ਧੂਰੀ ’ਚ ਵਿਕਾਸ ਕਾਰਜਾਂ ’ਚ ਦੇਰੀ ਤੋਂ ਲੋਕ ਖ਼ਫ਼ਾ: ਟੁੱਟੀਆਂ ਟਾਈਲਾਂ ਤੇ ਢੱਕਣ ਬਣ ਰਹੇ ਹਾਦਸਿਆਂ ਦਾ ਕਾਰਨ
ਸ਼ਹਿਰ ਦੇ ਵੱਖ-ਵੱਖ ਕੰਮਾਂ ਨੂੰ ਜਲਦੀ ਕਰਵਾਉਣ ਦੀ ਮੰਗ
ਸ਼ਹਿਰ ਵਿੱਚੋਂ ਲੰਘਦੇ ਰਜਵਾਹੇ ਦੇ ਆਲੇ-ਦੁਆਲੇ ਦੋਵੇਂ ਪਾਸੇ ਸੜਕਾਂ ਦਾ ਕੰਮ ਚੱਲ ਰਿਹਾ ਹੈ, ਪਰ ਇਨ੍ਹਾਂ ਦੋਵੇਂ ਸੜਕਾਂ ਨੂੰ ਬਣਦਿਆਂ ਕਈ ਮਹੀਨੇ ਹੋ ਗਏ ਹਨ। ਸੰਬੰਧਿਤ ਠੇਕੇਦਾਰ ਸੜਕ ਨੂੰ ਵੱਖ-ਵੱਖ ਥਾਵਾਂ ਤੋਂ ਪੁੱਟ ਦਿੰਦਾ ਹੈ, ਪਰ ਉਨ੍ਹਾਂ ਪੁੱਟੇ ਟੋਇਆਂ ਨੂੰ ਠੀਕ ਨਹੀਂ ਕਰਦਾ, ਜਿਸ ਕਾਰਨ ਆਲੇ-ਦੁਆਲੇ ਦੇ ਲੋਕ ਬਹੁਤ ਦੁਖੀ ਹਨ। ਇਹੀ ਕਾਰਨ ਹੈ ਕਿ ਪਿਛਲੇ ਦਿਨੀਂ ਪਈ ਭਾਰੀ ਬਰਸਾਤ ਦਾ ਪਾਣੀ ਪੁੱਟੇ ਟੋਇਆਂ ਕਾਰਨ ਦਰੱਖਤਾਂ ਦੀਆਂ ਜੜ੍ਹਾਂ ਵਿੱਚ ਚਲਾ ਗਿਆ ਅਤੇ ਉਹ ਵਿਸ਼ਾਲ ਦਰੱਖਤ ਟੁੱਟ ਕੇ ਧਰਤੀ ’ਤੇ ਡਿੱਗ ਗਏ, ਜਿਸ ਕਾਰਨ ਵਾਤਾਵਰਨ ਪ੍ਰੇਮੀ ਠੇਕੇਦਾਰ ਤੋਂ ਨਾਰਾਜ਼ ਹਨ। ਲੋਕਾਂ ਦਾ ਕਹਿਣਾ ਹੈ ਕਿ ਇਨ੍ਹਾਂ ਸੜਕਾਂ ਦੇ ਕੰਮ ਵਿੱਚ ਦੇਰੀ ਹੋਣ ਕਾਰਨ ਲੋਕਾਂ ਦੇ ਕੰਮ ਪ੍ਰਭਾਵਿਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਸੜਕ ਨੂੰ ਜਲਦੀ ਨਾ ਬਣਾਇਆ ਗਿਆ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।
ਸੀਵਰੇਜ਼ ਦੇ ਢੱਕਣਾਂ ਦੀ ਹਾਲਤ ਤਰਸਯੋਗ
