ਸਮੇਂ ਸਿਰ ਬੈਂਕ ਨਾ ਖੁੱਲ੍ਹਣ ਕਾਰਨ ਲੋਕ ਪ੍ਰੇਸ਼ਾਨ
ਪੌਣਾ ਘੰਟਾ ਉਡੀਕਦੇ ਰਹੇ ਖਪਤਕਾਰ ਤੇ ਸਟਾਫ; ਲੋਕਾਂ ਨੇ ਮੈਨੇਜਰ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ
ਲਹਿਰਾਗਾਗਾ ਸਥਿਤ ਪੰਜਾਬ ਨੈਸ਼ਨਲ ਬੈਂਕ ਵਿੱਚ ਅੱਜ ਬੈਂਕ ਦੇ ਨਿਰਧਾਰਿਤ ਸਮੇਂ ਸਵੇਰੇ 10 ਵਜੇ ਬੈਂਕ ਨਾ ਖੁੱਲ੍ਹਣ ਕਾਰਨ ਖਪਤਕਾਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਬੈਂਕ ਦੀ ਚਾਬੀ ਮੌਕੇ ’ਤੇ ਉਪਲਬਧ ਨਾ ਹੋਣ ਕਾਰਨ ਬੈਂਕ ਕਰੀਬ 10:45 ਵਜੇ ਖੁੱਲ੍ਹਿਆ। ਇਸ ਦੌਰਾਨ ਖਪਤਕਾਰਾਂ ਦੇ ਨਾਲ-ਨਾਲ ਬੈਂਕ ਦਾ ਸਟਾਫ ਵੀ ਬੈਂਕ ਦੇ ਬਾਹਰ ਖੜ੍ਹਾ ਰਿਹਾ। ਗਰਮੀ ਦੇ ਮੌਸਮ ਵਿੱਚ ਦੂਰ-ਦੁਰਾਡੇ ਪਿੰਡਾਂ ਤੋਂ ਆਏ ਲੋਕਾਂ ਨੂੰ ਲੰਮੇ ਸਮੇਂ ਤੱਕ ਬੈਂਕ ਦੇ ਬਾਹਰ ਉਡੀਕ ਕਰਨੀ ਪਈ, ਜਿਸ ਕਾਰਨ ਉਨ੍ਹਾਂ ਵਿੱਚ ਰੋਸ ਦੇਖਣ ਨੂੰ ਮਿਲਿਆ।
ਖਪਤਕਾਰਾਂ ਨੇ ਦੋਸ਼ ਲਗਾਇਆ ਕਿ ਬੈਂਕ ਦਾ ਸਮੇਂ ਸਿਰ ਨਾ ਖੁੱਲ੍ਹਣਾ ਹਰ ਰੋਜ਼ ਦੀ ਸਮੱਸਿਆ ਬਣ ਚੁੱਕੀ ਹੈ। ਇਸ ਕਾਰਨ ਲੋਕਾਂ ਦਾ ਸਮਾਂ ਬਰਬਾਦ ਹੁੰਦਾ ਹੈ ਅਤੇ ਕਈ ਜ਼ਰੂਰੀ ਕੰਮ ਪ੍ਰਭਾਵਿਤ ਹੁੰਦੇ ਹਨ। ਉਨ੍ਹਾਂ ਮੰਗ ਕੀਤੀ ਕਿ ਬੈਂਕ ਦੀ ਚਾਬੀ ਕਿਸੇ ਸਥਾਨਕ ਸਟਾਫ ਮੈਂਬਰ ਕੋਲ ਹੋਣੀ ਚਾਹੀਦੀ ਹੈ ਤਾਂ ਜੋ ਬੈਂਕ ਹਰ ਰੋਜ਼ ਨਿਰਧਾਰਿਤ ਸਮੇਂ ’ਤੇ ਖੁੱਲ੍ਹ ਸਕੇ। ਖਪਤਕਾਰਾਂ ਨੇ ਇਸ ਮਾਮਲੇ ਵਿੱਚ ਬੈਂਕ ਮੈਨੇਜਰ ਖ਼ਿਲਾਫ਼ ਕਾਰਵਾਈ ਦੀ ਮੰਗ ਵੀ ਕੀਤੀ। ਉੱਥੇ ਹੀ ਬੈਂਕ ਮੈਨੇਜਰ ਨੇ ਬਚਾਅ ਕਰਦਿਆਂ ਦੱਸਿਆ ਕਿ ਬੈਂਕ ਦੀ ਚਾਬੀ ਸੁਨਾਮ ਵਿੱਚ ਤਾਇਨਾਤ ਇੱਕ ਸਟਾਫ ਮੈਂਬਰ ਕੋਲ ਹੁੰਦੀ ਹੈ। ਸਬੰਧਿਤ ਕਰਮਚਾਰੀ ਅੱਜ ਬਿਮਾਰ ਹੋਣ ਕਾਰਨ ਛੁੱਟੀ ’ਤੇ ਸੀ, ਜਿਸ ਕਰ ਕੇ ਬੈਂਕ ਦੇ ਦੋ ਕਰਮਚਾਰੀਆਂ ਨੂੰ ਕਰੀਬ 30 ਕਿਲੋਮੀਟਰ ਦੂਰ ਸੁਨਾਮ ਜਾ ਕੇ ਚਾਬੀ ਲਿਆਉਣੀ ਪਈ। ਇਸੇ ਕਾਰਨ ਬੈਂਕ ਖੁੱਲ੍ਹਣ ਵਿੱਚ ਦੇਰੀ ਹੋਈ। ਬੈਂਕ ਮੈਨਜਰ ਫਿਲਹਾਲ ਇਸ ਘਟਨਾ ਤੋਂ ਬਾਅਦ ਖਪਤਕਾਰਾਂ ਨੇ ਬੈਂਕ ਪ੍ਰਬੰਧਨ ਤੋਂ ਭਵਿੱਖ ਵਿੱਚ ਅਜਿਹੀ ਸਥਿਤੀ ਤੋਂ ਬਚਣ ਲਈ ਪੱਕੇ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ।
