ਪਟਿਆਲਾ: 154 ਉਮੀਦਵਾਰ ਪਿੱਛੇ ਹਟੇ
ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸਮਿਤੀ ਦੀਆਂ 14 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ਸਬੰਧੀ ਅੱਜ ਨਾਮਜ਼ਦਗੀਆਂ ਵਾਪਸ ਲੈਣ ਦੀ ਪ੍ਰ੍ਰਕਿਰਿਆ ਮੁਕੰਮਲ ਹੋਣ ਉਪਰੰਤ ਉਮੀਦਵਾਰਾਂ ਸਬੰਧੀ ਸਥਿਤੀ ਸਪੱਸ਼ਟ ਹੋ ਗਈ ਹੈ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪਟਿਆਲਾ ’ਚ ਜ਼ਿਲ੍ਹਾ ਪਰਿਸ਼ਦ ਦੇ 23 ਜ਼ੋਨ ਹਨ, ਜਦਕਿ ਜ਼ਿਲ੍ਹੇ ਵਿਚਲੀਆਂ 10 ਪੰਚਾਇਤ ਸਮਿਤੀਆਂ ਅਧੀਨ 184 ਜ਼ੋਨ ਆਉਂਦੇ ਹਨ। ਅੱਜ 154 ਨਾਮਜ਼ਦਗੀਆਂ ਵਾਪਸ ਹੋਣ ਨਾਲ ਇਨ੍ਹਾਂ ਦੋਵਾਂ ਵਰਗਾਂ ਦੇ 207 ਜ਼ੋਨ ਲਈ 734 ਉਮੀਦਵਾਰ ਮੈਦਾਨ ’ਚ ਰਹਿ ਗਏ ਹਨ। ਜ਼ਿਲ੍ਹਾ ਪਰਿਸ਼ਦ ਦਾ ਇੱਕ ਜ਼ੋਨ 20 ਤੋਂ 25 ਪਿੰਡ ਜਦਕਿ ਪੰਚਾਇਤ ਸਮਿਤੀ ਦੇ ਇੱਕ ਜ਼ੋਨ ’ਚ 4 ਤੋਂ 7 ਤੱਕ ਪਿੰਡ ਆਉਂਂਦੇ ਹਨ।
ਜ਼ਿਲ੍ਹਾ ਪਰਿਸ਼ਦ ਪਟਿਆਲਾ ਦੇ 23 ਜ਼ੋਨ ਲਈ 4 ਦਸੰਬਰ ਤੱਕ 148 ਨਾਮਜ਼ਦਗੀ ਫਾਰਮ ਭਰੇ ਗਏ ਸਨ ਪਰ 5 ਦਸੰਬਰ ਨੂੰ ਪੰਜ ਨਾਮਜ਼ਦਗੀ ਫਾਰਮ ਰੱਦ ਹੋ ਗਏ ਤੇ ਦਰੁਸਤ ਪਾਈਆਂ ਗਈਆਂ 143 ਨਾਮਜ਼ਦਗੀਆਂ ਵੀ ਅੱਜ 30 ਉਮੀਦਵਾਰਾਂ ਵੱਲੋਂ ਵਾਪਸ ਲੈ ਲਈਆਂ ਗਈਆਂ। ਹੁਣ 113 ਉਮੀਦਵਾਰ ਮੈਦਾਨ ’ਚ ਹਨ। ਇਨ੍ਹਾਂ ਵਿੱਚੋਂ 23 ਜ਼ਿਲ੍ਹਾ ਪਰਿਸ਼ਦ ਮੈਂਬਰ ਬਣਨਗੇ।
