ਸੰਗਰੂਰ ਵਾਲੀ ਕੋਠੀ ’ਚ ਸੁੱਟੀ ਜਾਂਦੀ ਗੰਦਗੀ ਤੋਂ ਲੋਕ ਔਖੇ
ਇਮਾਰਤ ਵਿੱਚ ਸਥਿਤ ਹਨ ਕਈ ਸਰਕਾਰੀ ਦਫ਼ਤਰ; ਬਦਬੂ ਕਾਰਨ ਕੰਮ ਕਰਵਾਉਣ ਲਈ ਆਉਂਦੇ ਲੋਕ ਹੁੰਦੇ ਨੇ ਪ੍ਰੇਸ਼ਾਨ
ਸੰਗਰੂਰ ਵਾਲੀ ਕੋਠੀ ਵਿੱਚ ਸ਼ਹਿਰ ਦੀ ਗੰਦਗੀ ਸੁੱਟਣ ਕਾਰਨ ਲੋਕ ਪ੍ਰੇਸ਼ਾਨ ਹਨ। ਇਸ ਸਬੰਧੀ ਕਿਸਾਨ ਮੁਕਤੀ ਮੋਰਚਾ ਦੇ ਆਗੂ ਕਿਰਪਾਲ ਸਿੰਘ ਰਾਜੋਮਾਜਰਾ, ਧੂਰੀ ਦੇ ਸੀਨੀਅਰ ਸਿਟੀਜ਼ਨ ਦੇਵ ਸ਼ਰਮਾ, ਸਾਧੂ ਸਿੰਘ ਅਤੇ ਹਰਬੰਸ ਸਿੰਘ ਸੋਢੀ ਨੇ ਕਿਹਾ ਕੋਠੀ ਦੀ ਇਮਾਰਤ ਵਿੱਚ ਸ਼ਹਿਰ ਦੀ ਗੰਦਗੀ ਸੁੱਟੀ ਜਾ ਰਹੀ ਹੈ ਜਦਕਿ ਕੋਠੀ ਵਿੱਚ ਡੀ ਐੱਸ ਪੀ ਅਤੇ ਹੋਰ ਸਰਕਾਰੀ ਦਫ਼ਤਰ ਵੀ ਹਨ ਜਿੱਥੇ ਰੋਜ਼ਾਨਾ ਲੋਕ ਆਪਣੀਆਂ ਸਮੱਸਿਆਵਾਂ ਲੈ ਕੇ ਆਉਂਦੇ ਹਨ। ਇਸ ਦੌਰਾਨ ਗੰਦਗੀ ਵਿੱਚੋਂ ਉੱਠਦੀ ਬਦਬੂ ਕਾਰਨ ਉਹ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਦੇ ਹਨ। ਉਨ੍ਹਾਂ ਕਿਹਾ ਇਸ ਕੋਠੀ ਅੰਦਰ ਪ੍ਰਸ਼ਾਸਨ ਵੱਲੋਂ ਟਰੈਫਿਕ ਦੀ ਸਮੱਸਿਆ ਨੂੰ ਹੱਲ ਕਰਨ ਲਈ ਪਾਰਕਿੰਗ ਵੀ ਬਣਾਈ ਹੋਈ ਪਰ ਗੰਦਗੀ ਐਨੀ ਜ਼ਿਆਦਾ ਹੁੰਦੀ ਹੈ ਲੋਕ ਇਸ ਥਾਂ ਦੀ ਵਰਤੋਂ ਨਹੀਂ ਕਰਦੇ ਤੇ ਆਪਣੇ ਵਾਹਨ ਇੱਧਰ-ਉੱਧਰ ਖੜ੍ਹੇ ਕਰਦੇ ਹਨ। ਉਨ੍ਹਾਂ ਕਿਹਾ ਪੁਲੀਸ ਦੇ ਉੱਚ ਅਧਿਕਾਰੀ ਵੀ ਡੀ ਐੱਸ ਪੀ ਧੂਰੀ ਦੇ ਦਫ਼ਤਰ ਆਉਂਦੇ ਹਨ ਪਰ ਫਿਰ ਵੀ ਸਬੰਧਤ ਵਿਭਾਗ ਇਸ ਸਮੱਸਿਆ ਦਾ ਹੱਲ ਨਹੀਂ ਕਰ ਪਾ ਰਿਹਾ। ਉਨ੍ਹਾਂ ਕਿਹਾ ਕਿ ਇਸ ਥਾਂ ’ਤੇ ਗੰਦਗੀ ਨਾ ਸੁੱਟਣ ਲਈ ਵਾਰ-ਵਾਰ ਧੂਰੀ ਦੇ ਕਾਰਜ ਸਾਧਕ ਅਫ਼ਸਰ ਨੂੰ ਜਾਣੂ ਕਰਵਾਇਆ ਗਿਆ ਹੈ ਪਰ ਅੱਜ ਤੱਕ ਇਸ ਦਾ ਹੱਲ ਨਹੀ ਹੋ ਸਕਿਆ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਸ਼ਹਿਰ ਨੂੰ ਹੋਰ ਸੋਹਣਾ ਬਣਾਉਣ ਲਈ ਅਜਿਹੀਆਂ ਸਮੱਸਿਆਵਾਂ ਦਾ ਹੱਲ ਫੌਰਨ ਕੀਤਾ ਜਾਵੇ ਤੇ ਸੰਗਰੂਰ ਵਾਲੀ ਕੋਠੀ ਦੀ ਪੂਰੀ ਤਰ੍ਹਾਂ ਸਫ਼ਾਈ ਕਰਵਾਈ ਜਾਵੇ।
ਸਮੱਸਿਆ ਦਾ ਹੱਲ ਜਲਦ ਕੀਤਾ ਜਾਵੇਗਾ: ਕਾਰਜਸਾਧਕ ਅਫ਼ਸਰ
ਕਾਰਜਸਾਧਕ ਅਫ਼ਸਰ ਗੁਰਿੰਦਰ ਸਿੰਘ ਨੇ ਕਿਹਾ ਕਿ ਇਸ ਥਾਂ ’ਤੇ ਗੰਦਗੀ ਨਾ ਸੁੱਟਣ ਲਈ ਹੁਕਮ ਜਾਰੀ ਕੀਤੇ ਜਾਣਗੇ ਤੇ ਇਸ ਲਈ ਬਦਲਵਾਂ ਪ੍ਰਬੰਧ ਕੀਤਾ ਜਾਵੇਗਾ ਤੇ ਕੋਠੀ ਦੀ ਸਫ਼ਾਈ ਕਰਵਾ ਦਿੱਤੀ ਜਾਵੇਗੀ।