ਇਸੇ ਤਰ੍ਹਾਂ ਮਾਲਵਾ ਖਾਲਸਾ ਸਕੂਲ ਦੇ ਸਾਹਮਣੇ ਬਣੀ ਸੜਕ ਉੱਪਰ ਵੱਡੇ-ਵੱਡੇ ਟੋਏ ਪੈ ਗਏ ਹਨ, ਜੋ ਹਾਦਸਿਆਂ ਦਾ ਕਾਰਨ ਬਣਨ ਲੱਗੇ ਹਨ। ਇਸੇ ਤਰ੍ਹਾਂ ਤਹਿਸੀਲ ਮੁਹੱਲੇ ਦੀਆਂ ਗਲੀਆਂ ਵਿੱਚ ਸੀਵਰੇਜ਼ ਦੇ ਢੱਕਣਾਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ ਅਤੇ ਵਾਰਡ ਨੰਬਰ 4 ਵਿੱਚ ਗੁਰੂ ਘਰ ਦੇ ਸਾਹਮਣੇ ਸੀਵਰੇਜ ਤੇ ਟਾਈਲਾਂ ਟੁੱਟ ਗਈਆਂ ਹਨ। ਪਾਠਸ਼ਾਲਾ ਸਕੂਲ ਤੋਂ ਭਲਵਾਨ ਅੱਡੇ ਨੂੰ ਜਾਂਦੀ ਸੜਕ ਉੱਪਰ ਸੀਵਰੇਜ ਦੇ ਢੱਕਣਾਂ ਦਾ ਬੁਰਾ ਹਾਲ ਹੈ।
ਓਵਰਬ੍ਰਿਜ ਦੇ ਆਲੇ-ਦੁਆਲੇ ਵੀ ਸੜਕਾਂ ਖ਼ਰਾਬ
ਸ਼ਹਿਰ ਦੇ ਨਾਨਕਸਰ ਗੁਰੂ ਘਰ ਕੋਲ ਰਹਿੰਦੇ ਲੋਕਾਂ ਨੇ ਦੱਸਿਆ ਕਿ ਓਵਰਬ੍ਰਿਜ (ਪੁਲ) ਦੇ ਆਲੇ-ਦੁਆਲੇ ਸੜਕਾਂ ਵਿੱਚ ਵੱਡੇ-ਵੱਡੇ ਟੋਏ ਪੈ ਚੁੱਕੇ ਹਨ ਅਤੇ ਸ਼ੇਰਪੁਰ ਨੂੰ ਜਾਂਦੇ ਓਵਰਬ੍ਰਿਜ ਦੇ ਆਲੇ-ਦੁਆਲੇ ਬਣੀ ਸੜਕ ਵੀ ਸਾਂਭ-ਸੰਭਾਲ ਮੰਗਦੀ ਹੈ। ਇਨ੍ਹਾਂ ਸਮੱਸਿਆਵਾਂ ਲਈ ਵੱਖ-ਵੱਖ ਵਾਰਡਾਂ ਦੇ ਲੋਕਾਂ ਨੇ ਮੰਗ ਕੀਤੀ ਹੈ ਕਿ ਇਨ੍ਹਾਂ ਕੰਮਾਂ ਨੂੰ ਜਲਦੀ ਕਰਵਾਇਆ ਜਾਵੇ।
ਇਸ ਸਬੰਧੀ ਕਾਰਜ ਸਾਧਕ ਅਫ਼ਸਰ ਗੁਰਿੰਦਰ ਸਿੰਘ ਨੇ ਕਿਹਾ ਕਿ ਉਹ ਆਪਣੇ ਹੇਠਲੇ ਅਧਿਕਾਰੀਆਂ ਦੀ ਡਿਊਟੀ ਲਗਾਉਣਗੇ ਤਾਂ ਜੋ ਇਹ ਛੋਟੀਆਂ-ਛੋਟੀਆਂ ਮੁਸ਼ਕਲਾਂ ਦਾ ਹੱਲ ਹੋ ਸਕੇ। ਉਨ੍ਹਾਂ ਕਿਹਾ ਕਿ ਕਲਾਕ ਟਾਵਰ ਦੇ ਕੰਮ ਵਿੱਚ ਵੀ ਤੇਜ਼ੀ ਲਿਆਈ ਜਾ ਰਹੀ ਹੈ ਅਤੇ ਠੇਕੇਦਾਰ ਨੂੰ ਮਜ਼ਦੂਰ ਵਧਾਉਣ ਦੀ ਹਦਾਇਤ ਕੀਤੀ ਗਈ ਹੈ।