10 ਪੰਚਾਇਤ ਸਮਿਤੀਆਂ ਦੇ 184 ਜ਼ੋਨ ਲਈ ਜਿਹੜੇ 755 ਉਮੀਦਵਾਰਾਂ ਦੇ ਪਰਚੇ ਦਰੁਸਤ ਪਾਏ ਗਏ ਸਨ, ਜਿਨ੍ਹਾਂ ਵਿੱਚੋਂ ਅੱਜ 124 ਨੇ ਆਪਣੇ ਫਾਰਮ ਵਾਪਸ ਲੈ ਲਏ। ਇਸ ਤਰ੍ਹਾਂ ਪੰਚਾਇਤ ਸਮਿਤੀਆਂ ਦੇ 184 ਜ਼ੋਨ ਵਿੱਚ ਹੁਣ ਕੁੱਲ 621 ਉਮੀਦਵਾਰ ਮੈਦਾਨ ’ਚ ਹਨ। 16 ਜ਼ੋਨ ਵਾਲੀ ਪਟਿਆਲਾ ਬਲਾਕ ਸਮਿਤੀ ਦੇ 7 ਉਮੀਦਵਾਰਾਂ ਨੇ ਨਾਮਜ਼ਦਗੀਆਂ ਵਾਪਸ ਲਈਆਂ। ਹੁਣ ਇੱਥੇ 53 ਉਮੀਦਵਾਰ ਹਨ। ਜਦਕਿ 15 ਜ਼ੋਨ ’ਤੇ ਆਧਾਰਿਤ ਪੰਚਾਇਤ ਸਮਿਤੀ ਪਟਿਆਲਾ ਦਿਹਾਤੀ ਵਿੱਚੋਂ ਵੀ 13 ਉਮੀਦਵਾਰ ਆਪਣੀ ਨਾਮਜ਼ਦਗੀ ਵਾਪਸ ਲੈ ਲਈ, ਜਿਸ ਕਰਕੇ ਇੱਥੋਂ ਹੁਣ 72 ਉਮੀਦਵਾਰ ਚੋਣ ਲੜਨਗੇ।
ਇਸੇ ਤਰ੍ਹਾਂ 25 ਜ਼ੋਨ ਵਾਲੀ ਪੰਚਾਇਤ ਸਮਿਤੀ ਪਾਤੜਾਂ ਵਿੱਚ ਸਭ ਤੋਂ ਵੱਧ 100 ਉਮੀਦਵਾਰ ਚੋਣ ਲੜ ਰਹੇ ਹਨ। ਭਾਵੇਂ ਬੀਤੇ ਦਿਨ ਤੱਕ ਇਥੋਂ ਦੇ 113 ਉਮੀਦਵਾਰਾਂ ਦੇ ਪਰਚੇ ਦਰੁੱਸਤ ਪਾਏ ਗਏ ਸਨ ਪਰ ਅੱਜ ਇੱਥੋਂ ਦੇ ਵੀ 13 ਉਮੀਦਵਾਰਾਂ ਨੇ ਨਾਮਜ਼ਦਗੀ ਵਾਪਸ ਲੈ ਲਈ। ਬਲਾਕ ਸਮਿਤੀ ਸਮਾਣਾ ਦੇ 15 ਜ਼ੋਨਾਂ ਵਿੱਚ 52 ਉਮੀਦਵਾਰ ਮੈਦਾਨ ’ਚ ਹਨ। ਇੱਥੋਂ ਅੱਜ 16 ਉਮੀਦਵਾਰਾਂ ਨੇ ਨਾਮਜ਼ਦਗੀ ਵਾਪਸ ਲੈ ਲਈ। 