Patiala/malerktla protest: ਕਿਸਾਨਾਂ ਨੇ ਮੰਗਾਂ ’ਤੇ ਸਹਿਮਤੀ ਮਗਰੋਂ ਧਰਨੇ ਚੁੱਕੇ
ਕਿਸਾਨਾਂ ਦੀਆਂ ਕੁਝ ਮੰਗਾਂ ਪ੍ਰਵਾਨ ਤੇ ਕੁਝ ਮੰਨਣ ਦਾ ਭਰੋਸਾ ਮਿਲਿਆ
ਭਾਰਤੀ ਕਿਸਾਨ ਯੂਨੀਅਨ (ਏਕਤਾ)-ਉਗਰਾਹਾਂ ਵੱਲੋਂ ਪਟਿਆਲਾ ਸਕੱਤਰੇਤ ਦੇ ਲਗਾਤਾਰ ਚੱਲ ਰਹੇ ਘਿਰਾਓ ਦੇ ਦੂਜੇ ਦਿਨ ਸਵੇਰੇ ਸਕੱਤਰੇਤ ਦੇ ਸਾਰੇ ਦਫ਼ਤਰਾਂ ਦੇ ਗੇਟ ਪੂਰੀ ਤਰ੍ਹਾਂ ਬੰਦ ਰੱਖੇ ਗਏ। ਇਸ ਮਗਰੋਂ ਜ਼ਿਲ੍ਹਾ ਪ੍ਰਸ਼ਾਸਨ ਤੇ ਸੰਘਰਸ਼ੀ ਧਿਰ ਨਾਲ ਹੋਈ ਗੱਲਬਾਤ ਦੌਰਾਨ ਕੁਝ ਮੰਗਾਂ ਤੇ ਮਸਲੇ ਮੰਨੇ ਜਾਣ ਅਤੇ ਕੁਝ ’ਤੇ ਭਰੋਸਾ ਦੇਣ ਮਗਰੋਂ ਧਰਨਾ ਚੁੱਕਣ ਦਾ ਫੈਸਲਾ ਲਿਆ ਗਿਆ।
ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਜਗਦੀਪ ਸਿੰਘ ਛੰਨਾ ਨੇ ਦੱਸਿਆ ਕਿ ਜਥੇਬੰਦੀ ਦੇ ਸੰਘਰਸ਼ ਨੂੰ ਦੇਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗੱਲਬਾਤ ਦਾ ਸੱਦਾ ਦਿੱਤਾ ਗਿਆ ਸੀ, ਸਾਰਾ ਮਾਮਲਾ ਸੁਖਾਵੇਂ ਮਾਹੌਲ ’ਚ ਸਿਰੇ ਚੜ੍ਹਿਆ।
ਜ਼ਿਲ੍ਹਾ ਜਨਰਲ ਸਕੱਤਰ ਸੁਖਮਿੰਦਰ ਸਿੰਘ ਬਾਰਨ ਨੇ ਦੱਸਿਆ ਕਿ ਸਰਕਟ ਹਾਊਸ ਵਿੱਚ ਡਿਪਟੀ ਕਮਿਸ਼ਨਰ, ਵਧੀਕ ਕਮਿਸ਼ਨਰ, ਜ਼ਿਲ੍ਹਾ ਮਾਲ ਅਫਸਰ, ਐੱਸ ਡੀ ਐੱਮ, ਐੱਸ ਐਸ ਪੀ ਅਤੇ ਹੋਰ ਪੁਲੀਸ ਅਧਿਕਾਰੀਆਂ ਤੇ ਜਥੇਬੰਦੀ ਦੇ ਦਰਜਨ ਦੇ ਕਰੀਬ ਆਗੂਆਂ ਦੀ ਮੀਟਿੰਗ ਹੋਈ। ਉਨ੍ਹਾਂ ਦੱਸਿਆ ਕਿ ਦੋ ਘੰਟੇ ਚੱਲੀ ਮੀਟਿੰਗ ਦੌਰਾਨ ਜ਼ਿਲ੍ਹੇ ਵਿੱਚ ਝੋਨੇ ਦੇ ਬੌਣੇ ਬੂਟੇ ਦੇ ਮੁਆਵਜ਼ੇ ਸਬੰਧੀ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨਾਲ 8 ਤਰੀਕ ਦੀ ਮੀਟਿੰਗ ਤੈਅ ਕਰਵਾਈ ਗਈ। ਇਸ ਤੋਂ ਇਲਾਵਾ ਪਿੰਡ ਰੀਠ ਖੇੜੀ ਤੇ ਨੰਦਪੁਰ ਕੇਸ਼ੋ ਦੀ ਅੱਗ ਦੇ ਮਾਮਲੇ ਵਿੱਚ ਇੱਕ ਹਫ਼ਤੇ ਵਿੱਚ ਮਾਮਲਾ ਹੱਲ ਕਰਨ ਤੇ ਸਹਿਮਤੀ ਬਣੀ, ਬਠੋਈ ਕਲਾਂ ਪਿੰਡ ਦੀ ਜ਼ਮੀਨ ਦੇ ਮਾਮਲੇ ਦਾ ਹੱਲ ਕਰਨ ਲਈ ਕਮੇਟੀ ਕਾਇਮ ਕਰਨ ਦਾ ਭਰੋਸਾ ਦਿਵਾਇਆ ਗਿਆ। ਸ਼ਹੀਦਾਂ ਦੇ ਵਾਰਸਾਂ ਨੂੰ ਨੌਕਰੀਆਂ ਸਬੰਧੀ ਸਾਰੀਆਂ ਫਾਈਲਾਂ 20 ਅਕਤੂਬਰ ਤੱਕ ਸਰਕਾਰ ਤੱਕ ਪੁੱਜਦੀਆਂ ਕੀਤੀਆਂ ਜਾਣਗੀਆਂ।
ਜਥੇਬੰਦੀ ਦੇ ਜ਼ਿਲ੍ਹਾ ਵਿੱਤ ਸਕੱਤਰ ਜਗਮੇਲ ਸਿੰਘ ਗਾਜੇਵਾਸ ਨੇ ਦੱਸਿਆ ਕਿ ਮੀਟਿੰਗ ਦੌਰਾਨ ਕਿਸਾਨਾਂ ਤੇ ਵੱਖ-ਵੱਖ ਸੰਘਰਸ਼ਾਂ ਦੌਰਾਨ ਦਰਜ ਕੀਤੇ ਕੇਸ ਰੱਦ ਕਰਨ ਬਾਰੇ ਵੀ ਭਰੋਸਾ ਦਿੱਤਾ ਗਿਆ। ਇਸ ਤੋਂ ਇਲਾਵਾ ਜ਼ਿਲ੍ਹੇ ਨਾਲ ਸਬੰਧਤ ਹੋਰ ਵੱਖ-ਵੱਖ ਮਸਲਿਆਂ ’ਤੇ ਚਰਚਾ ਹੋਈ ਤੇ ਸਹਿਮਤੀ ਬਣੀ। ਮੀਟਿੰਗ ’ਚ ਜ਼ਿਲ੍ਹਾ ਆਗੂਆਂ ਤੋਂ ਇਲਾਵਾ ਅਵਤਾਰ ਸਿੰਘ ਬੁਰੜ, ਗੁਰਮੁਖ ਸਿੰਘ ਕਲਵਾਣੁ, ਭਰਪੂਰ ਸਿੰਘ ਗਾਜੇਵਾਸ, ਹਰਦੀਪ ਸਿੰਘ ਡਰੌਲੀ, ਬਲਜੀਤ ਸਿੰਘ ਕੁਲੇਮਾਜਰਾ, ਪ੍ਰੇਮ ਲਲੌਛੀ, ਅਵਤਾਰ ਸਿੰਘ ਫੱਗਣਮਾਜਰਾ, ਦਵਿੰਦਰ ਸਿੰਘ ਸੀਲ, ਹਰਮਨਦੀਪ ਸਿੰਘ ਨੰਦਪੁਰ ਕੇਸ਼ੋ ਆਦਿ ਆਗੂ ਸ਼ਾਮਲ ਸਨ। ਮੀਟਿੰਗ ਵੇਲੇ ਸਕੱਤਰੇਤ ਦੇ ਗੇਟ ਅੱਗੇ ਧਰਨੇ ਦੀ ਅਗਵਾਈ ਅਮਰੀਕ ਘੱਗਾ, ਗੁਰਵੀਰ ਸਿੰਘ ਨੰਦਪੁਰ ਕੇਸ਼ੋ, ਵਰਿੰਦਰ ਸਿੰਘ ਕਕਰਾਲਾ ਤੇ ਸੰਘਰਸ਼ੀ ਔਰਤਾਂ ਨੇ ਕੀਤੀ। ਦੇਰ ਸ਼ਾਮ ਕਿਸਾਨ ਵਾਪਸ ਘਰਾਂ ਨੂੰ ਪਰਤ ਗਏ।
ਮਾਲੇਰਕੋਟਲਾ ਦੇ ਡੀ ਸੀ ਦੀ ਕੋਠੀ ਘੇਰੀ; ਮੁੱਖ ਮੰਤਰੀ ਤੇ ਡੀ ਸੀ ਦੇ ਪੁਤਲੇ ਫੂਕੇ
