ਮੈਂਗੋ ਮੇਲੇ ’ਚ Patiala Farmers ਦੀ ਬੱਲੇ-ਬੱਲੇ
ਜਪਾਨੀ ਕਿਸਮ ‘ਮੀਆਜਾਕੀ’ ਖਿੱਚ ਦਾ ਕੇਂਦਰ ਰਹੀ; ‘ਆਮ ਕੇਸਰੀ’ ਪੁਰਸਕਾਰ ਮਿਲਿਆ
ਹਰਿਆਣਾ ਟੂਰਿਜ਼ਮ ਅਤੇ ਬਾਗ਼ਬਾਨੀ ਵਿਭਾਗ ਵੱਲੋਂ ਯਾਦਵਿੰਦਰਾ ਗਾਰਡਨ ਪਿੰਜੌਰ ਵਿੱਚ ਕਰਵਾਏ 33ਵੇਂ ਮੈਂਗੋ ਮੇਲੇ (ਅੰਬ ਮੇਲੇ) ਵਿੱਚ ਪਟਿਆਲਾ ਜ਼ਿਲ੍ਹੇ ਦੇ ਬਾਗ਼ਬਾਨਾਂ ਚੜ੍ਹਤ ਰਹੀ। ਇਸ ਤਿੰਨ ਰੋਜ਼ਾ ਮੇਲੇ (10 ਤੋਂ 12 ਜੁਲਾਈ) ਵਿੱਚ ਪਟਿਆਲਾ ਦੇ ਪਿੰਡ ਰੌਂਗਲਾ ਦੇ ਬਾਗ਼ਬਾਨ ਜਸਕਰਨ ਸਿੰਘ ਪੁੱਤਰ ਸੁਖਦੇਵ ਸਿੰਘ ਵੱਲੋਂ ਤਿਆਰ ਜਪਾਨ ਦੀ ਮਸ਼ਹੂਰ ਅੰਬਾਂ ਦੀ ਕਿਸਮ ‘ਮੀਆਜਾਕੀ’ ਪੂਰੇ ਮੇਲੇ ਵਿੱਚ ਮੁੱਖ ਖਿੱਚ ਦਾ ਕੇਂਦਰ ਬਣੀ ਰਹੀ। ਜਸਕਰਨ ਸਿੰਘ ਨੂੰ ਇਸ ਬਿਹਤਰੀਨ ਪ੍ਰਦਰਸ਼ਨ ਲਈ 11,000 ਰੁਪਏ ਦੇ ਨਗਦ ਇਨਾਮ ਅਤੇ ਵੱਕਾਰੀ ‘ਆਮ ਕੇਸਰੀ’ ਪੁਰਸਕਾਰ ਨਾਲ ਨਿਵਾਜਿਆ ਗਿਆ। ਮੇਲੇ ਦੇ ਸਮਾਪਤੀ ਸਮਾਰੋਹ ਦੌਰਾਨ ਹਰਿਆਣਾ ਦੇ ਖੇਤੀਬਾੜੀ ਅਤੇ ਟੂਰਿਜ਼ਮ ਮੰਤਰੀ ਨੇ ਜੇਤੂ ਬਾਗ਼ਬਾਨ ਦਾ ਸਨਮਾਨ ਕੀਤਾ।
ਬਾਗ਼ਬਾਨੀ ਵਿਭਾਗ ਪਟਿਆਲਾ ਦੇ ਡਿਪਟੀ ਡਾਇਰੈਕਟਰ ਡਾ. ਸੰਦੀਪ ਸਿੰਘ ਗਰੇਵਾਲ ਨੇ ਦੱਸਿਆ ਕਿ ਡਾਇਰੈਕਟਰ ਬਾਗ਼ਬਾਨੀ ਪੰਜਾਬ ਡਾ. ਮਨੀਸ਼ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਵਿਭਾਗ ਦੀ ਟੀਮ, ਜਿਸ ਵਿੱਚ ਸਹਾਇਕ ਡਾਇਰੈਕਟਰ ਡਾ. ਹਰਿੰਦਰਪਾਲ ਸਿੰਘ, ਕੈਲਾਸ਼ ਕੁਮਾਰ ਤੇ ਮਲਕੀਤ ਸਿੰਘ (ਬੇਲਦਾਰ) ਸ਼ਾਮਲ ਸਨ, ਨੇ ਜ਼ਿਲ੍ਹੇ ਦੇ ਫਲ ਉਤਪਾਦਕਾਂ ਨੂੰ ਮਿਆਰੀ ਐਂਟਰੀਆਂ ਨਾਲ ਮੇਲੇ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕੀਤਾ ਸੀ।
ਉਨ੍ਹਾਂ ਦੱਸਿਆ ਕਿ ਇਸ ਮੇਲੇ ਵਿੱਚ ਅੰਬਾਂ ਅਤੇ ਉਨ੍ਹਾਂ ਤੋਂ ਬਣੇ ਪਦਾਰਥਾਂ ਦੀਆਂ ਲਗਪਗ 300 ਕਿਸਮਾਂ ਪੇਸ਼ ਕੀਤੀਆਂ ਗਈਆਂ ਸਨ। ਪਟਿਆਲਾ ਜ਼ਿਲ੍ਹੇ ਵਿੱਚ ਵੀ ਦੁਸਹਿਰੀ, ਲੰਗੜਾ, ਚੌਸਾ ਅਤੇ ਅਮਰਪਾਲੀ ਵਰਗੀਆਂ ਮੁੱਖ ਕਿਸਮਾਂ ਦੇ ਅੰਬਾਂ ਦੇ ਬਾਗ਼ ਵੱਡੇ ਰਕਬੇ ਵਿੱਚ ਹਨ। ਮੇਲੇ ਦੌਰਾਨ ਫਲ ਸੁਰੱਖਿਆ ਲੈਬ ਪਟਿਆਲਾ ਵੱਲੋਂ ਤਿਆਰ ਵੱਖ-ਵੱਖ ਪ੍ਰਦਰਸ਼ਨੀ ਸਟਾਲ ਵੀ ਲਾਏ ਗਏ।