16 ਜ਼ੋਨ ਵਾਲੀ ਪੰਚਾਇਤ ਸਮਿਤੀ ਘਨੌਰ ਵਿੱਚੋਂ ਅੱਜ 18 ਨਾਮਜ਼ਦਗੀ ਫਾਰਮ ਵਾਪਸ ਲੈ ਲਏ ਜਾਣ ਉਪਰੰਤ ਹੁਣ ਇੱਥੇ 59 ਉਮੀਦਵਾਰ ਮੈਦਾਨ ’ਚ ਹਨ। ਘਨੌਰ ਵਿਧਾਨ ਸਭਾ ਹਲਕੇ ਦੀ ਸ਼ੰਭੂ ਕਲਾਂ ਪੰਚਾਇਤ ਸਮਿਤੀ ਵਿੱਚ ਸੱਤ ਉਮੀਦਵਾਰਾਂ ਨੇ ਪਰਚੇ ਵਾਪਸ ਲਏ। ਹੁਣ ਇੱਥੇ 62 ਉਮੀਦਵਾਰ ਮੈਦਾਨ ’ਚ ਹਨ। ਸ਼ੰਭੂ ਕਲਾਂ ਵਿੱਚ 19 ਜ਼ੋਨ ਹਨ।
ਇਸੇ ਤਰ੍ਹਾਂ 19 ਜ਼ੋਨ ਵਾਲੀ ਪੰਚਾਇਤ ਸਮਿਤੀ ਸਨੌਰ ਦੇ ਦਰੁਸਤ 53 ਪਰਚਿਆਂ ਵਿੱਚੋਂ ਵੀ ਅੱਜ ਚਾਰ ਉਮੀਦਵਾਰਾਂ ਨੇ ਨਾਮਜ਼ਦਗੀ ਵਾਪਸ ਲੈ ਲਈ। ਹੁਣ ਇੱਥੇ 49 ਉਮੀਦਵਾਰ ਮੈਦਾਨ ’ਚ ਹਨ।
ਇਸੇ ਤਰ੍ਹਾਂ ਪੰਚਾਇਤ ਸਮਿਤੀ ਭੁਨਰਹੇੜੀ 19 ਜ਼ੋਨਾਂ ’ਤੇ ਆਧਾਰਿਤ ਹੈ, ਜਿਸ ਲਈ ਦਰੁਸਤ ਪਾਈਆਂ ਗਈਆਂ 36 ਨਾਮਜ਼ਦਗੀਆਂ ਵਿੱਚੋਂ ਅੱਜ ਤਿੰਨ ਜਣਿਆਂ ਨੇ ਆਪਣੇ ਪਰਚੇ ਵਾਪਸ ਲੈ ਲਏ। ਇਸ ਤਰ੍ਹਾਂ ਹੁਣ ਸਨੌਰ ’ਚ ਚੋਣ ਲੜਨ ਵਾਲੇ ਉਮੀਦਵਾਰਾਂ ਦੀ ਗਿਣਤੀ 33 ਰਹਿ ਗਈ ਹੈ। ਜਦਕਿ ਪੰਚਾਇਤ ਸਮਿਤੀ ਨਾਭਾ ਵਿੱਚ 25 ਜ਼ੋਨ ਹਨ ਤੇ ਇੱਥੇ 83 ਉਮੀਦਵਾਰ ਚੋਣ ਲੜਨਗੇ ਕਿਉਂਕਿ ਇੱਥੋਂ ਦੇ ਵੀ 27 ਉਮੀਦਵਾਰ ਅੱਜ ਨਾਮਜ਼ਦਗੀ ਪੱਤਰ ਵਾਪਸ ਲੈ ਕੇ ਪਿੱਛੇ ਹਟ ਗਏ ਹਨ।
ਹਲਕਾ ਰਾਜਪੁਰਾ ’ਚ ਸਾਰੀਆਂ ਨਾਮਜ਼ਦਗੀਆਂ ਦਰੁਸਤ
ਰਾਜਪੁਰਾ (ਦਰਸ਼ਨ ਸਿੰਘ ਮਿੱਠਾ): ਹਲਕਾ ਰਾਜਪੁਰਾ ਦੇ 15 ਜ਼ੋਨਾਂ ਲਈ ਪੰਚਾਇਤ ਸਮਿਤੀ ਚੋਣਾਂ ਲਈ ਦਾਖਲ ਕੀਤੀਆਂ ਨਾਮਜ਼ਦਗੀਆਂ ਦੀ ਜਾਂਚ ਪੜਤਾਲ ਮੁਕੰਮਲ ਹੋ ਚੁੱਕੀ ਹੈ। ਐੱਸ ਡੀ ਐੱਮ ਕਮ ਰਿਟਰਨਿੰਗ ਅਫ਼ਸਰ ਨਮਨ ਮਾਰਕਨ ਨੇ ਦੱਸਿਆ ਕਿ ਕੁੱਲ 74 ਨਾਮਜ਼ਦਗੀਆਂ ਦਾਖ਼ਲ ਕੀਤੀਆਂ ਗਈਆਂ ਸਨ, ਜਿਨ੍ਹਾਂ ਵਿੱਚੋਂ ਸਾਰੇ ਉਮੀਦਵਾਰਾਂ ਦੇ ਕਾਗ਼ਜ਼ ਸਹੀ ਪਾਏ ਗਏ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਉਨ੍ਹਾਂ ਕੋਲ 43 ਇਤਰਾਜ਼ ਪ੍ਰਾਪਤ ਹੋਏ ਸਨ, ਪਰ ਜਾਂਚ ਕਰਨ ’ਤੇ ਇਹ ਸਾਰੇ ਇਤਰਾਜ਼ ਬਿਨਾਂ ਤੱਥਾਂ ਅਤੇ ਬੇਲੋੜੇ ਪਾਏ ਗਏ। ਰਿਟਰਨਿੰਗ ਅਫ਼ਸਰ ਨੇ ਦੱਸਿਆ ਕਿ ਅੱਜ 74 ਵਿੱਚੋਂ 16 ਉਮੀਦਵਾਰਾਂ ਨੇ ਆਪਣੇ ਕਾਗ਼ਜ਼ ਖ਼ੁਦ ਵਾਪਸ ਲਏ ਹਨ। ਇਸ ਤਹਿਤ ਹੁਣ 58 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਇਨ੍ਹਾਂ ਵਿੱਚ ਆਮ ਆਦਮੀ ਪਾਰਟੀ ਦੇ 15, ਭਾਜਪਾ ਦੇ 15, ਇੰਡੀਅਨ ਨੈਸ਼ਨਲ ਕਾਂਗਰਸ ਦੇ 14, ਸ਼੍ਰੋਮਣੀ ਅਕਾਲੀ ਦਲ ਦੇ 11, ਬਹੁਜਨ ਸਮਾਜ ਪਾਰਟੀ ਦੇ 2 ਅਤੇ ਇੱਕ ਆਜ਼ਾਦ ਉਮੀਦਵਾਰ ਸ਼ਾਮਲ ਹਨ। ਹਲਕਾ ਵਿਧਾਇਕਾ ਨੀਨਾ ਮਿੱਤਲ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਵੱਲੋਂ ਸੋਸ਼ਲ ਮੀਡੀਆ ‘ਤੇ ਗ਼ਲਤ ਅਤੇ ਝੂਠੀਆਂ ਪੋਸਟਾਂ ਪਾਈਆਂ ਜਾ ਰਹੀਆਂ ਸਨ ਕਿ ਰਾਜਪੁਰਾ ਹਲਕੇ ਵਿੱਚ ਧੱਕੇਸ਼ਾਹੀ ਹੋ ਰਹੀ ਹੈ ਅਤੇ ਉਮੀਦਵਾਰਾਂ ਦੇ ਕਾਗ਼ਜ਼ ਰੱਦ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਾਰੇ ਕਾਗ਼ਜ਼ ਸਹੀ ਪਾਏ ਜਾਣ ਨਾਲ ਇਹ ਝੂਠੀਆਂ ਗੱਲਾਂ ਬੇਨਕਾਬ ਹੋ ਗਈਆਂ ਹਨ ਅਤੇ ਵਿਰੋਧੀਆਂ ਨੂੰ ਕਰਾਰਾ ਜਵਾਬ ਮਿਲਿਆ ਹੈ।