ਮਾਲੇਰਕੋਟਲਾ : ਭਾਰਤੀ ਕਿਸਾਨ ਯੂਨੀਅਨ (ਏਕਤਾ)-ਉਗਰਾਹਾਂ ਦੇ ਵੱਡੀ ਗਿਣਤੀ ਕਿਸਾਨਾਂ ਵੱਲੋਂ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਭੂਦਨ ਦੀ ਅਗਵਾਈ ਹੇਠ ਅੱਜ ਦੂਜੇ ਦਿਨ ਵੀ ਡੀ ਸੀ ਦਫਤਰ ਮਾਲੇਰਕੋਟਲਾ ਦੇ ਸਾਰੇ ਗੇਟ ਬੰਦ ਕਰ ਕੇ ਪ੍ਰਦਰਸ਼ਨ ਕੀਤਾ ਗਿਆ। ਲੰਘੀ ਰਾਤ ਵੀ ਜ਼ਿਲ੍ਹੇ ਭਰ ਤੋਂ ਇਕੱਤਰ ਹੋਈਆਂ ਸੈਂਕੜੇ ਕਿਸਾਨ ਬੀਬੀਆਂ ਨੇ ਡੀ ਸੀ ਦਫਤਰ ਤੋਂ ਰੋਸ ਮਾਰਚ ਕਰਕੇ ਰਾਤ ਭਰ ਡੀ ਸੀ ਦੀ ਸਰਕਾਰੀ ਕੋਠੀ ਘੇਰੀ ਰੱਖੀ ਅਤੇ ਮੁੱਖ ਮੰਤਰੀ ਤੇ ਡੀ ਸੀ ਦੇ ਪੁਤਲੇ ਸਾੜ ਕੇ ਪਿੱਟ ਸਿਆਪਾ ਕੀਤਾ। ਅੱਜ ਦੂਜੇ ਦਿਨ ਡੀ ਸੀ ਦਫਤਰ ਦਾ ਘਿਰਾਓ ਕਰੀ ਬੈਠੇ ਕਿਸਾਨਾਂ ਦਰਮਿਆਨ ਪਹੁੰਚੀ ਐੱਸ ਡੀ ਐੱਮ ਮਾਲੇਰਕੋਟਲਾ ਕਨੂ ਗਰਗ ਵੱਲੋਂ ਬੁੱਧਵਾਰ 7 ਅਕਤੂਬਰ ਨੂੰ ਜਥੇਬੰਦੀ ਦੀ ਡੀ ਸੀ ਨਾਲ ਮੀਟਿੰਗ ਕਰਵਾਉਣ ਦੇ ਦਿੱਤੇ ਭਰੋਸੇ ਪਿੱਛੋਂ ਜਥੇਬੰਦੀ ਨੇ ਧਰਨਾ ਮੁਲਤਵੀ ਕਰ ਦਿੱਤਾ। ਯੂਨੀਅਨ ਉਗਰਾਹਾਂ ਦੇ ਜ਼ਿਲ੍ਹਾ ਆਗੂ ਰਵਿੰਦਰ ਸਿੰਘ ਕਾਸਮਪੁਰ ਨੇ ਦੱਸਿਆ ਕਿ ਐੱਸ ਡੀ ਐੱਮ ਵੱਲੋਂ ਦਿੱਤੇ ਭਰੋਸੇ ਮੁਤਾਬਕ ਜੇਕਰ ਡੀ ਸੀ ਨਾਲ ਮੀਟਿੰਗ ਨਾ ਕਰਵਾਈ ਗਈ ਤਾਂ ਜਥੇਬੰਦੀ ਹੋਰ ਤਿੱਖੇ ਸੰਘਰਸ਼ ਲਈ ਮਜਬੂਰ ਹੋਵੇਗੀ। ਅੱਜ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਭੂਦਨ, ਜ਼ਿਲ੍ਹਾ ਜਨਰਲ ਸਕੱਤਰ ਕੇਵਲ ਸਿੰਘ ਭੜੀ, ਜ਼ਿਲ੍ਹਾ ਆਗੂ ਸਰਬਜੀਤ ਸਿੰਘ ਭੁਰਥਲਾ ਅਤੇ ਗੁਰਮੀਤ ਕੌਰ ਕੁਠਾਲਾ ਆਦਿ ਕਿਸਾਨ ਆਗੂਆਂ ਨੇ ਕਿਹਾ ਕਿ 13 ਕਿਸਾਨ ਮੰਗਾਂ ਲਈ ਲਾਇਆ ਇਹ ਮੋਰਚਾ ਮੁਲਤਵੀ ਕੀਤਾ ਗਿਆ ਹੈ ਪਰ ਖਤਮ ਨਹੀਂ ਕੀਤਾ ਗਿਆ। ਕਿਸਾਨ ਆਗੂਆਂ ਨੇ ਡੀ ਸੀ ਮਾਲੇਰਕੋਟਲਾ ਦੇ ਕਿਸਾਨਾਂ ਪ੍ਰਤੀ ਅੜੀਅਲ ਵਤੀਰੇ ਦੀ ਅਲੋਚਨਾ ਕਰਦਿਆਂ ਕਿਹਾ ਕਿ ਡੀ ਸੀ ਮਾਲੇਰਕੋਟਲਾ ਵੱਲੋਂ ਪਹਿਲਾਂ ਆਪਣੇ ਹੀ ਦਫਤਰੀ ਕਰਮਚਾਰੀਆਂ, ਫਿਰ ਵਕੀਲਾਂ ਤੇ ਪੱਤਰਕਾਰਾਂ ਨਾਲ ਕਥਿਤ ਮਾੜਾ ਵਿਹਾਰ ਕੀਤਾ ਗਿਆ।

