ਸ਼ਾਮਦੋ ਵਿੱਚ ਸੜਕ ’ਤੇ ਖੜ੍ਹਦੇ ਪਾਣੀ ਕਾਰਨ ਲੋਕ ਪ੍ਰੇਸ਼ਾਨ
ਚਾਰ ਸਾਲ ਤੋਂ ਲਟਕ ਰਿਹੈ ਨਿਕਾਸੀ ਦਾ ਮਾਮਲਾ; ਸਕੂਲੀ ਬੱਚੇ ਵੀ ਖੁਆਰ
ਰਾਜਪੁਰਾ-ਚੰਡੀਗੜ੍ਹ ਰੋਡ ’ਤੇ ਸਥਿਤ ਪਿੰਡ ਸ਼ਾਮਦੋ ਅਤੇ ਸ਼ਾਮਦੋ ਕੈਂਪ ਦੀ ਸੜਕ ਉੱਤੇ ਖੜ੍ਹਦੇ ਗੰਦੇ ਪਾਣੀ ਕਾਰਨ ਲੋਕ ਪ੍ਰੇਸ਼ਾਨ ਹਨ। ਇਥੇ ਨਿਕਾਸੀ ਦਾ ਮਸਲਾ ਪਿਛਲੇ ਚਾਰ ਸਾਲਾਂ ਤੋਂ ਲਟਕਿਆ ਹੋਇਆ ਹੈ। ਨਵੀਂ ਸਰਕਾਰ ਦੇ ਸਾਢੇ ਤਿੰਨ ਸਾਲ ਦੇ ਕਾਰਜਕਾਲ ਦੌਰਾਨ ਵੀ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਨਿਕਲ ਸਕਿਆ। ਇਸ ਕਾਰਨ ਲੋਕਾਂ ਵਿਚ ਸਰਕਾਰ ਪ੍ਰਤੀ ਰੋਸ ਹੈ। ਪਿੰਡ ਵਾਸੀਆਂ ਮੁਤਾਬਕ ਕਰੀਬ ਇੱਕ ਕਿੱਲੋਮੀਟਰ ਲੰਬੀ ਸੜਕ ਉੱਤੇ ਵੱਡੇ ਟੋਏ ਬਣ ਚੁੱਕੇ ਹਨ। ਬਦਬੂ ਕਾਰਨ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਕੂਲ ਜਾਣ ਵਾਲੇ ਬੱਚੇ ਹਰ ਰੋਜ਼ ਗੰਦੇ ਪਾਣੀ ਵਿੱਚੋਂ ਲੰਘ ਕੇ ਵਰਦੀ ਗੰਦੀ ਕਰ ਲੈਂਦੇ ਹਨ, ਜਿਸ ਨਾਲ ਮਾਪਿਆਂ ਵਿੱਚ ਵੀ ਗ਼ੁੱਸਾ ਹੈ। ਪਿੰਡ ਸ਼ਾਮਦੋ ਦੇ ਵਸਨੀਕਾਂ ਨੇ ਦੱਸਿਆ ਕਿ ਉਹ ਕਈ ਵਾਰ ਬੀ ਡੀ ਪੀ ਓ ਰਾਜਪੁਰਾ ਅਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਮਿਲ ਚੁੱਕੇ ਹਨ, ਪਰ ਹਰੇਕ ਵਾਰ ਨਿਰਾਸ਼ਾ ਹੀ ਹੱਥ ਲੱਗੀ। ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਸੜਕ ਟੁੱਟ ਚੁੱਕੀ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਜੇਕਰ 14 ਦਸੰਬਰ ਨੂੰ ਹੋਣ ਜਾ ਰਹੀਆਂ ਬਲਾਕ ਸਮਿਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਤੋਂ ਪਹਿਲਾਂ ਇਹ ਮਸਲਾ ਹੱਲ ਨਾ ਹੋਇਆ ਤਾਂ ਮੌਜੂਦਾ ਸਰਕਾਰ ਨੂੰ ਇਸ ਦਾ ਖ਼ਮਿਆਜ਼ਾ ਭੁਗਤਣਾ ਪੈ ਸਕਦਾ ਹੈ।
ਪਿੰਡ ਦੀ ਸਰਪੰਚ ਜਸਪਾਲ ਕੌਰ ਦੀ ਤਰਫੋਂ ਉਨ੍ਹਾਂ ਦੇ ਪਤੀ ਜ਼ੈਲਦਾਰ ਜਸਵਿੰਦਰ ਸਿੰਘ ਨੇ ਕਿਹਾ ਕਿ ਪਿੰਡ ਸ਼ਾਮਦੋ ਲਈ 5 ਲੱਖ ਅਤੇ ਸ਼ਾਮਦੋ ਕੈਂਪ ਲਈ 3 ਲੱਖ ਰੁਪਏ ਦੀ ਗਰਾਂਟ ਜਾਰੀ ਹੋ ਚੁੱਕੀ ਹੈ ਤੇ ਜਲਦ ਹੀ ਪਾਈਪ ਲਾਈਨ ਵਿਛਾ ਕੇ ਨਿਕਾਸੀ ਦਾ ਸਥਾਈ ਹੱਲ ਕੀਤਾ ਜਾਵੇਗਾ।
ਜ਼ਮੀਨਦੋਜ਼ ਪਾਈਪਾਂ ਪਾਈਆਂ ਜਾਣਗੀਆ: ਬੀ ਡੀ ਪੀਓ
ਰਾਜਪੁਰਾ ਦੇ ਬੀ ਡੀ ਪੀ ਓ ਬਨਦੀਪ ਸਿੰਘ ਨੇ ਕਿਹਾ ਕਿ ਪਿੰਡ ਸ਼ਾਮਦੋ ਅਤੇ ਸ਼ਾਮਦੋ ਕੈਂਪ ਦੀ ਪੰਚਾਇਤ ਨੂੰ ਗੰਦੇ ਪਾਣੀ ਦੀ ਨਿਕਾਸੀ ਸਬੰਧੀ 8 ਲੱਖ ਦੇ ਕਰੀਬ ਫੰਡ ਜਾਰੀ ਹੋ ਚੁੱਕੇ ਹਨ ਜਿਸ ਨਾਲ ਆਉਂਦੇ ਦਿਨਾ ਵਿੱਚ ਸੀਵਰੇਜ ਦੇ ਪਾਣੀ ਦੀ ਨਿਕਾਸੀ ਦੇ ਲਈ ਅੰਡਰਗਰਾਊਂਡ ਪਾਈਪਾਂ ਵਿਛਾ ਦਿੱਤੀਆਂ ਜਾਣਗੀਆਂ।