ਪੰਚਾਇਤ ਸਮਿਤੀ ਸੁਨਾਮ: ਸੱਤ ਉਮੀਦਵਾਰਾਂ ਦੀ ਨਾਮਜ਼ਦਗੀ ਰੱਦ
ਸੁਨਾਮ ਊਧਮ ਸਿੰਘ ਵਾਲਾ (ਬੀਰ ਇੰਦਰ ਸਿੰਘ ਬਨਭੌਰੀ): ਨਾਮਜ਼ਦਗੀ ਪੱਤਰਾਂ ਦੀ ਪੜਤਾਲ ਦੌਰਾਨ ਅੱਜ ਪੰਚਾਇਤ ਸਮਿਤੀ ਸੁਨਾਮ ਦੇ ਕੁੱਲ 53 ਉਮੀਦਵਾਰਾਂ ਵਿੱਚੋਂ ਸੱਤ ਉਮੀਦਵਾਰਾਂ ਦੇ ਕਾਗਜ਼ ਰੱਦ ਹੋ ਗਏ। ਰਿਟਰਨਿੰਗ ਅਫ਼ਸਰ/ਉਪ ਮੰਡਲ ਮੈਜਿਸਟ੍ਰੇਟ ਸੁਨਾਮ ਪ੍ਰਮੋਦ ਸਿੰਗਲਾ ਨੇ ਦੱਸਿਆ ਕਿ ਪੰਚਾਇਤ ਸਮਿਤੀ ਸੁਨਾਮ ਦੇ 15 ਜ਼ੋਨਾਂ ਲਈ ਕੁੱਲ 53 ਉਮੀਦਵਾਰਾਂ ਨੇ ਨਾਮਜ਼ਦਗੀ ਭਰੀ ਸੀ, ਜਿਨ੍ਹਾਂ ’ਚੋਂ ਜ਼ੋਨ ਨੰਬਰ-1 ਸ਼ੇਰੋਂ ਤੋਂ ਭਾਜਪਾ ਦੇ ਨਛੱਤਰ ਸਿੰਘ ਤੇ ‘ਆਪ’ ਦੇ ਗੁਰਦੀਪ ਸਿੰਘ, ਜ਼ੋਨ-2 ਨਮੋਲ ਜਨਰਲ ਕਾਂਗਰਸ ਦੇ ਕੁਲਦੀਪ ਸਿੰਘ, ਜ਼ੋਨ-3- ਸ਼ਾਹਪੁਰ ਖੁਰਦ ਲਖਮੀਰਵਾਲਾ ਜਨਰਲ ਭਾਜਪਾ ਦੇ ਹਰਜੀਤ ਸਿੰਘ, ਜ਼ੋਨ-4 ਬਿਗੜਵਾਲ ਇਸਤਰੀ ਸ਼੍ਰੋਮਣੀ ਅਕਾਲੀ ਦਲ ਦੀ ਮਨਜੀਤ ਕੌਰ, ਜ਼ੋਨ ਨੰਬਰ-6 ਸਾਹਪੁਰ ਕਲਾਂ ਇਸਤਰੀ ਕਿਰਨਪਾਲ ਕੌਰ, ਜ਼ੋਨ-10 ਚੌਵਾਸ ਇਸਤਰੀ ‘ਆਪ’ ਦੇ ਕੁਲਵਿੰਦਰ ਕੌਰ ਦੀ ਨਾਮਜ਼ਦਗੀ ਰੱਦ ਹੋਈ ਹੈ। ਉਨ੍ਹਾਂ ਕਿਹਾ ਕਿ 46 ਉਮੀਦਵਾਰਾਂ ਦੇ ਕਾਗ਼ਜ਼ ਸਹੀ ਪਾਏ ਗਏ।
