੋਂ ਬਿਜਲੀ ਬੰਦ ਕਰਨ ਦਾ ਵਿਰੋਧਲੋਕਾਂ ਵੱਲੋਂ ਪ੍ਰਦਰਸ਼ਨ
ਸੁਨਾਮ-ਜਖੇਪਲ ਰੋਡ ਤੋਂ ਲੰਘਦੀਆਂ ਭੂੰਗ ਵਾਲੀਆਂ ਟਰਾਲੀਆਂ ਦੇ ਚਾਲਕਾਂ ਵੱਲੋਂ ਬਿਜਲੀ ਸਪਲਾਈ ਬੰਦ ਕਰਨ ਦੇ ਵਿਰੋਧ ਵਿੱਚ ਸੋਟਿਆਂ ਵਾਲਾ ਪੀਰ ਨੇੜਲੇ ਵਾਸੀਆਂ ਨੇ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਟਰਾਲੀਆਂ ਵਾਲਿਆਂ ਅਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਇਸ ਰਸਤੇ ਤੋਂ ਭੂੰਗ ਦੀਆਂ ਟਰਾਲੀਆਂ ਰੋਕਣ ਦੀ ਮੰਗ ਕੀਤੀ।
ਇਸ ਸਮੇਂ ਗੁਰਮੁੱਖ ਸਿੰਘ, ਸੁਰਿੰਦਰ ਸਿੰਘ ਤੇ ਕਰਮ ਸਿੰਘ ਆਦਿ ਨੇ ਕਿਹਾ ਕਿ ਰਾਤ ਨੂੰ ਨੌਂ ਦਸ ਵਜੇ ਤੋਂ ਬਾਅਦ ਅਕਸਰ ਹੀ ਜਖੇਪਲ, ਧਰਮਗੜ੍ਹ ਆਦਿ ਪਿੰਡਾਂ ਵੱਲੋਂ ਭੂੰਗ ਦੀਆਂ ਟਰਾਲੀਆਂ ਇੱਥੋਂ ਦੀ ਹੋ ਕੇ ਲੰਘਦੀਆਂ ਹਨ। ਉਨ੍ਹਾਂ ਕਿਹਾ ਕਿ ਸੜਕ ’ਤੇ ਬਿਜਲੀ ਦੀਆਂ ਤਾਰਾਂ ਨੀਵੀਆਂ ਹੋਣ ਕਾਰਨ ਟਰਾਲੀਆਂ ਵਾਲੇ ਬਿਨਾਂ ਕਿਸੇ ਮਹਿਕਮੇ ਦੀ ਮਨਜ਼ੂਰੀ ਤੋਂ ਇਸ ਖੇਤਰ ਦੇ ਸਤੀ ਮੰਦਿਰ ਨੇੜਲੇ ਟ੍ਰਾਂਸਫਾਰਮਰ ਦੀ ਸਵਿੱਚ ਕੱਟ ਕੇ ਬਿਜਲੀ ਬੰਦ ਕਰ ਦਿੰਦੇ ਹਨ ਤਾਂ ਜੋ ਉੱਚੀਆਂ ਟਰਾਲੀਆਂ ਬਿਜਲੀ ਦੀਆਂ ਨਾਲ ਟਕਰਾ ਜਾਣ ’ਤੇ ਕੋਈ ਹਾਦਸਾ ਨਾ ਵਾਪਰ ਜਾਵੇ, ਪਰ ਬਾਅਦ ਵਿੱਚ ਇਹ ਸਵਿੱਚ ਲਗਾ ਕੇ ਨਹੀਂ ਜਾਂਦੇ। ਉਨ੍ਹਾਂ ਕਿਹਾ ਕਿ ਬਿਜਲੀ ਸਪਲਾਈ ਬੰਦ ਹੋਣ ਕਾਰਨ ਤੇ ਗਰਮੀ ਦਾ ਮੌਸਮ ਵਿੱਚ ਉਨ੍ਹਾਂ ਦੇ ਪਰਿਵਾਰ ਸਾਰੀ ਰਾਤ ਪ੍ਰੇਸ਼ਾਨ ਹੁੰਦੇ ਹਨ।
ਇਸ ਸਬੰਧੀ ਪਾਵਰਕੌਮ ਸੁਨਾਮ ਸ਼ਹਿਰੀ ਦੇ ਐੱਸਡੀਓ ਚਮਕੌਰ ਸਿੰਘ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੁਣੇ ਹੀ ਲਿਆਂਦਾ ਗਿਆ ਹੈ। ਉਨ੍ਹਾਂ ਕਿਹਾ ਕਿ ਮਸਲੇ ਦੇ ਠੋਸ ਹੱਲ ਲਈ ਇਸ ਥਾਂ ’ਤੇ ਬਿਜਲੀ ਦਾ ਇੱਕ ਹੋਰ ਖੰਭਾ ਲਗਾਇਆ ਜਾ ਰਿਹਾ ਹੈ।