ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 24 ਜੁਲਾਈ
ਮਾਲੇਰਕੋਟਲਾ ਸ਼ਹਿਰ ਅੰਦਰ ਦਿਨ ਵੇਲੇ ਘੁੰਮ ਰਹੇ ਅਤੇ ਰਾਤ ਸਮੇਂ ਲੁਧਿਆਣਾ-ਦਿੱਲੀ ਮੁੱਖ ਸੜਕ ਦੇ ਵਿਚਾਲੇ ਬੈਠਦੇ ਲਾਵਾਰਿਸ ਪਸ਼ੂਆਂ ਦੇ ਝੂੰਡਾਂ ਤੋਂ ਰਾਹਗੀਰ ਪ੍ਰੇਸ਼ਾਨ ਹਨ। ਸਥਾਨਕ ਗੁਰਦੁਆਰਾ ਹਾਅ ਦਾ ਨਾਅਰਾ ਦੀ ਪ੍ਰਬੰਧਕ ਕਮੇਟੀ ਨੇ ਮਾਲੇਰਕੋਟਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮਸਲੇ ਦਾ ਫੌਰੀ ਤੇ ਢੁੱਕਵਾਂ ਹੱਲ ਕੀਤਾ ਜਾਵੇ। ਮਾਲੇਰਕੋਟਲਾ ਦੇ ਗਰੇਵਾਲ ਚੌਕ ਤੋਂ ਟਰੱਕ ਯੂਨੀਅਨ ਚੌਕ ਤੱਕ ਹਨੇਰਾ ਹੁੰਦਿਆਂ ਹੀ ਦਰਜਨਾਂ ਪਸ਼ੂ ਸੜਕ ਦਰਮਿਆਨ ਆ ਬੈਠਦੇ ਹਨ, ਜਿਸ ਕਾਰਨ ਹਰ ਰੋਜ਼ ਸੜਕੀ ਹਾਦਸਾ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ। ਗੁਰਦੁਆਰਾ ਹਾਅ ਦਾ ਨਾਅਰਾ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਗੁਰਮੁੱਖ ਸਿੰਘ ਟਿਵਾਣਾ ਅਤੇ ਮੁੱਖ ਗ੍ਰੰਥੀ ਭਾਈ ਨਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਲਾਵਾਰਿਸ ਪਸ਼ੂ ਜਿਥੇ ਆਵਾਜਾਈ ’ਚ ਵਿਘਨ ਪਾਉਂਦੇ ਹਨ, ਉਥੇ ਬਹੁਤੀ ਵਾਰ ਸੜਕੀ ਦੁਰਘਟਨਾਵਾਂ ਦਾ ਵੀ ਕਾਰਨ ਬਣ ਰਹੇ ਹਨ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਪ੍ਰਬੰਧਕ ਇਹ ਮਸਲਾ ਕਈ ਵਾਰ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆ ਚੁੱਕੇ ਹਨ ਪਰ ਮਸਲੇ ਦਾ ਕੋਈ ਹੱਲ ਨਹੀਂ ਨਿਕਲਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਬੇਸਹਾਰਾ ਪਸ਼ੂਆਂ ਨੂੰ ਗਊਸ਼ਾਲਾ ਜਾਂ ਕਿਸੇ ਵੀ ਹੋਰ ਉੱਚਿਤ ਜਗ੍ਹਾ ਭੇਜ ਕੇ ਕੀਮਤੀ ਮਨੁੱਖੀ ਜਾਨਾਂ ਨੂੰ ਬਚਾਇਆ ਜਾਵੇ। ਇਸ ਮੌਕੇ ਹੋਰਾਂ ਤੋਂ ਇਲਾਵਾ ਭਾਈ ਬਹਾਦਰ ਸਿੰਘ, ਭਾਈ ਕੁਲਵੰਤ ਸਿੰਘ, ਡਾ. ਹਰਮੇਲ ਸਿੰਘ ਕਿਲਾ ਅਤੇ ਭਾਈ ਜਰਨੈਲ ਸਿੰਘ ਮੰਨਵੀਂ ਆਦਿ ਵੀ ਮੌਜੂਦ ਸਨ।
ਉਧਰ,ਗਊਸ਼ਾਲਾ ਕਮੇਟੀ ਦੇ ਪ੍ਰਧਾਨ ਸੁਰਿੰਦਰ ਕੁਮਾਰ ਸਿੰਗਲਾ ਨੇ ਦੱਸਿਆ ਕਿ ਸਥਾਨਕ ਦੋਵੇਂ ਗਊਸ਼ਾਲਾਵਾਂ ’ਚ 700 ਗਊਆਂ ਸੰਭਾਲਣ ਦੀ ਸਮਰੱਥਾ ਹੈ। ਇਸ ਵਕਤ ਦੋਵੇਂ ਗਊਸ਼ਾਲਾਵਾਂ ਵਿੱਚ 900 ਗਊਆਂ ਹਨ।