#Patran: ਸੜਕ ’ਤੇ ਲਾਸ਼ ਰੱਖ ਕੇ ਆਵਾਜਾਈ ਠੱਪ
ਚੌਥੇ ਦਿਨ ਵੀ ਨਹੀਂ ਹੋਇਆ ਸਸਕਾਰ; ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੱਕ ਧਰਨਾ ਜਾਰੀ ਰੱਖਣ ਦਾ ਐਲਾਨ
ਪਿੰਡ ਹਾਮਝੇੜੀ ਦੇ ਟੈਕਸੀ ਚਾਲਕ ਵੱਲੋਂ ਕੀਤੀ ਗਈ ਖੁਦਕੁਸ਼ੀ ਦਾ ਮਾਮਲਾ ਹੋਰ ਭਖ ਗਿਆ ਹੈ। ਖੁਦਕੁਸ਼ੀ ਤੋਂ ਪਹਿਲਾਂ ਅਪਲੋਡ ਕੀਤੀ ਵੀਡੀਓ ਦੇ ਅਧਾਰ ’ਤੇ ਪੁਲੀਸ ਵੱਲੋਂ ਕੇਸ ਵਿੱਚ ਨਾਮਜ਼ਦ ਮੁਲਜ਼ਮਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਪਿਛਲੇ ਤਿੰਨ ਦਿਨਾਂ ਤੋਂ ਪਿੰਡ ਦੇ ਸਰਕਾਰੀ ਸਕੂਲ ਵਿੱਚ ਲਾਸ਼ ਨੂੰ ਰੱਖ ਕੇ ਬੈਠੇ ਪੀੜਤ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਸੰਘਰਸ਼ ਤੇਜ਼ ਕਰ ਦਿੱਤਾ ਹੈ। ਪੀੜਤ ਪਰਿਵਾਰ ਨੇ ਚੌਥੇ ਦਿਨ ਪਿੰਡ ਦੇ ਬੱਸ ਸਟੈਂਡ ਉੱਤੇ ਮ੍ਰਿਤਕ ਬਲਜਿੰਦਰ ਸਿੰਘ ਦੀ ਲਾਸ਼ ਰੱਖ ਕੇ ਪਾਤੜਾਂ-ਜਾਖਲ ਰੋਡ ਪੂਰੀ ਤਰ੍ਹਾਂ ਜਾਮ ਕਰਕੇ ਅਣਮਿੱਥੇ ਸਮੇਂ ਦਾ ਧਰਨਾ ਸ਼ੁਰੂ ਕਰ ਦਿੱਤਾ ਹੈ।
ਡੀ ਐੱਸ ਪੀ (ਪਾਤੜਾਂ) ਇੰਦਰਪਾਲ ਸਿੰਘ ਚੌਹਾਨ ਅਤੇ ਥਾਣਾ ਮੁਖੀ (ਪਾਤੜਾਂ) ਹਰਪ੍ਰੀਤ ਸਿੰਘ ਨੇ ਧਰਨਾਕਾਰੀਆਂ ਨੂੰ ਸ਼ਾਂਤ ਕਰਦਿਆਂ ਪਰਚੇ ਵਿੱਚ ਨਾਮਜ਼ਦ ਵਿਅਕਤੀਆਂ ਦੀ ਗ੍ਰਿਫਤਾਰੀ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਸਬੰਧੀ ਦੱਸਿਆ ਪਰ ਪ੍ਰਦਰਸ਼ਨਕਾਰੀ ਮੁਲਜ਼ਮਾਂ ਦੀ ਗ੍ਰਿਫਤਾਰੀ ਨਾ ਹੋਣ ਤੱਕ ਸਸਕਾਰ ਨਾ ਕਰਨ ਦੀ ਜ਼ਿੱਦ ਉੱਤੇ ਅੜੇ ਰਹੇ। ਇਸ ਦੇ ਚਲਦਿਆਂ ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਪਹੁੰਚ ਕੇ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕਰਦਿਆਂ ਸੰਘਰਸ਼ ਵਿੱਚ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ ਹੈ।
ਹਲਕਾ ਸ਼ੁਤਰਾਣਾ ਦੇ ਲੋਕ ਆਗੂ ਡਾ. ਜਤਿੰਦਰ ਸਿੰਘ ਮੱਟੂ, ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਭਗਵੰਤ ਸਿੰਘ ਸ਼ੁਤਰਾਣਾ, ਭੀਮ ਆਰਮੀ ਦੇ ਆਗੂ ਡਾਕਟਰ ਗੁਰਸੇਵਕ ਸਿੰਘ ਅਤੇ ਗੁਰਮੇਲ ਸਿੰਘ ਘੱਗਾ ਨੇ ਭਾਰਤੀ ਕਾਨੂੰਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਚਾਰ ਦਿਨ ਬੀਤ ਜਾਣ ਦੇ ਬਾਵਜੂਦ ਬਲਜਿੰਦਰ ਸਿੰਘ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਵਾਲੇ ਲੋਕਾਂ ਨੂੰ ਅਜੇ ਤੱਕ ਗ੍ਰਿਫਤਾਰ ਕਰਨ ’ਚ ਪਾਤੜਾਂ ਪੁਲੀਸ ਅਸਮਰੱਥ ਹੈ। ਪ੍ਰਦਰਸ਼ਨਕਾਰੀਆਂ ਪਲੀਸ ਅਤੇ ਹਲਕਾ ਵਿਧਾਇਕ ਨੂੰ ਅਪੀਲ ਕੀਤੀ ਕਿ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਸਸਕਾਰ ਲਈ ਰਾਹ ਪੱਧਰਾ ਕੀਤਾ ਜਾਵੇ।
ਮ੍ਰਿਤਕ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ 16 ਮੈਂਬਰੀ ਐਕਸ਼ਨ ਕਮੇਟੀ ਦਾ ਗਠਨ ਕੀਤਾ ਗਿਆ ਹੈ। ਆਗੂਆਂ ਕਿਹਾ ਕਿ ਜਿੰਨੀ ਦੇਰ ਤੱਕ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਹੀਂ ਹੁੰਦੀ, ਉਨੀ ਦੇਰ ਤੱਕ ਧਰਨਾ ਜਾਰੀ ਰਹੇਗਾ।
ਡੀ ਐੱਸ ਪੀ ਪਾਤੜਾਂ ਇੰਦਰਪਾਲ ਸਿੰਘ ਚੌਹਾਨ ਨੇ ਦੱਸਿਆ ਕਿ ਪਾਤੜਾਂ ਪੁਲੀਸ ਨੇ ਪੰਜ ਵਿਅਕਤੀਆਂ ਨੂੰ ਕੇਸ ਵਿੱਚ ਨਾਮਜ਼ਦ ਕੀਤਾ ਹੈ ਜਿਨ੍ਹਾਂ ਵਿੱਚੋਂ ਚਾਰ ਨੂੰ ਗ੍ਰਿਫਤਾਰ ਕਰ ਲਿਆ ਹੈ ਮੁੱਖ ਮੁਲਜ਼ਮ ਦੀਪਕ ਸ਼ਰਮਾ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

