ਪੰਜਾਬ ਰੋਡਵੇਜ਼ ਪਨਬਸ/ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਪੀ ਆਰ ਟੀ ਸੀ ਕਾਮਿਆਂ ਦੀ ਹੜਤਾਲ ਦੂਜੇ ਦਿਨ ਵੀ ਜਾਰੀ ਹੈ। ਹੜਤਾਲ ਦੇ ਦੂਜੇ ਦਿਨ ਪੀ ਆਰ ਟੀ ਸੀ ਦੇ ਕਾਮੇ ਅੱਜ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਲਈ ਮੁਹਾਲੀ ਪੁੱਜੇ ਹੋਏ ਹਨ। ਹੜਤਾਲ ਕਾਰਨ ਅੱਜ ਵੀ ਰੋਡਵੇਜ਼ ਦੀਆਂ ਲਾਰੀਆਂ ਦੀ ਆਵਾਜਾਈ ਪ੍ਰਭਾਵਿਤ ਰਹੀ ਜਿਸ ਕਾਰਨ ਮੁਸਾਫ਼ਰਾਂ ਨੂੰ ਭਾਰੀ ਖੱਜਲ-ਖ਼ੁਆਰੀ ਦਾ ਸਾਹਮਣਾ ਕਰਨਾ ਪਿਆ।
ਸਥਾਨਕ ਬੱਸ ਅੱਡੇ ਵਿੱਚ ਅੱਜ ਵੱਡੀ ਗਿਣਤੀ ਮੁਸਾਫ਼ਰ ਬੱਸਾਂ ਨੂੰ ਉਡੀਕਦਿਆਂ ਪ੍ਰੇਸ਼ਾਨ ਹੋਏ।
ਯੂਨੀਅਨ ਆਗੂ ਹਰਪ੍ਰੀਤ ਸਿੰਘ ਅਤੇ ਜਤਿੰਦਰ ਸਿੰਘ ਨੇ ਕਿਹਾ ਕਿ ਬੀਤੀ 24 ਜੂਨ ਨੂੰ ਸਰਕਾਰ ਨੇ ਮੀਟਿੰਗ ਵਿੱਚ ਭਰੋਸਾ ਦਿੱਤਾ ਸੀ ਕਿ ਪੀ ਆਰ ਟੀ ਸੀ ਦੇ ਕਾਮਿਆਂ ਨੂੰ ਪੱਕਾ ਕਰਨ ਲਈ ਖਰੜਾ ਤਿਆਰ ਕੀਤਾ ਜਾਵੇਗਾ, ਆਊਟ ਸੋਰਸ ਮੁਲਾਜ਼ਮਾਂ ਨੂੰ ਕੰਟਰੈਕਟ ’ਤੇ ਕਰਨ ਲਈ ਸਮਾਂ ਸੀਮਾ ਤਿੰਨ ਸਾਲ ਕੀਤੀ ਜਾਵੇਗੀ ਅਤੇ ਬਾਕੀ ਮੰਗਾਂ ਦਾ ਹੱਲ ਕੱਢਿਆ ਜਾਵੇਗਾ ਪਰ ਕੁੱਝ ਨਹੀਂ ਕੀਤਾ ਗਿਆ। ਸੱਤਾ ਵਿੱਚ ਆਉਣ ਸਮੇ ਸਰਕਾਰ ਨੇ ਵੱਡੇ ਵਾਅਦੇ ਕੀਤੇ ਸਨ ਕਿ ਕੱਚੇ ਮੁਲਾਜ਼ਮਾਂ ਨੂੰ ਪੱਕੇ ਕੀਤਾ ਜਾਵੇਗਾ ਠੇਕੇਦਾਰੀ ਸਿਸਟਮ ਬੰਦ ਕਰ ਕੇ ਪੂਰੀਆਂ ਤਨਖ਼ਾਹਾਂ ਦਿੱਤੀਆਂ ਜਾਣਗੀਆਂ ਪਰ ਚਾਰ ਸਾਲ ਤੋਂ ਵੱਧ ਸਮਾਂ ਬੀਤਣ ਦੇ ਬਾਵਜੂਦ ਮੀਟਿੰਗਾਂ ਤੋਂ ਇਲਾਵਾ ਕੁਝ ਨਹੀਂ ਕੀਤਾ। ਹੁਣ ਤੱਕ ਸਰਕਾਰ ਨਾਲ ਲਗਭਗ 70 ਮੀਟਿੰਗਾਂ ਹੋ ਚੁੱਕੀਆਂ ਹਨ ਸਰਕਾਰ ਵੱਲੋ ਲਾਰੇ ਤੇ ਲਾਰਾ ਲਾ ਕੇ ਸਮਾਂ ਟਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਕਾਮਿਆਂ ਨੂੰ ਰੈਗੂਲਰ ਕੀਤਾ ਜਾਵੇ, ਆਊਟ ਸੋਰਸ ਨੂੰ ਕੰਟਰੈਕਟ ’ਤੇ ਕੀਤਾ ਜਾਵੇ, ਪੀ ਆਰ ਟੀ ਸੀ ਕਾਮਿਆਂ ਖ਼ਿਲਾਫ਼ ਦਰਜ ਪੁਲੀਸ ਕੇਸ ਤੁਰੰਤ ਵਾਪਸ ਲਏ ਜਾਣ।

